Fri, Apr 19, 2024
Whatsapp

ਕਾਂਗਰਸੀ ਆਗੂ ਕਮਲਨਾਥ ਨੂੰ ਸਨਮਾਨਿਤ ਕਰਨ 'ਤੇ ਭੜਕੇ ਭਾਈ ਮਨਪ੍ਰੀਤ ਸਿੰਘ ਕਾਨਪੁਰੀ, ਕਹੀ ਵੱਡੀ ਗੱਲ

Written by  Jasmeet Singh -- November 10th 2022 02:51 PM -- Updated: November 10th 2022 06:56 PM
ਕਾਂਗਰਸੀ ਆਗੂ ਕਮਲਨਾਥ ਨੂੰ ਸਨਮਾਨਿਤ ਕਰਨ 'ਤੇ ਭੜਕੇ ਭਾਈ ਮਨਪ੍ਰੀਤ ਸਿੰਘ ਕਾਨਪੁਰੀ, ਕਹੀ ਵੱਡੀ ਗੱਲ

ਕਾਂਗਰਸੀ ਆਗੂ ਕਮਲਨਾਥ ਨੂੰ ਸਨਮਾਨਿਤ ਕਰਨ 'ਤੇ ਭੜਕੇ ਭਾਈ ਮਨਪ੍ਰੀਤ ਸਿੰਘ ਕਾਨਪੁਰੀ, ਕਹੀ ਵੱਡੀ ਗੱਲ

 ਇੰਦੌਰ, 10 ਨਵੰਬਰ: ਮੱਧ ਪ੍ਰਦੇਸ਼ ਦੇ ਇੰਦੌਰ 'ਚ ਪ੍ਰਕਾਸ਼ ਪੁਰਬ 'ਤੇ ਹੋਏ ਗੁਰਮਤਿ ਸਮਾਗਮ 'ਚ ਸਾਬਕਾ ਮੁੱਖ ਮੰਤਰੀ ਕਮਲਨਾਥ ਦੇ ਸ਼ਾਮਲ ਹੋਣ ਨੂੰ ਲੈ ਕੇ ਵਿਵਾਦ ਹੋ ਗਿਆ। ਕਮਲਨਾਥ ਨੇ ਕੀਰਤਨ ਪ੍ਰੋਗਰਾਮ ਵਿੱਚ ਪਹੁੰਚ ਕੇ ਮੱਥਾ ਟੇਕਿਆ ਅਤੇ ਅਧਿਕਾਰੀਆਂ ਨੇ ਉਨ੍ਹਾਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ। ਜਿਸ ਦੇ ਵਿਰੋਧ 'ਚ ਕੀਰਤਨ ਪ੍ਰੋਗਰਾਮ ਕਰ ਰਹੇ ਪ੍ਰਸਿੱਧ ਕੀਰਤਨੀਏ ਭਾਈ ਮਨਪ੍ਰੀਤ ਸਿੰਘ ਕਾਨਪੁਰੀ ਪ੍ਰਬੰਧਕਾਂ 'ਤੇ ਭੜਕ ਪਏ ਤੇ ਇੱਥੇ ਤੱਕ ਕਹਿ ਦਿੱਤਾ ਕਿ ਉਹ ਫਿਰ ਕਦੇ ਇੰਦੌਰ ਨਹੀਂ ਆਉਣਗੇ।  ਕਮਲਨਾਥ 'ਤੇ 1984 ਦੌਰਾਨ ਦਿੱਲੀ 'ਚ ਸਿੱਖ ਨਸਲਕੁਸ਼ੀ 'ਚ ਮੁੱਖ ਭੂਮਿਕਾ ਨਿਭਾਉਣ ਦਾ ਇਲਜ਼ਾਮ ਹੈ।

ਖਾਲਸਾ ਕਾਲਜ ਵਿੱਚ ਹੋਏ ਇਸ ਪ੍ਰੋਗਰਾਮ ਦੀ ਇੱਕ ਵੀਡੀਓ ਵਿੱਚ ਕਮਲਨਾਥ ਦੇ ਜਾਣ ਤੋਂ ਕੁੱਝ ਮਿੰਟ ਬਾਅਦ ਕਾਨਪੁਰੀ ਨੂੰ ਇਹ ਕਹਿੰਦੇ ਹੋਏ ਸੁਣਿਆ ਜਾ ਸਕਦਾ ਹੈ, "ਜੇ ਤੁਹਾਡੀ ਜ਼ਮੀਰ ਜ਼ਿੰਦਾ ਹੁੰਦੀ ਤਾਂ ਅਜਿਹਾ ਨਾ ਹੁੰਦਾ।" ਸਪਸ਼ਟ ਕਰਨ ਦੀ ਕੋਸ਼ਿਸ਼ ਕਰਦਿਆਂ ਪ੍ਰਬੰਧਕਾਂ ਵਿੱਚੋਂ ਇੱਕ ਨੇ ਕਿਹਾ, “ਅਸੀਂ ਉਨ੍ਹਾਂ ਨੂੰ ਸਿਰੋਪਾ ਨਹੀਂ ਦਿੱਤਾ ਹੈ। ਕੇਵਲ ਯਾਦਗਾਰੀ ਚਿੰਨ੍ਹ ਦਿੱਤਾ ਗਿਆ। ਇਹ ਇੱਥੇ ਦੀ ਪਰੰਪਰਾ ਹੈ।" ਉੱਥੇ ਹੀ ਭਾਈ ਕਾਨਪੁਰੀ ਨੇ ਜਵਾਬ ਦਿੱਤਾ, "ਤੁਸੀਂ ਹੁਣ ਬੋਲ ਰਹੇ ਹੋ। ਤੁਸੀਂ ਪਹਿਲਾਂ ਕਿੱਥੇ ਸੀ? ਦੇਖੋ ਤੁਸੀਂ ਕੀ ਕੀਤਾ ਸੀ। ਮੈਂ ਹੁਣ ਆਪਣਾ ਕੰਮ ਪੂਰਾ ਕਰਨ ਜਾ ਰਿਹਾ ਹਾਂ ਅਤੇ ਫਿਰ ਕਦੇ ਇੰਦੌਰ ਨਹੀਂ ਆਵਾਂਗਾ।"


ਭਾਈ ਮਨਪ੍ਰੀਤ ਸਿੰਘ ਕਾਨਪੁਰੀ ਨੇ ਇਹ ਵੀ ਕਿਹਾ, "ਜੇ ਮੈਂ ਗਲਤ ਹਾਂ ਤਾਂ ਰੱਬ ਮੈਨੂੰ ਸਜ਼ਾ ਦੇਵੇਗਾ। ਜੇ ਤੁਸੀਂ ਗਲਤ ਹੋ ਤਾਂ ਗੁਰੂ ਨਾਨਕ ਦੇਖ ਰਹੇ ਹਨ।" ਇਸ ਉਪਰੰਤ ਪ੍ਰਬੰਧਕਾਂ ਨੇ ਉਨ੍ਹਾਂ ਨੂੰ “ਜੋ ਬੋਲੇ ​​ਸੋ ਨਿਹਾਲ, ਸਤਿ ਸ੍ਰੀ ਅਕਾਲ” ਦੇ ਜੈਕਾਰਿਆਂ ਨਾਲ ਅੱਗੇ ਵਧਣ ਦੀ ਬੇਨਤੀ ਕੀਤੀ। ਕਾਨਪੁਰੀ ਨੇ ਜਵਾਬ ਦਿੱਤਾ ਕਿ "ਮੈਂ ਅਜਿਹਾ ਨਹੀਂ ਕਰਾਂਗਾ। ਤੁਹਾਨੂੰ ਪਹਿਲਾਂ ਜੈਕਾਰਾ ਦਾ ਅਰਥ ਸਮਝਣ ਦੀ ਲੋੜ ਹੈ। ਮੈਂ ਕੇਵਲ ਗੁਰੂ ਨਾਨਕ ਦਾ ਜਾਪ ਕਰਾਂਗਾ।"

ਕਮਲਨਾਥ ਕਰੀਬ 1 ਵਜੇ ਪ੍ਰੋਗਰਾਮ 'ਚ ਪਹੁੰਚੇ ਸਨ। ਦੁਪਹਿਰ 1.15 ਤੋਂ 2.45 ਵਜੇ ਤੱਕ ਕੀਰਤਨ ਹੋਣਾ ਸੀ। ਭਾਈ ਮਨਪ੍ਰੀਤ ਸਿੰਘ ਕਾਨਪੁਰੀ ਦੀ ਅਗਵਾਈ ਵਾਲੇ ਰਾਗੀ ਜਥੇ ਨੂੰ ਜਦੋਂ ਕਮਲਨਾਥ ਦੇ ਆਉਣ ਦੀ ਸੂਚਨਾ ਮਿਲੀ ਤਾਂ ਉਨ੍ਹਾਂ ਨੇ ਹਾਲ ਦੇ ਅੰਦਰ ਜਾਣ ਤੋਂ ਇਨਕਾਰ ਕਰ ਦਿੱਤਾ। ਜਦੋਂ ਬੇਨਤੀ ਕੀਤੀ ਗਈ ਤਾਂ ਉਨ੍ਹਾਂ ਨੇ ਮੰਨ ਲਿਆ ਪਰ ਜਦੋਂ 45 ਮਿੰਟ ਤੱਕ ਚੱਲੇ ਸਮਾਗਮ ਵਿੱਚ ਕਮਲਨਾਥ ਨੂੰ ਸਨਮਾਨਿਤ ਕੀਤਾ ਗਿਆ ਤਾਂ ਉਹ ਆਪਣੀਆਂ ਭਾਵਨਾਵਾਂ ਨੂੰ ਰੋਕ ਨਾ ਸਕੇ 'ਤੇ ਸਟੇਜ ਤੋਂ ਹੀ ਆਪਣੇ ਰੋਸ ਦਾ ਪ੍ਰਗਟਾਵਾ ਕੀਤਾ।

ਜਦੋਂ ਰਾਗੀ ਸਟੇਜ 'ਤੇ ਪੁੱਜੇ ਤਾਂ ਕਮਲਨਾਥ ਉੱਥੋਂ ਚਲੇ ਗਏ ਸਨ ਪਰ ਉਨ੍ਹਾਂ ਨੇ ਕਰੀਬ 45 ਮਿੰਟ ਕੀਰਤਨ ਕਰਨ ਤੋਂ ਪਹਿਲਾਂ ਹੀ ਆਪਣੀ ਨਾਰਾਜ਼ਗੀ ਜ਼ਾਹਰ ਕਰ ਦਿੱਤੀ। ਨਸਲਕੁਸ਼ੀ ਵਿੱਚ ਕਿਸੇ ਭੂਮਿਕਾ ਤੋਂ ਇਨਕਾਰ ਕਰਨ ਵਾਲੇ, ਨਾ ਤਾਂ ਕਮਲਨਾਥ ਨੇ ਅਤੇ ਨਾ ਹੀ ਉਨ੍ਹਾਂ ਦੀ ਪਾਰਟੀ ਨੇ ਇਸ ਵਿਵਾਦ 'ਤੇ ਪ੍ਰਤੀਕਿਰਿਆ ਦਿੱਤੀ। ਹਾਲਾਂਕਿ ਭਾਜਪਾ ਨੇ ਇਸ ਨੂੰ ਲੈ ਕੇ ਕਾਂਗਰਸ 'ਤੇ ਨਿਸ਼ਾਨਾ ਸਾਧਿਆ ਹੈ। ਰਾਜ ਦੇ ਗ੍ਰਹਿ ਮੰਤਰੀ ਨਰੋਤਮ ਮਿਸ਼ਰਾ ਨੇ ਗੁਰੂ ਨਾਨਕ ਦੇਵ ਜੀ ਨੂੰ "ਹਿੰਦੂ ਧਰਮ ਦੀ ਰੱਖਿਆ ਲਈ ਆਪਣਾ ਸਾਰਾ ਜੀਵਨ ਬਤੀਤ ਕਰਨ ਵਾਲਾ" ਕਰਾਰ ਦਿੱਤਾ ਅਤੇ ਕਿਹਾ ਕਿ "ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ 'ਤੇ ਇੰਦੌਰ ਦੇ ਖਾਲਸਾ ਕਾਲਜ ਵਿੱਚ ਜੋ ਹੋਇਆ, ਉਹ ਸ਼ਰਮਨਾਕ ਹੈ।"

ਭਾਜਪਾ ਆਗੂ ਨੇ ਗੁਰਪੁਰਬ ਸਮਾਗਮ ਵਿੱਚ ਕਮਲਨਾਥ ਦੀ ਮੌਜੂਦਗੀ ਦੀ ਤੁਲਨਾ ਹਿੰਦੂ ਮਿਥਿਹਾਸਕ ਸੰਦਰਭਾਂ ਨਾਲ "ਅਸੁਰੀ ਸ਼ਕਤੀ" ਦੇ ਧਾਰਮਿਕ ਸਮਾਗਮਾਂ ਵਿੱਚ ਵਿਘਨ ਪਾਉਣ ਨਾਲ ਕੀਤੀ ਹੈ। ਉਨ੍ਹਾਂ ਕਿਹਾ ਕਿ 1984 ਦੀ ਨਸਲਕੁਸ਼ੀ ਲਈ ਜ਼ਿੰਮੇਵਾਰ ਲੋਕਾਂ ਤੋਂ ਹੋਰ ਕੀ ਉਮੀਦ ਕੀਤੀ ਜਾ ਸਕਦੀ ਹੈ। ਉਨ੍ਹਾਂ ਪ੍ਰਸਿੱਧ ਕੀਰਤਨੀਏ ਭਾਈ ਮਨਪ੍ਰੀਤ ਸਿੰਘ ਕਾਨਪੁਰੀ ਨੂੰ ਵੀ ਅਪੀਲ ਕੀਤੀ ਕਿ ਉਹ ਮੁੜ ਇੰਦੌਰ ਨਾ ਆਉਣ ਦੇ ਆਪਣੇ ਫੈਸਲੇ 'ਤੇ ਮੁੜ ਵਿਚਾਰ ਕਰਨ। ਉਨ੍ਹਾਂ ਕਿਹਾ, "ਇੰਦੌਰ ਦੇ ਇੰਚਾਰਜ ਮੰਤਰੀ ਹੋਣ ਦੇ ਨਾਤੇ ਮੈਂ ਅਪੀਲ ਕਰਦਾ ਹਾਂ ਕਿ ਕੁੱਝ ਲੋਕਾਂ ਦੇ ਮਾੜੇ ਕੰਮਾਂ ਦੀ ਸਜ਼ਾ ਸਾਰਿਆਂ ਨੂੰ ਨਾ ਦਿਓ। ਕੁੱਝ ਲੋਕ ਆਪਣੇ ਪਾਪਾਂ 'ਤੇ ਪਰਦਾ ਪਾਉਣ ਲਈ ਕਿਸੇ ਪ੍ਰੋਗਰਾਮ 'ਚ ਆਏ ਸਨ। ਇਸ 'ਚ ਇੰਦੌਰ ਦਾ ਕੋਈ ਕਸੂਰ ਨਹੀਂ ਹੈ।" 

ਭਾਈ ਮਨਪ੍ਰੀਤ ਸਿੰਘ ਵੱਲੋਂ ਪ੍ਰਬੰਧਕਾਂ ਦੀ ਭੰਡੀਪਟਣ ਦੀ ਵੀਡੀਓ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋਂ ਨੇ ਟਵਿੱਟਰ 'ਤੇ ਸਾਂਝੀ ਕੀਤੀ ਹੈ। ਉਨ੍ਹਾਂ ਨੇ ਰਾਗੀ ਮਨਪ੍ਰੀਤ ਸਿੰਘ ਦੇ ਗੁਰਦੁਆਰਾ ਪ੍ਰਬੰਧਕਾਂ ਦੇ ਖਿਲਾਫ ਸਟੈਂਡ ਦਾ ਸਮਰਥਨ ਵੀ ਕੀਤਾ ਹੈ। ਕਾਹਲੋਂ ਨੇ ਆਪਣੇ ਟਵੀਟ ਵਿੱਚ ਲਿਖਿਆ, “ਮੈਂ ਭਾਈ ਮਨਪ੍ਰੀਤ ਸਿੰਘ ਕਾਨਪੁਰੀ ਜੀ ਦੇ ਇੰਦੌਰ ਦੇ ਗੁਰਦੁਆਰਾ ਪ੍ਰਬੰਧਕ ਖਿਲਾਫ ਉਹਨਾਂ ਦੇ ਸਟੈਂਡ ਦਾ ਸਮਰਥਨ ਕਰਦਾ ਹਾਂ ਜਿਨ੍ਹਾਂ ਨੇ #1984 ਸਿੱਖ ਕਤਲੇਆਮ ਵਿੱਚ ਭੂਮਿਕਾ ਲਈ ਕਥਿਤ ਕਾਂਗਰਸੀ ਆਗੂ #ਕਮਲਨਾਥ ਨੂੰ ਸਮਾਨਿਤ ਕਰਨ ਦਾ ਵਿਰੋਧ ਕੀਤਾ।

1984 ਵਿੱਚ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਵਾਪਰੀ ਸਿੱਖ ਨਸਲਕੁਸ਼ੀ ਦੀ ਘਟਨਾ ਵਿੱਚ ਕਮਲਨਾਥ ਦੀ ਭੂਮਿਕਾ ਦੀ ਜਾਂਚ ਜ਼ਰੂਰ ਕੀਤੀ ਗਈ ਸੀ, ਹਾਲਾਂਕਿ ਉਸ ਵਿਰੁੱਧ ਕੋਈ ਕੇਸ ਦਰਜ ਨਹੀਂ ਕੀਤਾ ਗਿਆ ਸੀ। ਉਸ ਸਮੇਂ ਮੱਧ ਪ੍ਰਦੇਸ਼ ਦੇ ਛਿੰਦਵਾੜਾ ਤੋਂ ਨੌਜਵਾਨ ਸੰਸਦ ਕਮਲਨਾਥ 'ਤੇ ਦਿੱਲੀ ਦੇ ਰਕਾਬ ਗੰਜ ਸਾਹਿਬ ਗੁਰਦੁਆਰੇ 'ਤੇ ਹਮਲੇ ਦੌਰਾਨ ਮੌਜੂਦ ਹੋਣ ਦਾ ਇਲਜ਼ਾਮ ਹੈ।

- PTC NEWS

adv-img

Top News view more...

Latest News view more...