Tarn Taran News : AAP ਵਰਕਰਾਂ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ਦੀਆਂ ਫਾਈਲਾਂ ਪਾੜਣ ਦੀ ਬੀਬੀ ਸੁਖਵਿੰਦਰ ਕੌਰ ਰੰਧਾਵਾ ਵੱਲੋਂ ਸਖ਼ਤ ਸ਼ਬਦਾਂ 'ਚ ਨਿੰਦਾ
Tarn Taran News : ਤਰਨਤਾਰਨ ਵਿਖੇ ਆਮ ਆਦਮੀ ਪਾਰਟੀ ਦੇ ਵਰਕਰਾਂ ਵੱਲੋਂ ਹਲਕਾ ਵਿਧਾਇਕ ਹਰਮੀਤ ਸਿੰਘ ਸੰਧੂ ਦੀ ਹਾਜ਼ਰੀ ਵਿੱਚ ਜ਼ਿਲ੍ਹਾ ਪ੍ਰੀਸ਼ਦ ਲਈ ਨਾਮਜ਼ਦਗੀ ਪੱਤਰ ਦਾਖਲ ਕਰਨ ਆਏ ਵਿਰੋਧੀ ਪਾਰਟੀਆਂ ਦੇ ਉਮੀਦਵਾਰਾਂ ਦੀਆਂ ਫਾਈਲਾਂ ਖੋਹ ਕੇ ਪਾੜਣ ਤੋਂ ਬਾਅਦ ਪ੍ਰਿੰਸੀਪਲ ਬੀਬੀ ਸੁਖਵਿੰਦਰ ਕੌਰ ਰੰਧਾਵਾ ਵੱਲੋਂ ਆਪਣੇ ਉਮੀਦਵਾਰਾਂ ਨੂੰ ਨਾਲ ਲੈ ਕੇ ਪ੍ਰੈਸ ਕਾਨਫਰੰਸ ਕੀਤੀ ਗਈ ਹੈ।
ਪ੍ਰਿੰਸੀਪਲ ਬੀਬੀ ਸੁਖਵਿੰਦਰ ਕੌਰ ਰੰਧਾਵਾ ਵੱਲੋਂ ਆਮ ਆਦਮੀ ਪਾਰਟੀ ਦੇ ਵਰਕਰਾਂ ਵੱਲੋਂ ਸ਼੍ਰੋਮਣੀ ਅਕਾਲੀ ਦਲ ਅਤੇ ਵਿਰੋਧੀ ਪਾਰਟੀਆਂ ਦੇ ਉਮੀਦਵਾਰਾਂ ਦੀਆਂ ਫਾਈਲਾਂ ਪਾੜਣ ਦੀ ਸਖਤ ਸ਼ਬਦਾਂ ਵਿੱਚ ਨਿੰਦਾ ਕੀਤੀ ਗਈ ਹੈ। ਬੀਬੀ ਸੁਖਵਿੰਦਰ ਕੌਰ ਰੰਧਾਵਾ ਨੇ ਕਿਹਾ ਕਿ ਮਹਿਲਾ ਉਮੀਦਵਾਰਾਂ ਨਾਲ ਆਮ ਆਦਮੀ ਪਾਰਟੀ ਦੇ ਵਰਕਰਾਂ ਵੱਲੋਂ ਬਦਸਲੂਕੀ ਕੀਤੀ ਗਈ ਹੈ।
ਉਨ੍ਹਾਂ ਕਿਹਾ ਕਿ ਵਿਰੋਧੀ ਪਾਰਟੀਆਂ ਦੇ ਉਮੀਦਵਾਰਾਂ ਨੂੰ ਨਾਮਜ਼ਦਗੀ ਪੱਤਰ ਦਾਖਲ ਕਰਨ ਤੋਂ ਰੋਕਣ ਲਈ ਆਮ ਆਦਮੀ ਪਾਰਟੀ ਵੱਲੋਂ ਵੱਡੀ ਗਿਣਤੀ 'ਚ ਫਰਜ਼ੀ ਲੋਕਾਂ ਨੂੰ ਖਾਲੀ ਫਾਇਲਾਂ ਦੇ ਕੇ ਬਠਾਇਆ ਗਿਆ ਸੀ ਤਾਂ ਜੋ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ਨੂੰ ਦੇਰੀ ਹੋਵੇ। ਸੁਖਵਿੰਦਰ ਕੌਰ ਰੰਧਾਵਾ ਅਤੇ ਅਕਾਲੀ ਆਗੂ ਗੁਰਸੇਵਕ ਸਿੰਘ ਸੇਖ ਨੇ ਕਿਹਾ ਕਿ ਉਹ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਇਸ ਧੱਕੇਸ਼ਾਹੀ ਖ਼ਿਲਾਫ਼ ਹਾਈਕੋਰਟ ਜਾਣਗੇ।
ਅਕਾਲੀ ਆਗੂ ਗੁਰਸੇਵਕ ਸਿੰਘ ਸੇਖ ਨੇ ਕਿਹਾ ਜੇਕਰ ਪਿਛਲੀ ਜ਼ਿਮਨੀ ਚੋਣ 'ਚ ਸਾਡੇ ਨਾਲ ਧੱਕੇਸ਼ਾਹੀ ਨਾ ਹੁੰਦੀ ਤਾਂ ਸ਼੍ਰੋਮਣੀ ਅਕਾਲੀ ਦਲ ਦਾ ਉਮੀਦਵਾਰ ਜਿੱਤ ਕੇ ਨਿਕਲਦਾ। ਬੀਬੀ ਰੰਧਾਵਾ ਦੇ ਨਾਲ ਮੌਜੂਦ ਮਹਿਲਾ ਉਮੀਦਵਾਰ ਨੇ ਕਿਹਾ ਕਿ ਉਸ ਕੋਲੋਂ ਖ਼ੁਦ ਹਲਕਾ ਵਿਧਾਇਕ ਹਰਮੀਤ ਸਿੰਘ ਸੰਧੂ ਵੱਲੋਂ ਫਾਈਲ ਖੋਹੀ ਗਈ ਹੈ।
- PTC NEWS