Banga News : ਭਾਜਪਾ ਦੀ ਸੀਨੀਅਰ ਲੀਡਰਸ਼ਿਪ 22 ਜਨਵਰੀ ਨੂੰ ਰਸੋਖਾਨਾ ਸ੍ਰੀ ਨਾਭ ਕੰਵਲ ਰਾਜਾ ਸਾਹਿਬ ਜੀ (ਬੰਗਾ) ਵਿਖੇ ਹੋਵੇਗੀ ਨਤਮਸਤਕ
Banga News : ਪੰਜਾਬ ਭਾਰਤੀ ਜਨਤਾ ਪਾਰਟੀ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਅਤੇ ਕਾਰਜ਼ਕਾਰੀ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਦੀ ਅਗਵਾਈ ਹੇਠ ਭਾਜਪਾ ਦੇ ਸੂਬਾ ਕੋਰ ਕਮੇਟੀ ਮੈਂਬਰ, ਸਾਬਕਾ ਐਮ.ਪੀ., ਸਾਬਕਾ ਵਿਧਾਇਕ ਅਤੇ ਸੂਬੇ ਦੀ ਸੀਨੀਅਰ ਲੀਡਰਸ਼ਿਪ 22 ਜਨਵਰੀ ਨੂੰ ਰਸੋਖਾਨਾ ਸ਼੍ਰੀ ਨਾਭ ਕੰਵਲ ਰਾਜਾ ਸਾਹਿਬ ਜੀ ਗੁਰਦੁਆਰਾ, ਬੰਗਾ ਨਤਮਸਤਕ ਹੋਵੇਗੀ।
ਇਸ ਦੌਰਾਨ ਸਾਬਕਾ ਸੂਬਾ ਪ੍ਰਧਾਨ ਮਨੋਰੰਜਨ ਕਾਲੀਆ, ਸਾਬਕਾ ਸੂਬਾ ਪ੍ਰਧਾਨ ਤੇ ਸਾਬਕਾ ਐਮ.ਪੀ. ਅਵਿਨਾਸ਼ ਰਾਇ ਖੰਨਾ, ਸਾਬਕਾ ਕੌਮੀ ਚੇਅਰਮੈਨ ਐਸ ਸੀ ਕਮਿਸ਼ਨ ਤੇ ਸਾਬਕਾ ਸੂਬਾ ਪ੍ਰਧਾਨ ਵਿਜੇ ਸਾਂਪਲਾ, ਸਾਬਕਾ ਰਾਜ ਸਭਾ ਮੈਂਬਰ ਤੇ ਸਾਬਕਾ ਸੂਬਾ ਪ੍ਰਧਾਨ ਸ਼ਵੇਤ ਮਲਿਕ, ਸਾਬਕਾ ਕੌਮੀ ਸਰਕਾਰ ਮੰਤਰੀ ਸੋਮ ਪ੍ਰਕਾਸ਼, ਸਾਬਕਾ ਵਿਧਾਇਕ ਕੇਵਲ ਢਿੱਲੋਂ, ਸਾਬਕਾ ਵਾਈਸ ਚੇਅਰਮੈਨ ਮਿਨੋਰਟੀ ਕਮਿਸ਼ਨ ਮਨਜੀਤ ਸਿੰਘ ਰਾਏ ਸਮੇਤ ਕਈ ਹੋਰ ਸੀਨੀਅਰ ਆਗੂ ਵੀ ਸ਼ਾਮਿਲ ਰਹਿਣਗੇ।
ਭਾਜਪਾ ਨੇ ਸੂਬੇ ਦੀ ਆਮ ਆਦਮੀ ਪਾਰਟੀ ਸਰਕਾਰ ‘ਤੇ 169 ਸਰੂਪਾਂ ਦੀ ਬਰਾਮਦਗੀ ਦੇ ਮਾਮਲੇ ਨੂੰ ਲੈ ਕੇ ਸਿੱਖ ਸੰਗਤਾਂ ਦੀਆਂ ਭਾਵਨਾਵਾਂ ਨਾਲ ਖੁੱਲ੍ਹੀ ਰਾਜਨੀਤੀ ਕਰਨ ਦੇ ਗੰਭੀਰ ਆਰੋਪ ਲਗਾਏ ਹਨ। ਪਾਰਟੀ ਆਗੂਆਂ ਦਾ ਕਹਿਣਾ ਹੈ ਕਿ ਸਰਕਾਰ ਇਕ ਪਾਸੇ ਬਰਾਮਦਗੀ ਦੇ ਝੂਠੇ ਦਾਅਵੇ ਕਰ ਰਹੀ ਹੈ, ਕਿਉਂਕਿ ਪ੍ਰਬੰਧਕ ਕਮੇਟੀ ਨੇ ਸਾਰੀ ਸੱਚਾਈ ਬਿਆਨ ਕਰ ਦਿੱਤੀ ਹੈ ਤੇ ਉਸ ਬਿਆਨ ਤੋਂ ਬਾਅਦ ਵੀ ਸਰਕਾਰ ਜਾਂ ਜਾਂਚ ਕਮੇਟੀ ਦਾ ਉਸ 'ਤੇ ਕੋਈ ਸਪੱਸ਼ਟੀਕਰਨ ਨਹੀਂ ਆਇਆ।
ਭਾਜਪਾ ਅਨੁਸਾਰ ਇਹ ਮਾਮਲਾ ਧਾਰਮਿਕ ਆਸਥਾ ਨਾਲ ਜੁੜਿਆ ਹੋਇਆ ਹੈ, ਪਰ ਆਪ ਸਰਕਾਰ ਇਸ ਨੂੰ ਸਿਆਸੀ ਫਾਇਦੇ ਲਈ ਵਰਤ ਰਹੀ ਹੈ। ਜਦੋਂ ਤੱਕ 169 ਸਰੂਪਾਂ ਦੇ ਮਾਮਲੇ ‘ਚ ਪੂਰੀ ਜਾਂਚ, ਦਸਤਾਵੇਜ਼ੀ ਸਪੱਸ਼ਟਤਾ ਅਤੇ ਜਵਾਬਦੇਹੀ ਨਹੀਂ ਆਉਂਦੀ, ਉਦੋਂ ਤੱਕ ਸਰਕਾਰ ਦੇ ਦਾਅਵਿਆਂ ‘ਤੇ ਭਰੋਸਾ ਨਹੀਂ ਕੀਤਾ ਜਾ ਸਕਦਾ। ਭਾਜਪਾ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਸਰਕਾਰ ਨੇ ਗੁਰੂ ਸਾਹਿਬਾਨ ਦੇ ਸਰੂਪਾਂ ਨਾਲ ਜੁੜੇ ਇਸ ਗੰਭੀਰ ਮਸਲੇ ‘ਤੇ ਸੱਚ ਨਹੀਂ ਬੋਲਿਆ ਤਾਂ ਪਾਰਟੀ ਸੜਕ ਤੋਂ ਲੈ ਕੇ ਸਦਨ ਤੱਕ ਸੰਘਰਸ਼ ਨੂੰ ਹੋਰ ਤੇਜ਼ ਕਰੇਗੀ।
- PTC NEWS