Kapil Sharma ਦੇ KAP's ਕੈਫੇ 'ਤੇ ਫਾਇਰਿੰਗ ਮਾਮਲੇ 'ਚ ਗ੍ਰਿਫ਼ਤਾਰ ਸ਼ੂਟਰ ਬੰਧੂ ਮਾਨ ਸਿੰਘ ਸੇਖੋਂ ਲੁਧਿਆਣਾ 'ਚ ਵੀ ਕਰ ਚੁੱਕਾ ਫਾਇਰਿੰਗ
Ludhiana News : ਲੁਧਿਆਣਾ-ਦਿੱਲੀ ਪੁਲਿਸ ਨੇ ਕਾਮੇਡੀਅਨ ਕਪਿਲ ਸ਼ਰਮਾ ਦੇ ਕੈਨੇਡਾ ਸਥਿਤ 'ਕੈਪਸ ਕੈਫੇ' 'ਤੇ 7 ਅਗਸਤ ਨੂੰ ਹੋਈ ਫਾਇਰਿੰਗ ਦੀ ਘਟਨਾ ਦੇ ਮੁੱਖ ਸਾਜ਼ਿਸ਼ਕਰਤਾ ਬੰਧੂ ਮਾਨ ਸੇਖੋਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਅਨੁਸਾਰ ਆਰੋਪੀ ਬੰਧੂ ਮਾਨ ਸਿੰਘ ਸੇਖੋਂ (28) ਭਾਰਤ ਅਤੇ ਕੈਨੇਡਾ ਵਿੱਚ ਗੋਲਡੀ ਢਿੱਲੋਂ ਗੈਂਗ ਲਈ ਕੰਮ ਕਰਦਾ ਸੀ। ਉਸਨੂੰ 25 ਨਵੰਬਰ ਨੂੰ ਲੁਧਿਆਣਾ 'ਚ ਇੱਕ ਕਾਰਵਾਈ ਦੌਰਾਨ ਗ੍ਰਿਫ਼ਤਾਰ ਕੀਤਾ ਗਿਆ ਸੀ। ਉਸ ਕੋਲੋਂ ਇੱਕ ਚੀਨੀ ਬਣੀ ਅਰਧ-ਆਟੋਮੈਟਿਕ PX-3 ਪਿਸਤੌਲ ਅਤੇ ਅੱਠ ਜ਼ਿੰਦਾ ਕਾਰਤੂਸ ਬਰਾਮਦ ਕੀਤੇ ਗਏ ਸਨ।
2019 ਵਿੱਚ ਲੁਧਿਆਣਾ ਵਿੱਚ ਕੀਤੀ ਸੀ ਫਾਇਰਿੰਗ
ਦੱਸ ਦੇਈਏ ਕਿ ਬੰਧੂ ਮਾਨ ਸੇਖੋਂ ਨੇ ਆਪਣੇ ਸਾਥੀਆਂ ਨਾਲ ਮਿਲ ਕੇ 2019 ਵਿੱਚ ਲੁਧਿਆਣਾ ਦੇ ਜਾਵੜੀ ਕਲਾਂ ਸਥਿਤ ਪੰਜਾਬ ਮਾਤਾ ਨਗਰ ਵਿੱਚ ਸਾਬਕਾ ਕਾਂਗਰਸੀ ਕੌਂਸਲਰ ਸਤਵਿੰਦਰ ਸਿੰਘ ਦੇ ਘਰ ਦੇ ਬਾਹਰ ਕਈ ਗੋਲੀਆਂ ਚਲਾਈਆਂ ਸਨ। ਉਸ ਸਮੇਂ ਹਮਲੇ ਦਾ ਕਾਰਨ ਪੁਰਾਣੀ ਰੰਜਿਸ਼ ਦੱਸੀ ਗਈ ਸੀ। ਬੰਧੂ ਮਾਨ ਨਾਲ ਉਸ ਸਮੇਂ ਜਾਵੜੀ ਕਲਾਂ ਦੇ ਰਹਿਣ ਵਾਲੇ ਅਮਨਦੀਪ ਸਿੰਘ ਉਰਫ਼ ਆਸਾ ਦੇ ਸਬੰਧ ਸਨ। ਬੰਧੂ ਮਾਨ ਨੂੰ ਦੁੱਗਰੀ ਇਲਾਕੇ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ। ਉਹ ਕੁਝ ਮਹੀਨੇ ਪਹਿਲਾਂ ਕੈਨੇਡਾ ਤੋਂ ਵਾਪਸ ਆਇਆ ਸੀ।
ਬੰਧੂ ਨੇ ਸ਼ੂਟਰਾਂ ਨੂੰ ਹਥਿਆਰ ਅਤੇ ਲੌਜਿਸਟਿਕਲ ਮੁਹੱਈਆਂ ਕਰਵਾਏ ਸੀ
ਦਿੱਲੀ ਦੇ ਡੀਸੀਪੀ ਸੰਜੀਵ ਕੁਮਾਰ ਯਾਦਵ ਨੇ ਦੱਸਿਆ ਕਿ ਬੰਧੂ ਮਾਨ ਸੇਖੋਂ ਨੇ ਸ਼ੂਟਰਾਂ ਨੂੰ ਹਥਿਆਰ, ਲੌਜਿਸਟਿਕਲ ਸਹਾਇਤਾ ਅਤੇ ਰਣਨੀਤਕ ਮਦਦ ਮੁਹੱਈਆਂ ਕਰਵਾਈ ਸੀ। ਉਨ੍ਹਾਂ ਅੱਗੇ ਕਿਹਾ ਕਿ ਵਿਦੇਸ਼ੀ ਗੈਂਗਸਟਰਾਂ ਨੇ ਫਿਰੌਤੀ ਅਤੇ ਜਬਰੀ ਵਸੂਲੀ ਲਈ ਇਸ ਸਾਲ ਜੁਲਾਈ ਤੋਂ ਲੈ ਕੇ ਹੁਣ ਤੱਕ ਤਿੰਨ ਵਾਰ (10 ਜੁਲਾਈ, 7 ਅਗਸਤ ਅਤੇ 16 ਅਕਤੂਬਰ) ਰੈਸਟੋਰੈਂਟਾਂ 'ਤੇ ਹਮਲੇ ਕੀਤੇ ਹਨ।
23 ਅਗਸਤ ਨੂੰ ਕੈਨੇਡਾ ਭੱਜ ਗਿਆ ਸੀ ਬੰਧੂ ਮਾਨ ਸੇਖੋਂ
ਪੁਲਿਸ ਦੇ ਅਨੁਸਾਰ ਸੇਖੋਂ 23 ਅਗਸਤ ਨੂੰ ਕੈਨੇਡਾ ਭੱਜ ਗਿਆ ਸੀ ਜਦੋਂ ਸਰੀ ਪੁਲਿਸ ਨੇ ਉਸਦੇ ਕਈ ਸਾਥੀਆਂ ਨੂੰ ਗ੍ਰਿਫ਼ਤਾਰ ਕੀਤਾ ਸੀ। ਦਿੱਲੀ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਉਹ ਲੁਧਿਆਣਾ ਵਿੱਚ ਲੁਕਿਆ ਹੋਇਆ ਹੈ। ਪੁਲਿਸ ਨੇ ਨਿਗਰਾਨੀ ਬਣਾਈ ਰੱਖੀ ਅਤੇ ਉਸਨੂੰ ਗ੍ਰਿਫ਼ਤਾਰ ਕਰ ਲਿਆ। ਉਸਦੀ ਕਾਰ ਵਿੱਚੋਂ ਇੱਕ ਪਿਸਤੌਲ ਬਰਾਮਦ ਕੀਤੀ ਗਈ ਸੀ।
ਜਾਂਚ ਤੋਂ ਪਤਾ ਲੱਗਾ ਕਿ ਸੇਖੋਂ ਸਤੰਬਰ 2023 ਵਿੱਚ ਇੱਕ ਮਾਲਕ-ਸਪਾਂਸਰਡ ਵੀਜ਼ੇ 'ਤੇ ਕੈਨੇਡਾ ਗਿਆ ਸੀ ਅਤੇ ਬਰੈਂਪਟਨ ਵਿੱਚ ਰਹਿ ਰਿਹਾ ਸੀ। ਉੱਥੇ, ਉਹ ਇੱਕ ਫਾਰਮਾਸਿਊਟੀਕਲ ਕੰਪਨੀ ਵਿੱਚ ਸੁਪਰਵਾਈਜ਼ਰੀ ਅਫਸਰ ਵਜੋਂ ਕੰਮ ਕਰ ਰਿਹਾ ਸੀ, ਜਿੱਥੇ ਉਹ ਢਿੱਲੋਂ ਦੇ ਸਾਥੀਆਂ ਦੇ ਸੰਪਰਕ ਵਿੱਚ ਆਇਆ ਅਤੇ ਹੌਲੀ-ਹੌਲੀ ਇਸ ਗਿਰੋਹ ਦਾ ਸਰਗਰਮ ਮੈਂਬਰ ਬਣ ਗਿਆ।
ਪੁਲਿਸ ਨੇ ਦੱਸਿਆ ਕਿ ਬੰਧੂ ਮਾਨ ਸੇਖੋਂ ਪਹਿਲਾਂ ਹੈਰੀ ਚੱਠਾ ਗੈਂਗ ਨਾਲ ਜੁੜਿਆ ਹੋਇਆ ਸੀ, ਜਿਸਦਾ ਆਗੂ ਹੁਣ ਪਾਕਿਸਤਾਨ ਦੀ ਆਈਐਸਆਈ ਨਾਲ ਕੰਮ ਕਰ ਰਿਹਾ ਹੈ ਅਤੇ ਉਸ 'ਤੇ ਕੈਨੇਡਾ ਅਤੇ ਅਮਰੀਕਾ ਵਿੱਚ ਭਾਰਤੀਆਂ ਤੋਂ ਪੈਸੇ ਵਸੂਲਣ ਦਾ ਆਰੋਪ ਹੈ। ਸੇਖੋਂ 'ਤੇ ਕੈਨੇਡਾ ਵਿੱਚ ਗੰਭੀਰ ਆਰੋਪ ਹਨ, ਜਿਸ ਵਿੱਚ ਸਾਜ਼ਿਸ਼ ਰਚਣਾ, ਪਾਬੰਦੀਸ਼ੁਦਾ ਹਥਿਆਰ ਰੱਖਣਾ ਅਤੇ ਅਪਰਾਧ ਤੋਂ ਪ੍ਰਾਪਤ ਜਾਇਦਾਦ 'ਤੇ ਕਬਜ਼ਾ ਕਰਨਾ ਸ਼ਾਮਲ ਹੈ।
ਪੁਲਿਸ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਦੋ ਮੁਲਜ਼ਮਾਂ, ਮਨਦੀਪ ਸਿੰਘ ਅਤੇ ਦਲਵਿੰਦਰ ਕੁਮਾਰ ਨੂੰ ਪਹਿਲਾਂ ਦਿੱਲੀ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ। ਉਨ੍ਹਾਂ ਤੋਂ ਅੱਠ ਵਿਦੇਸ਼ੀ ਪਿਸਤੌਲ ਬਰਾਮਦ ਕੀਤੇ ਗਏ ਸਨ। ਪੁੱਛਗਿੱਛ ਦੌਰਾਨ ਉਨ੍ਹਾਂ ਨੇ ਖੁਲਾਸਾ ਕੀਤਾ ਕਿ ਇੱਕ ਹਥਿਆਰ ਸੇਖੋਂ ਨੂੰ ਦਿੱਤਾ ਗਿਆ ਸੀ।
- PTC NEWS