Barnala Accident News : ਬੇਟੀ ਦਾ ਸ਼ਗਨ ਕਰਨ ਜਾ ਰਹੇ ਪਰਿਵਾਰ ਨਾਲ ਵਾਪਰਿਆ ਭਿਆਨਕ ਹਾਦਸਾ, ਲੜਕੀ ਦੇ ਭਰਾ ਸਮੇਤ 3 ਲੋਕਾਂ ਦੀ ਮੌਤ
Barnala Accident News : ਬਰਨਾਲਾ-ਮੋਗਾ ਹਾਈਵੇਅ 'ਤੇ ਮੱਲੀਆਂ ਟੋਲ ਪਲਾਜ਼ੇ 'ਤੇ ਧੁੰਦ ਕਾਰਨ ਭਿਆਨਕ ਸੜਕ ਹਾਦਸਾ ਵਾਪਰਿਆ ਹੈ। ਜਾਣਕਾਰੀ ਅਨੁਸਾਰ ਤਰਨਤਾਰਨ ਦਾ ਰਹਿਣ ਵਾਲਾ ਇੱਕ ਪਰਿਵਾਰ ਆਪਣੀ ਧੀ ਦਾ ਸ਼ਗਨ ਕਰਨ ਲਈ 2 ਗੱਡੀਆਂ 'ਚ ਸਿਰਸਾ ਜਾ ਰਿਹਾ ਸੀ। ਦੋਵੇਂ ਵਾਹਨ ਟੋਲ ਪਲਾਜ਼ੇ 'ਤੇ ਡਿਵਾਈਡਰ ਨਾਲ ਟਕਰਾ ਗਏ ਅਤੇ ਇੱਕ ਵਾਹਨ ਬੁਰੀ ਤਰ੍ਹਾਂ ਨੁਕਸਾਨਿਆ ਗਿਆ ਹੈ।
ਇਸ ਹਾਦਸੇ 'ਚ ਲੜਕੀ ਦੇ ਭਰਾ ਸਮੇਤ ਤਿੰਨ ਲੋਕਾਂ ਦੀ ਮੌਤ ਹੋ ਗਈ ਅਤੇ ਲੜਕੀ ਸਮੇਤ ਪੰਜ ਹੋਰ ਜ਼ਖਮੀ ਹੋ ਗਏ। ਮ੍ਰਿਤਕਾਂ ਵਿੱਚੋਂ ਇੱਕ ਬੀਐਸਐਫ ਦਾ ਜਵਾਨ ਸੀ, ਜਦੋਂ ਕਿ ਲੜਕੀ ਦਾ ਪੈਰ ਵੀ ਟੁੱਟ ਗਿਆ। ਮ੍ਰਿਤਕਾਂ ਦੀ ਪਛਾਣ ਸੁਨੀਲ ਮਸੀਹ (31), ਅਰਸ਼ਦੀਪ ਮਸੀਹ (21) ਅਤੇ ਅਨੂ (18) ਵਜੋਂ ਹੋਈ ਹੈ।ਜ਼ਖਮੀਆਂ ਨੂੰ ਬਰਨਾਲਾ ਦੇ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।
ਇਸ ਮੌਕੇ ਮ੍ਰਿਤਕ ਜਵਾਨ ਦੇ ਪਿਤਾ ਇਮਾਨਤ ਮਸੀਹ ਨੇ ਦੱਸਿਆ ਕਿ ਉਨ੍ਹਾਂ ਦਾ ਪੁੱਤਰ ਅਤੇ ਭਤੀਜਾ ਆਪਣੀ ਕਾਰ ਵਿੱਚ ਬਾਕੀ ਪਰਿਵਾਰਕ ਮੈਂਬਰਾਂ ਨਾਲ ਆਪਣੀ ਭੈਣ ਦੇ ਸ਼ਗਨ ਵਿੱਚ ਸ਼ਾਮਲ ਹੋਣ ਲਈ ਤਰਨਤਾਰਨ ਤੋਂ ਸਿਰਸਾ ਜਾ ਰਹੇ ਸਨ। ਧੁੰਦ ਕਾਰਨ ਇਹ ਸੜਕ ਹਾਦਸਾ ਹੋਇਆ। ਉਨ੍ਹਾਂ ਦਾ ਪੁੱਤਰ ਫੌਜ ਵਿੱਚ ਸੀ। ਉਹ ਛੁੱਟੀ ਲੈ ਕੇ ਆਪਣੀ ਭੈਣ ਦੇ ਸ਼ਗਨ ਵਿੱਚ ਸ਼ਾਮਲ ਹੋਣ ਲਈ ਆਇਆ ਸੀ। ਅੱਜ ਇਸ ਸੜਕ ਹਾਦਸੇ ਵਿੱਚ ਉਨ੍ਹਾਂ ਦੇ ਪੁੱਤਰ ਅਤੇ ਭਤੀਜੇ ਸਮੇਤ ਤਿੰਨ ਲੋਕਾਂ ਦੀ ਮੌਤ ਹੋ ਗਈ।
ਇਸ ਮੌਕੇ ਮ੍ਰਿਤਕਾਂ ਦੇ ਰਿਸ਼ਤੇਦਾਰ ਦਲਜੀਤ ਸਿੰਘ ਨੇ ਦੱਸਿਆ ਕਿ ਉਹ ਤਰਨਤਾਰਨ ਤੋਂ ਸਨ ਅਤੇ ਲੜਕੀ ਦਾ ਸ਼ਗਨ ਕਰਨ ਲਈ ਦੋ ਕਾਰਾਂ ਵਿੱਚ ਸਿਰਸਾ ਜਾ ਰਹੇ ਸਨ। ਇਹ ਹਾਦਸਾ ਮੱਲੀਆਂ ਟੋਲ ਪਲਾਜ਼ਾ ਨੇੜੇ ਵਾਪਰਿਆ। ਦੋਵੇਂ ਵਾਹਨ ਟੋਲ ਪਲਾਜ਼ਾ ਦੇ ਡਿਵਾਈਡਰ ਨਾਲ ਟਕਰਾ ਗਏ, ਜਿਸ ਕਾਰਨ ਉਨ੍ਹਾਂ ਦੇ ਪੁੱਤਰ ਸੰਦੀਪ ਦੀ ਮੌਕੇ 'ਤੇ ਹੀ ਮੌਤ ਹੋ ਗਈ। ਉਨ੍ਹਾਂ ਕਿਹਾ ਕਿ ਇਹ ਹਾਦਸਾ ਟੋਲ ਪਲਾਜ਼ਾ 'ਤੇ ਧੁੰਦ ਅਤੇ ਲਾਪਰਵਾਹੀ ਕਾਰਨ ਹੋਇਆ, ਕਿਉਂਕਿ ਟੋਲ ਪਲਾਜ਼ਾ ਅਧਿਕਾਰੀਆਂ ਨੇ ਕੋਈ ਸਾਈਨ ਬੋਰਡ ਨਹੀਂ ਲਗਾਏ ਸਨ।
ਇਸ ਮੌਕੇ 'ਤੇ ਥਾਣਾ ਇੰਚਾਰਜ ਬਲਜਿੰਦਰ ਸਿੰਘ ਨੇ ਦੱਸਿਆ ਕਿ ਧੁੰਦ ਕਾਰਨ ਇੱਕ ਸੜਕ ਹਾਦਸਾ ਹੋਇਆ ਹੈ, ਜਿਸ ਵਿੱਚ ਇੱਕੋ ਪਰਿਵਾਰ ਦੇ ਤਿੰਨ ਮੈਂਬਰਾਂ ਦੀ ਮੌਤ ਹੋ ਗਈ ਹੈ। ਪਿੱਛੇ ਤੋਂ ਆ ਰਹੀ ਇੱਕ ਸਕਾਰਪੀਓ ਕਾਰ ਨੇ ਵੀ ਗੱਡੀ ਨੂੰ ਟੱਕਰ ਮਾਰ ਦਿੱਤੀ, ਜਿਸ ਨਾਲ ਤਿੰਨ ਲੋਕ ਗੰਭੀਰ ਜ਼ਖਮੀ ਹੋ ਗਏ। ਇਸ ਸੜਕ ਹਾਦਸੇ ਵਿੱਚ ਤਿੰਨ ਲੋਕਾਂ ਦੀ ਮੌਤ ਹੋ ਗਈ, ਜਦੋਂ ਕਿ ਦੋਵਾਂ ਵਾਹਨਾਂ ਵਿੱਚ ਸਵਾਰ ਪੰਜ ਲੋਕ ਗੰਭੀਰ ਜ਼ਖਮੀ ਹੋ ਗਏ। ਪੁਲਿਸ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ 'ਤੇ ਕਾਰਵਾਈ ਕਰ ਰਹੀ ਹੈ।
- PTC NEWS