ਲੁਧਿਆਣਾ 'ਚ ਇਕਤਰਫ਼ਾ ਪਿਆਰ ਦੀ ਖੂਨੀ ਖੇਡ, ਕੁੜੀ ਨੇ ਇਨਕਾਰ ਕੀਤਾ ਤਾਂ ਮੁੰਡੇ ਨੇ ਕਰ ਦਿੱਤਾ ਕਾਂਡ
Ludhiana News: ਲੁਧਿਆਣਾ 'ਚ ਇਕਤਰਫਾ ਪਿਆਰ ਵਿੱਚ ਇਕ ਨੌਜਵਾਨ ਨੇ ਇੱਕ ਵਿਦਿਆਰਥਣ ਨੂੰ ਤੇਜ਼ਧਾਰ ਨਾਲ ਹਮਲਾ ਕਰਕੇ ਜ਼ਖ਼ਮੀ ਕਰ ਦਿੱਤਾ ਹੈ। ਕੁੜੀ ਦੇ ਸਰੀਰ 'ਤੇ ਕਈ ਥਾਂਵਾਂ 'ਤੇ ਸੱਟਾਂ ਵੱਜੀਆਂ, ਜਿਸ ਨੂੰ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਮਿਲੀ ਜਾਣਕਾਰੀ ਮੁਤਾਬਕ ਚੀਮਾ ਕਲੋਨੀ 'ਚ ਰਹਿਣ ਵਾਲੀ ਵਿਦਿਆਰਥਣ ਮੰਗਲਵਾਰ ਸ਼ਾਮ ਟਿਊਸ਼ਨ ਤੋਂ ਬਾਅਦ ਘਰ ਪਰਤ ਰਹੀ ਸੀ। ਰਸਤੇ 'ਚ ਇਕ ਨੌਜਵਾਨ ਨੇ ਉਸ ਨੂੰ ਰੋਕ ਲਿਆ ਅਤੇ ਜ਼ਬਰਦਸਤੀ ਉਸ ਦਾ ਹੱਥ ਫੜ ਲਿਆ। ਜਦੋਂ ਉਸ ਨੇ ਵਿਰੋਧ ਕੀਤਾ ਤਾਂ ਨੌਜਵਾਨਾਂ ਨੇ ਵਿਦਿਆਰਥਣ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਇਸ ਕਾਰਨ ਲੜਕੀ ਦੇ ਸਿਰ 'ਤੇ ਸੱਟ ਲੱਗ ਗਈ। ਸਰੀਰ ਦੇ ਹੋਰ ਹਿੱਸਿਆਂ 'ਤੇ ਵੀ ਸੱਟਾਂ ਲੱਗੀਆਂ ਹਨ।
ਜ਼ਖਮੀ ਵਿਦਿਆਰਥਣ ਦੀ ਮਾਂ ਨੇ ਦੱਸਿਆ ਕਿ ਇਕ ਨੌਜਵਾਨ ਉਸ ਦੀ ਕੁੜੀ ਨੂੰ ਕਈ ਦਿਨਾਂ ਤੋਂ ਤੰਗ-ਪ੍ਰੇਸ਼ਾਨ ਕਰ ਰਿਹਾ ਸੀ। ਉਹ ਅਕਸਰ ਉਸ ਨੂੰ ਰਸਤੇ ਵਿੱਚ ਰੋਕਦਾ ਸੀ ਅਤੇ ਉਸ ਨੂੰ ਉਸ ਦੀ ਪ੍ਰੇਮਿਕਾ ਬਣਨ ਲਈ ਕਹਿੰਦਾ ਸੀ। ਜਦੋਂ ਉਸ ਨੇ ਨੌਜਵਾਨ ਨਾਲ ਫਰੈਂਡਸ਼ਿਪ ਕਰਨ ਤੋਂ ਇਨਕਾਰ ਕੀਤਾ ਤਾਂ ਉਸ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਗਿਆ।
ਮਾਂ ਨੇ ਦੱਸਿਆ ਕਿ ਨੌਜਵਾਨ ਇੰਨਾ ਖੁੱਲ੍ਹ ਗਿਆ ਸੀ ਕਿ ਉਸ ਨੇ ਜ਼ਬਰਦਸਤੀ ਕੁੜੀ ਦਾ ਹੱਥ ਸੜਕ ਦੇ ਵਿਚਕਾਰ ਫੜ੍ਹ ਲਿਆ। ਹਮਲੇ 'ਚ ਉਸ ਦੀ ਬੇਟੀ ਗੰਭੀਰ ਜ਼ਖਮੀ ਹੋ ਗਈ। ਉਸ ਨੂੰ ਖੂਨ ਨਾਲ ਲੱਥਪੱਥ ਹਾਲਤ ਵਿੱਚ ਸਿਵਲ ਹਸਪਤਾਲ ਲਿਜਾਇਆ ਗਿਆ। ਉਸ ਨੇ ਪੁਲਿਸ ਨੂੰ ਸ਼ਿਕਾਇਤ ਦੇ ਦਿੱਤੀ ਹੈ। ਉਕਤ ਨੌਜਵਾਨ ਨੇ ਉਕਤ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਆਪਣੇ ਆਪ 'ਤੇ ਵੀ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਲਿਆ ਅਤੇ ਖੁਦ ਨੂੰ ਸਿਵਲ ਹਸਪਤਾਲ 'ਚ ਦਾਖਲ ਕਰਵਾਇਆ।
ਵਿਦਿਆਰਥੀ ਦੇ ਮਾਮੇ ਨੇ ਦੱਸਿਆ ਕਿ ਉਸ ਨੇ ਘਟਨਾ ਸਬੰਧੀ ਥਾਣਾ ਜਮਾਲਪੁਰ ਨੂੰ ਸੂਚਿਤ ਕਰ ਦਿੱਤਾ ਹੈ। ਇਸ ਸਬੰਧੀ ਥਾਣਾ ਜਮਾਲਪੁਰ ਦੇ ਐਸਐਚਓ ਬੀਐਸ ਪਨੇਸਰ ਨੇ ਦੱਸਿਆ ਕਿ ਉਹ ਵਿਦਿਆਰਥਣ ਦੇ ਬਿਆਨ ਦਰਜ ਕਰ ਰਹੇ ਹਨ। ਜਾਂਚ ਤੋਂ ਬਾਅਦ ਮੁਲਜ਼ਮ ਖਿਲਾਫ ਤੁਰੰਤ ਕਾਰਵਾਈ ਕੀਤੀ ਜਾਵੇਗੀ।
- PTC NEWS