Bhawanigarh News : ਪਿੰਡ ਚੰਨੋਂ ਵਿਖੇ ਪ੍ਰਾਈਵੇਟ ਸਕੂਲ ’ਚ ਪੜ੍ਹਦੇ ਬਾਰਵੀ ਜਮਾਤ ਦੇ ਵਿਦਿਆਰਥੀ ਦੀ ਸੜਕ ਹਾਦਸੇ 'ਚ ਮੌਤ
Bhawanigarh News : ਭਵਾਨੀਗੜ੍ਹ ਦੇ ਨੇੜਲੇ ਪਿੰਡ ਚੰਨੋਂ ਵਿਖੇ ਇਕ ਪ੍ਰਾਈਵੇਟ ਸਕੂਲ ’ਚ ਪੜ੍ਹਦੇ ਬਾਰਵੀ ਜਮਾਤ ਦੇ ਵਿਦਿਆਰਥੀ ਦੇ ਮੋਟਰਸਾਈਕਲ ਨੂੰ ਅੱਜ ਛੁੱਟੀ ਤੋਂ ਬਾਅਦ ਘਰ ਜਾਂਦੇ ਸਮੇਂ ਰਸਤੇ ’ਚ ਕਿਸੇ ਅਣਪਛਾਤੇ ਵਾਹਨ ਨੇ ਟੱਕਰ ਮਾਰ ਦਿੱਤੀ। ਇਸ ਹਾਦਸੇ ’ਚ ਵਿਦਿਆਰਥੀ ਦੀ ਮੌਤ ਹੋ ਗਈ। ਮ੍ਰਿਤਕ ਵਿਦਿਆਰਥੀ ਦੀ ਪਛਾਣ ਸਿਮਰਨ ਸਿੰਘ ਪਿੰਡ ਲਲੋਛੀ (ਸਮਾਣਾ) ਵਜੋਂ ਹੋਈ ਹੈ।
ਜਾਣਕਾਰੀ ਅਨੁਸਾਰ ਸਿਮਰਨ ਸਿੰਘ ਪਿੰਡ ਚੰਨੋਂ ਵਿਖੇ ਸਥਿਤ ਸਟੀਲਮੈਨਜ ਪਬਲਿਕ ਸਕੂਲ ’ਚ 10 2 ’ਚ ਪੜ੍ਹਦਾ ਸੀ ਅਤੇ ਸਮਾਣੇ 'ਚ ਪੈਂਦੇ ਪਿੰਡ ਲਲੋਛੀ ਦਾ ਰਹਿਣ ਵਾਲਾ ਸੀ। ਅੱਜ ਜਦੋਂ ਸਿਮਰਨ ਸਿੰਘ ਸਕੂਲ ’ਚ ਛੂੱਟੀ ਹੋਣ ਬਾਅਦ ਆਪਣੇ ਮੋਟਰਸਾਈਕਲ 'ਤੇ ਘਰ ਵਾਪਸ ਜਾ ਰਿਹਾ ਸੀ ਤਾਂ ਪਿੰਡ ਚੰਨੋਂ ਤੋਂ ਪਿੰਡ ਲਲੋਛੀ ਨੂੰ ਜਾਂਦੀ ਸੜਕ ਉਪਰ ਪਿਛੋਂ ਆਏ ਕਿਸੇ ਤੇਜ਼ ਰਫ਼ਤਾਰ ਅਣਪਛਾਤੇ ਵਾਹਨ ਨੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ।
ਇਸ ਦਰਦਨਾਕ ਹਾਦਸੇ 'ਚ ਵਿਦਿਆਰਥੀ ਸਿਮਰਨ ਸਿੰਘ ਗੰਭੀਰ ਰੂਪ ’ਚ ਜ਼ਖਮੀ ਹੋ ਗਿਆ ਅਤੇ ਉਸਨੂੰ ਇਲਾਜ਼ ਲਈ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਵਿਖੇ ਲਿਜਾਇਆ ਗਿਆ। ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦਿੱਤਾ। ਹਾਦਸੇ ਤੋਂ ਬਾਅਦ ਵਾਹਨ ਚਾਲਕ ਵਾਹਨ ਸਮੇਤ ਮੌਕੇ ਤੋਂ ਫਰਾਰ ਹੋ ਗਿਆ। ਪੁਲਿਸ ਚੌਂਕੀ ਕਾਲਾਝਾੜ ਦੇ ਇੰਚਾਰਜ ਸਹਾਇਕ ਸਬ ਇੰਸਪੈਕਟਰ ਸੁਖਦੇਵ ਸਿੰਘ ਨੇ ਦੱਸਿਆ ਕਿ ਅਣਪਛਾਤੇ ਵਾਹਨ ਚਾਲਕ ਵਿਰੁੱਧ ਮਾਮਲਾ ਦਰਜ ਕਰਕੇ ਵਾਹਨ ਚਾਲਕ ਦਾ ਪਤਾ ਲਗਾਉਣ ਲਈ ਆਲੇ-ਦੁਆਲੇ ਲੱਗੇ ਸੀ.ਸੀ.ਟੀ.ਵੀ ਕੈਮਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ।
- PTC NEWS