Bikram Singh Majithia ਵੱਲੋਂ ਪੰਜਾਬੀਆਂ ਨੂੰ ਸੂਬੇ ਨੂੰ ਦਿੱਲੀ ਦੇ ਆਪ ਆਗੂਆਂ ਦੇ ਚੁੰਗਲ ਵਿਚੋਂ ਮੁਕਤ ਕਰਵਾਉਣ ਦਾ ਸੱਦਾ
ਸਾਬਕਾ ਮੰਤਰੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਅੱਜ ਪੰਜਾਬੀਆਂ ਨੂੰ ਸੱਦਾ ਦਿੱਤਾ ਕਿ ਉਹ ਲੋਕ ਲਹਿਰ ਸਿਰਜ ਕੇ ਪੰਜਾਬ ਨੂੰ ਆਮ ਆਦਮੀ ਪਾਰਟੀ (ਆਪ) ਦੇ ਦਿੱਲੀ ਦੇ ਆਗੂਆਂ ਦੇ ਚੁੰਗਲ ਵਿਚੋਂ ਮੁਕਤ ਕਰਵਾਉਣ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਉਹ ਆਪਣੇ ਰਾਜ ਦੀ ਭਲਾਈ ਵਾਸਤੇ ਖੁਦ ਫੈਸਲੇ ਲੈ ਸਕਣ।
ਅਕਾਲੀ ਆਗੂ ਜਿਨ੍ਹਾਂ ਦਾ ਅੱਜ ਨਾਭਾ ਜੇਲ੍ਹ ਵਿਚੋਂ ਰਿਹਾਈ ’ਤੇ ਪੁਲਿਸ ਵੱਲੋਂ ਪਾਰਟੀ ਵਰਕਰਾਂ ਅਤੇ ਸਮਰਥਕਾਂ ਨੂੰ ਜੇਲ੍ਹ ਪਹੁੰਚਣ ਤੋਂ ਰੋਕਣ ਲਈ ਪੂਰੀ ਵਾਹ ਲਗਾਉਣ ਦੇ ਬਾਵਜੂਦ ਲੋਕਾਂ ਨੇ ਨਿੱਘਾ ਸਵਾਗਤ ਕੀਤਾ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਉਹ ਕਿਸਾਨਾਂ, ਨੌਜਵਾਨਾਂ, ਮੁਲਾਜ਼ਮਾਂ ਅਤੇ ਵਪਾਰੀਆਂ ਸਮੇਤ ਸਮੁੱਚੇ ਪੰਜਾਬੀਆਂ ਲਈ ਆਵਾਜ਼ ਬੁਲੰਦ ਕਰਦੇ ਰਹਿਣਗੇ ਅਤੇ ਕਾਨੂੰਨ ਵਿਵਸਥਾ ਸਮੇਤ ਹੋਰ ਮੁੱਦੇ ਰਹਿਣਗੇ ਭਾਵੇਂ ਉਨ੍ਹਾਂ ਖਿਲਾਫ ਜਿੰਨੇ ਮਰਜ਼ੀ ਕੇਸ ਦਰਜ ਹੋ ਜਾਣ।
ਉਹਨਾਂ ਕਿਹਾ ਕਿ ਆਮ ਆਦਮਾ ਪਾਰਟੀ ਸਰਕਾਰ ਤੇ ਮੁੱਖ ਮੰਤਰੀ ਭਗਵੰਤ ਮਾਨ ਉਹਨਾਂ ਨੂੰ ਤੋੜ ਨਹੀਂ ਸਕਦੇ ਕਿਉਂਕਿ ’ਟਾਈਗਰ ਅਭੀ ਜ਼ਿੰਦਾ ਹੈ’। ਇਸ ਦੌਰਾਨ ਲੋਕਾਂ ਨੇ ’ਮਜੀਠੀਆ ਤੇਰੀ ਸੋਚ ’ਤੇ ਪਹਿਰਾ ਦੇਵਾਂਗੇ ਠੋਕ ਕੇ’ ਦੇ ਨਾਅਰੇ ਵੀ ਲਗਾਏ।
ਬਿਕਰਮ ਸਿੰਘ ਮਜੀਠੀਆ ਨੇ ਸੁਪਰੀਮ ਕੋਰਟ ਨੂੰ ਇਹ ਵੀ ਅਪੀਲ ਕੀਤੀ ਕਿ ਉਹ ਦਖਲ ਦੇ ਕੇ ਯੂਪੀਐਸਸੀ ਨੂੰ ਹਦਾਇਤ ਦੇਵੇ ਕਿ ਐਡਹਾਕ ਡੀਜੀਪੀ ਗੌਰਵ ਯਾਦਵ ਨੂੰ ਤੁਰੰਤ ਅਹੁਦੇ ਤੋਂ ਹਟਾਇਆ ਜਾਵੇ ਅਤੇ ਕਿਹਾ ਕਿ ਇਹ ਪੁਲਿਸ ਅਫਸਰ ਆਪਣੇ ਆਕਾ ਅਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ ਨੂੰ ਖੁਸ਼ ਕਰਨ ਲਈ ਕਠਪੁਤਲੀ ਵਾਂਗੂ ਕੰਮ ਕਰ ਰਿਹਾ ਹੈ ਅਤੇ ਜਾਣ ਬੁੱਝ ਕੇ ਸੰਵਿਧਾਨ ਦੀ ਉਲੰਘਣਾ ਕਰ ਰਿਹਾ ਹੈ। ਉਨ੍ਹਾਂ ਨੇ ਇਹ ਵੀ ਮੰਗ ਕੀਤੀ ਕਿ ਡੀਜੀਪੀ ਇਹ ਹਲਫੀਆ ਬਿਆਨ ਦੇਣ ਕਿ ਉਹਨਾਂ ਦੀ ਜਾਨ ਨੂੰ ਕੋਈ ਖ਼ਤਰਾ ਨਹੀਂ ਹੈ ਤੇ ਕਿਹਾ ਕਿ ਜਾਣ ਬੁੱਝ ਕੇ ਅਜਿਹੇ ਹਾਲਾਤ ਪੈਦਾ ਕੀਤੇ ਜਾ ਰਹੇ ਹਨ ਤਾਂ ਜੋ ਉਹਨਾਂ ਨੂੰ ਜਾਨੋਂ ਮਰਵਾਇਆ ਜਾ ਸਕੇ।
ਮਜੀਠੀਆ ਨੇ ਜ਼ੋਰ ਦੇ ਕੇ ਕਿਹਾ ਕਿ ਜੇਕਰ ਭਗਵੰਤ ਮਾਨ ਦਾ ਜ਼ੋਰ ਚਲਦਾ ਤਾਂ ਉਹ ਉਨ੍ਹਾਂ ਨੂੰ ਜੇਲ੍ਹ ਵਿਚ ਹੀ ਮਰਵਾ ਦਿੰਦੇ। ਉਨ੍ਹਾਂ ਕਿਹਾ ਕਿ ਜੇਲ੍ਹ ਵਿਚ ਰਹਿਣ ਦੌਰਾਨ ਉਨ੍ਹਾਂ ਨੂੰ ਆਪਣੇ ਪਰਿਵਾਰਿਕ ਮੈਂਬਰਾਂ ਅਤੇ ਵਕੀਲਾਂ ਨਾਲ ਵੀ ਨਹੀਂ ਮਿਲਣ ਦਿੱਤਾ ਗਿਆ। ਉਹਨਾਂ ਕਿਹਾ ਕਿ ਅਜਿਹਾ ਸਭ ਕੁਝ ਉਹਨਾਂ ਨੂੰ ਮਾਨਸਿਕ ਤੌਰ ’ਤੇ ਤੋੜਨ ਵਾਸਤੇ ਕੀਤਾ ਗਿਆ ਤੇ ਉਹਨਾਂ ਦੇ ਮਨੁੱਖੀ ਅਧਿਕਾਰਾਂ ਦੀ ਵੀ ਉਲੰਘਣਾ ਕੀਤੀ ਗਈ।
ਮਜੀਠੀਆ ਨੇ ਕਿਹਾ ਕਿ ਪਟਿਆਲਾ ਪੁਲਿਸ ਨੇ ਤਾਂ ਰਾਧਾ ਸੁਆਮੀ ਡੇਰਾ ਬਿਆਸ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਦੀ ਸੁਰੱਖਿਆ ਨਾਲ ਵੀ ਸਮਝੌਤਾ ਕੀਤਾ ਅਤੇ ਉਹਨਾਂ ਦੀ ਕਾਰ ਨੂੰ ਇਕ ਫਾਸਲੇ ’ਤੇ ਰੋਕ ਦਿੱਤਾ ਗਿਆ ਜਦੋਂ ਕਿ ਚੋਣਵੇਂ ਪੱਤਰਕਾਰਾਂ ਨੂੰ ਅੱਗੇ ਆਉਣ ਦਿੱਤਾ ਗਿਆ ਜਿਹਨਾਂ ਨੇ ਆਪਣੀ ਮਨਮਰਜ਼ੀ ਦੇ ਸਵਾਲ ਪੁੱਛੇ। ਉਹਨਾਂ ਕਿਹਾ ਕਿ ਉਹ ਬਾਬਾ ਜੀ ਦੇ ਧੰਨਵਾਦੀ ਹਨ ਜਿਹਨਾਂ ਨੇ ਉਹਨਾਂ ’ਤੇ ਰਹਿਮਤ ਬਖਸ਼ਿਸ਼ ਕੀਤੀ ਤੇ ਨਾਲ ਹੀ ਉਹਨਾਂ ਸਾਰੇ ਮਹਾਂਪੁਰਖਾਂ ਦੇ ਵੀ ਰਿਣੀ ਹਨ ਜਿਹਨਾਂ ਨੇ ਇਸ ਔਖੇ ਵੇਲੇ ਉਹਨਾਂ ਨੂੰ ਆਸ਼ੀਰਵਾਦ ਦਿੱਤਾ।
ਅਕਾਲੀ ਆਗੂ ਨੇ ਵੱਖ-ਵੱਖ ਪਾਰਟੀਆਂ ਦੇ ਆਗੂਆਂ ਦਾ ਵੀ ਧੰਨਵਾਦ ਕੀਤਾ ਜੋ ਔਖੇ ਵੇਲੇ ਉਹਨਾਂ ਦੇ ਹੱਕ ਵਿਚ ਡਟੇ ਅਤੇ ਝੂਠੇ ਕੇਸਾਂ ਤੇ ਉਹਨਾਂ ਖਿਲਾਫ ਬਦਲਾਖੋਰੀ ਦੀ ਨਿਖੇਧੀ ਕੀਤੀ ਤੇ ਇਹਨਾਂ ਆਗੂਆਂ ਵਿਚ ਸੁਖਬੀਰ ਸਿੰਘ ਬਾਦਲ, ਹਰਸਿਮਰਤ ਕੌਰ ਬਾਦਲ, ਸੁਖਪਾਲ ਸਿੰਘ ਖਹਿਰਾ, ਕੈਪਟਨ ਅਮਰਿੰਦਰ ਸਿੰਘ, ਸੁਨੀਲ ਜਾਖੜ, ਪ੍ਰਤਾਪ ਸਿੰਘ ਬਾਜਵਾ, ਭਾਰਤ ਭੂਸ਼ਣ ਆਸ਼ੂ ਤੇ ਤਰੁਣ ਚੁੱਘ ਸ਼ਾਮਲ ਹਨ। ਉਹਨਾਂ ਨੇ ਆਪਣੇ ਵਕੀਲਾਂ ਦੇ ਨਾਲ-ਨਾਲ ਆਪਣੀ ਧਰਮ ਪਤਨੀ ਤੇ ਮਜੀਠਾ ਦੇ ਐਮ ਐਲ ਏ ਗਨੀਵ ਕੌਰ ਮਜੀਠੀਆ ਦਾ ਵੀ ਧੰਨਵਾਦ ਕੀਤਾ ਜਿਹਨਾਂ ਨੂੰ ਪੁਲਿਸ ਨੇ ਲਗਾਤਾਰ ਤੰਗ ਪ੍ਰੇਸ਼ਾਨ ਕੀਤਾ ਪਰ ਉਹ ਅਡਿੱਗ ਰਹੇ।
ਮਜੀਠੀਆ ਨੇ ਇਹ ਵੀ ਦੱਸਿਆ ਕਿ ਕਿਵੇਂ ਉਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਤੋਂ ਪ੍ਰੇਰਿਤ ਰਹੇ ਅਤੇ ਕਿਵੇਂ ਉਹਨਾਂ ਆਪਣੀ ’ਹੱਕ ਸੱਚ ਦੀ ਲੜਾਈ’ ਨਿਰੰਤਰ ਲੜੀ। ਉਹਨਾਂ ਕਿਹਾ ਕਿ ਉਹ ਮਜੀਠਾ ਹਲਕੇ ਦੇ ਲੋਕਾਂ ਦੇ ਵੀ ਧੰਨਵਾਦੀ ਹਨ ਜੋ ਦਿਨ ਰਾਤ ਉਹਨਾਂ ਦੀ ਰਿਹਾਈ ਵਾਸਤੇ ਅਰਦਾਸਾਂ ਕਰਦੇ ਰਹੇ।
ਨਾਭਾ ਜੇਲ੍ਹ ਤੋਂ ਰਿਹਾਈ ਉਪਰੰਤ ਮਜੀਠੀਆ ਨੇ ਪਟਿਆਲਾ ਦੇ ਇਤਿਹਾਸਕ ਗੁਰਦੁਆਰਾ ਪਾਤਸ਼ਾਹੀ ਨੌਵੀਂ ਗੁਰਦੁਆਰਾ ਸ੍ਰੀ ਦੂਖ ਨਿਵਾਰਨ ਸਾਹਿਬ ਵਿਖੇ ਨਤਮਤਸਕ ਹੋ ਕੇ ਗੁਰੂ ਸਾਹਿਬ ਦਾ ਸ਼ੁਕਰਾਨਾ ਵੀ ਕੀਤਾ। ਇਸ ਮੌਕੇ ਸਾਬਕਾ ਮੰਤਰੀ ਡਾ. ਦਲਜੀਤ ਸਿੰਘ ਚੀਮਾ, ਵਿਰਸਾ ਸਿੰਘ ਵਲਟੋਹਾ ਤੇ ਹੋਰ ਸੀਨੀਅਰ ਆਗੂ ਵੀ ਮੌਜੂਦ ਸਨ।
ਇਹ ਵੀ ਪੜ੍ਹੋ : Nabha Jail ਤੋਂ ਬਾਹਰ ਆਉਂਦੇ ਗਰਜੇ ਬਿਕਰਮ ਸਿੰਘ ਮਜੀਠੀਆ, ਕਿਹਾ- ਪੰਜਾਬੀ ਕੇਸਾਂ ਤੋਂ ਨਹੀਂ ਡਰਦੇ, ਨਾ ਮਜੀਠੀਆ ਰੁਕੇਗਾ, ਨਾ ਝੁਕੇਗਾ
- PTC NEWS