Sun, Dec 14, 2025
Whatsapp

ਕਾਂਗਰਸ ਤੇ AAP ਦੋਵਾਂ ਨੇ ਆਪਣੇ ਸਿਆਸੀ ਲਾਹੇ ਵਾਸਤੇ ਬੇਅਦਬੀ ਮਾਮਲੇ ਦਾ ਸਿਆਸੀਕਰਨ ਕੀਤਾ: ਸ਼੍ਰੋਮਣੀ ਅਕਾਲੀ ਦਲ

ਪ੍ਰਤਾਪ ਸਿੰਘ ਬਾਜਵਾ ਵੱਲੋਂ ਵਿਧਾਨ ਸਭਾ ਵਿਚ ਦਿੱਤੇ ਬਿਆਨ ਜਿਸ ਵਿਚ ਉਹਨਾਂ ਦਾਅਵਾ ਕੀਤਾ ਹੈ ਕਿ ਆਪ ਸਰਕਾਰ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਸਰਦਾਰ ਸੁਖਬੀਰ ਸਿੰਘ ਬਾਦਲ ਖਿਲਾਫ 2015 ਦੇ ਬੇਅਦਬੀ ਮਾਮਲਿਆਂ ਵਿਚ ਚਾਰਜਸ਼ੀਟ ਦਾਖਲ ਕਰਨ ਵਿਚ ਨਾਕਾਮ ਰਹੀ ਹੈ

Reported by:  PTC News Desk  Edited by:  Aarti -- July 15th 2025 04:57 PM
ਕਾਂਗਰਸ ਤੇ AAP ਦੋਵਾਂ ਨੇ ਆਪਣੇ ਸਿਆਸੀ ਲਾਹੇ ਵਾਸਤੇ ਬੇਅਦਬੀ ਮਾਮਲੇ ਦਾ ਸਿਆਸੀਕਰਨ ਕੀਤਾ:  ਸ਼੍ਰੋਮਣੀ ਅਕਾਲੀ ਦਲ

ਕਾਂਗਰਸ ਤੇ AAP ਦੋਵਾਂ ਨੇ ਆਪਣੇ ਸਿਆਸੀ ਲਾਹੇ ਵਾਸਤੇ ਬੇਅਦਬੀ ਮਾਮਲੇ ਦਾ ਸਿਆਸੀਕਰਨ ਕੀਤਾ: ਸ਼੍ਰੋਮਣੀ ਅਕਾਲੀ ਦਲ

Akali Dal Slam Congress and Aam Aadmi Party : ਸ਼੍ਰੋਮਣੀ ਅਕਾਲੀ ਦਲ ਨੇ ਅੱਜ ਜ਼ੋਰ ਦੇ ਕੇ ਕਿਹਾ ਕਿ ਕਾਂਗਰਸ ਅਤੇ ਆਮ ਆਦਮੀ ਪਾਰਟੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਸੰਵੇਦਨਸ਼ੀਲ ਮੁੱਦੇ ਦਾ ਆਪਣੇ ਸਿਆਸੀ ਮਨੋਰਥ ਵਾਸਤੇ ਸਿਆਸੀਕਰਨ ਕਰ ਰਹੇ ਹਨ ਅਤੇ ਉਹਨਾਂ ਵਿਰੋਧੀ ਧਿਰ ਨੇਤਾ ਪ੍ਰਤਾਪ ਸਿੰਘ ਬਾਜਵਾ ਨੂੰ ਆਖਿਆ ਕਿ ਉਹ ਦੱਸਣ ਕਿ ਪਿਛਲੀ ਕਾਂਗਰਸ ਸਰਕਾਰ ਨੇ ਇਸ ਮਾਮਲੇ ਦੀ ਜਾਂਚ ਵਾਸਤੇ ਜਾਂ ਇਸ ਘਨੌਣੇ ਅਪਰਾਧ ਦੇ ਦੋਸ਼ੀਆਂ ਨੂੰ ਸਜ਼ਾ ਦੇਣ ਵਾਸਤੇ ਕੁਝ ਵੀ ਕੀਤਾ ਕਿਉਂ ਨਹੀਂ।

ਪ੍ਰਤਾਪ ਸਿੰਘ ਬਾਜਵਾ ਵੱਲੋਂ ਵਿਧਾਨ ਸਭਾ ਵਿਚ ਦਿੱਤੇ ਬਿਆਨ ਜਿਸ ਵਿਚ ਉਹਨਾਂ ਦਾਅਵਾ ਕੀਤਾ ਹੈ ਕਿ ਆਪ ਸਰਕਾਰ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਸਰਦਾਰ ਸੁਖਬੀਰ ਸਿੰਘ ਬਾਦਲ ਖਿਲਾਫ 2015 ਦੇ ਬੇਅਦਬੀ ਮਾਮਲਿਆਂ ਵਿਚ ਚਾਰਜਸ਼ੀਟ ਦਾਖਲ ਕਰਨ ਵਿਚ ਨਾਕਾਮ ਰਹੀ ਹੈ, ’ਤੇ ਪ੍ਰਤੀਕਰਮ ਦਿੰਦਿਆਂ ਅਕਾਲੀ ਦਲ ਦੇ ਮੀਤ ਪ੍ਰਧਾਨ ਪਰਮਬੰਸ ਸਿੰਘ ਰੋਮਾਣਾ ਨੇ ਬਾਜਵਾ ਵੱਲੋਂ ਇਸ ਸੰਵੇਦਨਸ਼ੀਲ ਮਾਮਲੇ ’ਤੇ ਦੋਗਲੇ ਮਿਆਰ ਅਪਣਾਉਣ ਦੀ ਨਿਖੇਧੀ ਕੀਤੀ।


ਉਨ੍ਹਾਂ ਨੇ ਬਾਜਵਾ ਨੂੰ ਯਾਦ ਕਰਵਾਇਆ ਕਿ ਉਹਨਾਂ ਨੇ ਹੀ ਕਾਂਗਰਸੀ ਆਗੂ ਰਾਹੁਲ ਗਾਂਧੀ ਨਾਲ ਮਿਲ ਕੇ ਰੋਸ ਪ੍ਰਦਰਸ਼ਨ ਕੀਤਾ ਸੀ ਤੇ ਮੰਗ ਕੀਤੀ ਸੀ ਕਿ ਬੇਅਦਬੀ ਕੇਸ ਸੀ ਬੀ ਆਈ ਨੂੰ ਦਿੱਤਾ ਜਾਵੇ ਅਤੇ ਇਸ ਲਈ ਉਹਨਾਂ ਰਾਸ਼ਟਰਪਤੀ ਨੂੰ ਮੰਗ ਪੱਤਰ ਵੀ ਦਿੱਤਾ ਸੀ। ਪਰਮਬੰਸ ਸਿੰਘ ਰੋਮਾਣਾ ਨੇ ਕਿਹਾ ਕਿ ਬਾਜਵਾ ਨੇ 2017 ਵਿਚ ਸੂਬੇ ਵਿਚ ਕਾਂਗਰਸ ਸਰਕਾਰ ਬਣਨ ’ਤੇ ਆਪਣਾ ਰੰਗ ਬਦਲ ਲਿਆ। 

ਉਹਨਾਂ ਕਿਹਾ ਕਿ ਜਦੋਂ ਕਾਂਗਰਸ ਸਰਕਾਰ ਨੇ ਕੇਸ ਸੀ ਬੀ ਆਈ ਤੋਂ ਵਾਪਸ ਲੈ ਕੇ ਸੂਬਾ ਪੁਲਿਸ ਨੂੰ ਦਿੱਤਾ ਤਾਂ ਉਸ ਵੇਲੇ ਬਾਜਵਾ ਮੂਕ ਦਰਸ਼ਕ ਬਣੇ ਰਹੇ ਅਤੇ ਸਰਕਾਰ ਨੇ ਕਾਨੂੰਨ ਜਾਂ ਤੱਥਾਂ ਦੇ ਆਧਾਰ ’ਤੇ ਕੋਈ ਜਾਂਚ ਨਹੀਂ ਕਰਵਾਈ। ਅਕਾਲੀ ਆਗੂ ਨੇ ਕਿਹਾ ਕਿ ਜਿਵੇਂ ਹੁਣ ਆਪ ਸਰਕਾਰ ਕਰ ਰਹੀ ਹੈ, ਪਿਛਲੀ ਕਾਂਗਰਸ ਸਰਕਾਰ ਨੇ ਵੀ ਉਦੋਂ ਇਸ ਮਾਮਲੇ ’ਤੇ ਰਾਜਨੀਤੀ ਕਰਨ ਵਾਸਤੇ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਸੱਦਿਆ ਸੀ।

ਅਕਾਲੀ ਦਲ ਦੀ ਗੱਲ ਕਰਦਿਆਂ ਸਰਦਾਰ ਰੋਮਾਣਾ ਨੇ ਕਿਹਾ ਕਿ ਤਤਕਾਲੀ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਨਿਆਂ ਦੀ ਖ਼ਾਤਰ ਬੇਅਦਬੀ ਕੇਸ ਸੀ ਬੀ ਆਈ ਹਵਾਲੇ ਕੀਤੇ ਸਨ। ਉਹਨਾਂ ਕਿਹਾ ਕਿ ਕਾਂਗਰਸ ਤੇ ਆਪ ਸਰਕਾਰਾਂ ਦਾ ਰਵੱਈਆ ਦੱਸਦਾ ਹੈ ਕਿ ਉਹ ਬੇਅਦਬੀ ਮਾਮਲਿਆਂ ਵਿਚ ਨਿਆਂ ਨਹੀਂ ਚਾਹੁੰਦੀਆਂ।

ਉਹਨਾਂ ਨੇ ਆਪ ਵਿਚੋਂ ਮੁਅੱਤਲ ਕੀਤੇ ਵਿਧਾਇਕ ਕੁੰਵਰ ਵਿਜੇ ਪ੍ਰਤਾਪ ਸਿੰਘ ਦੀ ਸ਼ਲਾਘਾ ਕਰਨ ’ਤੇ ਵੀ ਬਾਜਵਾ ਨੂੰ ਬੇਨਕਾਬ ਕੀਤਾ ਅਤੇ ਕਿਹਾ ਕਿ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਖੁਦ ਕੁੰਵਰ ਵਿਜੇ ਪ੍ਰਤਾਪ ਸਿੰਘ ਵੱਲੋਂ ਇਕ ਪੁਲਿਸ ਅਫਸਰ ਵੱਜੋਂ ਕੀਤੀ ਜਾਂਚ ਲਈ ਉਹਨਾਂ ਨੂੰ ਝਾੜ ਪਾਈ ਸੀ ਤੇ ਆਖਿਆ ਸੀ ਕਿ ਇਹ ਸਿਆਸਤ, ਧਰਮ ਤੇ ਪੁਲਿਸ ਪ੍ਰਸ਼ਾਸਨ ਦਾ ਖ਼ਤਰਨਾਕ ਮਿਸ਼ਰਣ ਹੈ ਤੇ ਇਹ ਗੱਲ ਰਿਕਾਰਡ ਦਾ ਹਿੱਸਾ ਹੈ। ਉਹਨਾਂ ਕਿਹਾ ਕਿ ਹਾਈ ਕੋਰਟ ਦੀ ਇਸ ਟਿੱਪਣੀ ਮਗਰੋਂ ਕੁੰਵਰ ਵਿਜੇ ਪ੍ਰਤਾਪ ਨੇ ਪੁਲਿਸ ਫੋਰਸ ਤੋਂ ਅਸਤੀਫਾ ਦਿੱਤਾ ਤੇ ਉਹ ਆਪ ਵਿਚ ਸ਼ਾਮਲ ਹੋ ਗਏ ਸਨ।

ਅਕਾਲੀ ਆਗੂ ਨੇ ਜ਼ੋਰ ਦੇ ਕੇ ਕਿਹਾ ਕਿ ਕਾਂਗਰਸ ਪਾਰਟੀ ਨੂੰ ਤਾਂ ਬੇਅਦਬੀ ਮਾਮਲੇ ’ਤੇ ਕੁਝ ਵੀ ਕਹਿਣ ਦਾ ਹੱਕ ਨਹੀਂ। ਉਹਨਾਂ ਕਿਹਾ ਕਿ ਇਹ ਉਹੀ ਪਾਰਟੀ ਹੈ ਜਿਸਨੇ ਸ੍ਰੀ ਦਰਬਾਰ ਸਾਹਿਬ ’ਤੇ ਟੈਂਕਾਂ ਤੇ ਤੋਪਾਂ ਨਾਲ ਹਮਲਾ ਕਰਵਾਇਆ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਢਹਿ ਢੇਰੀ ਕੀਤਾ। ਉਹਨਾਂ ਕਿਹਾ ਕਿ ਕਾਂਗਰਸ ਨੇ ਹੀ ਦਿੱਲੀ ਤੇ ਦੇਸ਼ ਦੇ ਹੋਰ ਭਾਗਾਂ ਵਿਚ ਸਿੱਖਾਂ ਦਾ ਕਤਲੇਆਮ ਕਰਵਾਇਆ।

ਅਕਾਲੀ ਆਗੂ ਰੋਮਾਣਾ ਨੇ ਕਿਹਾ ਕਿ ਇਸੇ ਤਰੀਕੇ ਆਪ ਵਿਧਾਇਕ ਨਰੇਸ਼ ਯਾਦਵ ਨੂੰ ਮਾਲੇਰਕੋਟਲਾ ਵਿਚ ਪਵਿੱਤਰ ਕੁਰਾਨ ਦੀ ਬੇਅਦਬੀ ਦਾ ਦੋਸ਼ੀ ਠਹਿਰਾਇਆ ਗਿਆ। ਉਹਨਾਂ ਕਿਹਾ ਕਿ ਬਜਾਏ ਯਾਦਵ ਨੂੰ ਪਾਰਟੀ ਵਿਚੋਂ ਬਾਹਰ ਦਾ ਰਸਤਾ ਵਿਖਾਉਣ ਦੇ ਆਪ ਨੇ ਹਾਲ ਹੀ ਵਿਚ ਹੋਈਆਂ ਦਿੱਲੀ ਵਿਧਾਨ ਸਭਾ ਚੋਣਾਂ ਵਿਚ ਉਹਨਾਂ ਨੂੰ ਟਿਕਟ ਦੇ ਕੇ ਨਿਵਾਜਿਆ। ਉਹਨਾਂ ਕਿਹਾ ਕਿ ਪੰਜਾਬ ਵਿਚ ਆਪ ਸਰਕਾਰ ਨੇ ਵੀ ਬੇਅਦਬੀ ਦੇ ਦੋਸ਼ੀਆਂ ਨੂੰ ਸਜ਼ਾ ਦੇਣ ਵਾਸਤੇ ਕੱਖ ਨਹੀਂ ਕੀਤਾ ਅਤੇ ਇਹ ਵੀ ਮਾਮਲੇ ਦੇ ਸਿਆਸੀਕਰਨ ਵਿਚ ਰੁੱਝੀ ਹੈ।

ਅਕਾਲੀ ਆਗੂ ਨੇ ਕਿਹਾ ਕਿ ਬਜਾਏ ਬੇਅਦਬੀ ਦੇ ਮਾਮਲੇ ’ਤੇ ਸਿਆਸਤ ਕਰਨ ਦੇ, ਦੋਵਾਂ ਕਾਂਗਰਸ ਤੇ ਆਪ ਨੂੰ ਪੰਜਾਬੀਆਂ ਦੀਆਂ ਮੁਸ਼ਕਿਲਾਂ ਹੱਲ ਕਰਨ ’ਤੇ ਧਿਆਨ ਦੇਣਾ ਚਾਹੀਦਾ ਹੈ।

ਇਹ ਵੀ ਪੜ੍ਹੋ : Punjab Vidhan Sabha ’ਚ ਬੇਅਦਬੀ ਖਿਲਾਫ ਬਿੱਲ ਅਜੇ ਨਹੀਂ ਹੋਇਆ ਪਾਸ ! ਸਿਲੈਕਟ ਕਮੇਟੀ ਨੂੰ ਭੇਜਿਆ ਬਿੱਲ, ਜਾਣੋ ਕਾਰਨ

- PTC NEWS

Top News view more...

Latest News view more...

PTC NETWORK
PTC NETWORK