Mon, Jun 22, 2026
Whatsapp

ਸਰਕਾਰੀ ਤੰਤਰ ਰਾਹੀਂ ਸਿੱਖ ਚਿੰਤਕਾਂ ਤੇ ਨੌਜਵਾਨਾਂ ਦੀ ਆਵਾਜ਼ ਦਬਾਉਣ ਦੀਆਂ ਕੋਝੀਆਂ ਹਰਕਤਾਂ ਤੋਂ ਬਾਜ਼ ਆਵੇ ਪੰਜਾਬ ਸਰਕਾਰ: ਸਿੰਘ ਸਾਹਿਬ ਬਾਬਾ ਟੇਕ ਸਿੰਘ

ਜਥੇਦਾਰ ਬਾਬਾ ਟੇਕ ਸਿੰਘ ਜੀ ਨੇ ਕਿਹਾ ਕਿ "ਸਰਕਾਰੀ ਨਸ਼ੇ ਵਿੱਚ ਚੂਰ ਹਕੂਮਤ ਇਹ ਭੁਲੇਖਾ ਤੁਰੰਤ ਕੱਢ ਦੇਵੇ ਕਿ ਸਿੱਖ ਚਿੰਤਕ, ਨੌਜਵਾਨ ਅਤੇ ਬੁੱਧੀਜੀਵੀ ਅੱਜ ਬੇਸਹਾਰਾ ਜਾਂ ਇਕੱਲੇ ਹਨ।

Reported by:  PTC News Desk  Edited by:  Aarti -- June 22nd 2026 03:50 PM -- Updated: June 22nd 2026 03:51 PM
ਸਰਕਾਰੀ ਤੰਤਰ ਰਾਹੀਂ ਸਿੱਖ ਚਿੰਤਕਾਂ ਤੇ ਨੌਜਵਾਨਾਂ ਦੀ ਆਵਾਜ਼ ਦਬਾਉਣ ਦੀਆਂ ਕੋਝੀਆਂ ਹਰਕਤਾਂ ਤੋਂ ਬਾਜ਼ ਆਵੇ ਪੰਜਾਬ ਸਰਕਾਰ: ਸਿੰਘ ਸਾਹਿਬ ਬਾਬਾ ਟੇਕ ਸਿੰਘ

ਸਰਕਾਰੀ ਤੰਤਰ ਰਾਹੀਂ ਸਿੱਖ ਚਿੰਤਕਾਂ ਤੇ ਨੌਜਵਾਨਾਂ ਦੀ ਆਵਾਜ਼ ਦਬਾਉਣ ਦੀਆਂ ਕੋਝੀਆਂ ਹਰਕਤਾਂ ਤੋਂ ਬਾਜ਼ ਆਵੇ ਪੰਜਾਬ ਸਰਕਾਰ: ਸਿੰਘ ਸਾਹਿਬ ਬਾਬਾ ਟੇਕ ਸਿੰਘ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਦੀਆਂ ਸਿਆਸੀ ਰੈਲੀਆਂ ਦੌਰਾਨ ਪੰਜਾਬ ਪੁਲਿਸ ਵੱਲੋਂ ਸਿੱਖ ਚਿੰਤਕਾਂ, ਬੁੱਧੀਜੀਵੀਆਂ ਅਤੇ ਕਾਰਕੁੰਨਾਂ ਨੂੰ ਗ਼ੈਰ-ਕਾਨੂੰਨੀ ਤਰੀਕੇ ਨਾਲ ਨਜ਼ਰਬੰਦ ਕਰਨ, ਤੰਗ-ਪ੍ਰੇਸ਼ਾਨ ਕਰਨ ਅਤੇ ਉਨ੍ਹਾਂ ਦੇ ਬੁਨਿਆਦੀ ਜਮਹੂਰੀ ਹੱਕਾਂ ਦਾ ਸ਼ਰੇਆਮ ਘਾਣ ਕਰਨ ਦੇ ਮਾਮਲੇ ਦਾ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ, ਸਿੰਘ ਸਾਹਿਬ ਬਾਬਾ ਟੇਕ ਸਿੰਘ ਜੀ ਨੇ ਸਖਤ ਨੋਟਿਸ ਲੈਂਦਿਆਂ ਇਸ ਦੀ ਨਿਖੇਧੀ ਕੀਤੀ ਹੈ। ਸਿੰਘ ਸਾਹਿਬ ਨੇ ਮਾਨ ਸਰਕਾਰ ਦੇ ਇਸ ਵਤੀਰੇ ਨੂੰ "ਫ਼ਾਸ਼ੀਵਾਦੀ ਅਤੇ ਕਾਇਰਤਾਪੂਰਨ" ਕਰਾਰ ਦਿੱਤਾ ਹੈ।

ਸਿੰਘ ਸਾਹਿਬ ਬਾਬਾ ਟੇਕ ਸਿੰਘ ਜੀ ਨੇ ਕਿਹਾ ਕਿ ਜਦੋਂ ਤੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਸਰਵਉੱਚ ਸਿੱਖ ਸੰਸਥਾ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਗੁਰੂ ਦੋਖੀ' ਅਤੇ 'ਖਾਲਸਾ ਪੰਥ ਵਿਰੋਧੀ' ਐਲਾਨਿਆ ਗਿਆ ਹੈ, ਤਦੋਂ ਤੋਂ ਹਕੂਮਤ ਦੇ ਅੰਦਰ ਸਿੱਖ ਕੌਮ ਦੇ ਸਵਾਲਾਂ ਦਾ ਸਾਹਮਣਾ ਕਰਨ ਦਾ ਖ਼ੌਫ਼ ਐਨਾ ਵਧ ਗਿਆ ਹੈ ਕਿ ਉਹ ਹੁਣ ਪੁਲਿਸ ਬਲਾਂ ਦੀ ਦੁਰਵਰਤੋਂ ਕਰਕੇ ਸਿੱਖਾਂ ਦੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।


ਜਥੇਦਾਰ ਬਾਬਾ ਟੇਕ ਸਿੰਘ ਜੀ ਨੇ ਕਿਹਾ ਕਿ "ਸਰਕਾਰੀ ਨਸ਼ੇ ਵਿੱਚ ਚੂਰ ਹਕੂਮਤ ਇਹ ਭੁਲੇਖਾ ਤੁਰੰਤ ਕੱਢ ਦੇਵੇ ਕਿ ਸਿੱਖ ਚਿੰਤਕ, ਨੌਜਵਾਨ ਅਤੇ ਬੁੱਧੀਜੀਵੀ ਅੱਜ ਬੇਸਹਾਰਾ ਜਾਂ ਇਕੱਲੇ ਹਨ। ਸਮੁੱਚਾ ਪੰਥ ਅਤੇ ਤਖ਼ਤ ਸਾਹਿਬਾਨ ਇਨ੍ਹਾਂ ਜਾਗਰੂਕ ਅਵਾਜ਼ਾਂ ਦੇ ਨਾਲ ਚੱਟਾਨ ਵਾਂਗ ਖੜ੍ਹੇ ਹਨ। ਸਿਆਸੀ ਆਕਾਵਾਂ ਨੂੰ ਖ਼ੁਸ਼ ਕਰਨ ਲਈ ਕਾਨੂੰਨ ਦੀਆਂ ਧੱਜੀਆਂ ਉਡਾਉਣ ਵਾਲੇ ਅਤੇ ਸਰਕਾਰ ਦੇ ‘ਹੱਥ-ਠੋਕੇ’ ਬਣੇ ਪੁਲਿਸ ਅਧਿਕਾਰੀਆਂ ਨੂੰ ਵੀ ਸੋਚ ਲੈਣਾ ਚਾਹੀਦਾ ਹੈ ਕਿ ਸਮਾਂ ਬਦਲਦਿਆਂ ਦੇਰ ਨਹੀਂ ਲੱਗਦੀ, ਜ਼ਬਰ ਦਾ ਸਾਥ ਦੇਣ ਵਾਲਿਆਂ ਦਾ ਹਸ਼ਰ ਵੀ ਮਾੜਾ ਹੀ ਹੁੰਦਾ ਹੈ ।" 

ਉਨ੍ਹਾਂ ਫ਼ਰੀਦਕੋਟ ਦੇ ਸਿੱਖ ਕਾਰਕੁੰਨ ਗੁਰਸੇਵਕ ਸਿੰਘ ਭਾਣੇ ਦੇ ਘਰ ਬਿਨਾਂ ਕਿਸੇ ਕੇਸ ਜਾਂ ਕਾਨੂੰਨੀ ਪ੍ਰਕਿਰਿਆ ਦੇ ਪੁਲਿਸ ਵੱਲੋਂ ਮਾਰੇ ਗਏ ਛਾਪੇ (ਰੇਡ) ਨੂੰ ਬੇਹੱਦ ਘਿਨਾਉਣੀ ਅਤੇ ਨਿੰਦਣਯੋਗ ਕਰਤੂਤ ਦੱਸਿਆ। ਉਨ੍ਹਾਂ ਕਿਹਾ ਕਿ ਮੁਗ਼ਲੀਆ ਤਰਜ਼ 'ਤੇ ਘਰਾਂ 'ਚ ਜਬਰਦਸਤੀ ਵੜ ਕੇ ਸਿੱਖ ਆਵਾਜ਼ ਨੂੰ ਦਬਾਇਆ ਨਹੀਂ ਜਾ ਸਕਦਾ।

ਇਤਿਹਾਸ ਦੇ ਝਰੋਖੇ 'ਚੋਂ ਸਰਕਾਰ ਨੂੰ ਆਈਨਾ ਦਿਖਾਉਂਦਿਆਂ ਸਿੰਘ ਸਾਹਿਬ ਨੇ ਕਿਹਾ ਕਿ ਅਹਿਮਦ ਸ਼ਾਹ ਅਬਦਾਲੀ ਅਤੇ ਜ਼ਕਰੀਆ ਖ਼ਾਨ ਵਰਗੇ ਕਈ ਜਬਰ ਦੇ ਵੱਡੇ ਪ੍ਰਤੀਕ ਇਸ ਸਿੱਖ ਆਵਾਜ਼ ਅਤੇ ਹਸਤੀ ਨੂੰ ਮਿਟਾਉਣ ਦਾ ਹੰਕਾਰ ਪਾਲ ਕੇ ਖ਼ਾਕ ਵਿੱਚ ਮਿਲ ਗਏ, ਪਰ ਇਹ ਕਲਗੀਆਂ ਵਾਲੇ ਪਾਤਸ਼ਾਹ ਦਾ ਸਾਜਿਆ ਪੰਥ ਹੈ, ਜੋ ਹਮੇਸ਼ਾ ਚੜ੍ਹਦੀ ਕਲਾ ਦੇ ਜੈਕਾਰਿਆਂ ਨਾਲ ਜਬਰ ਦੇ ਸਾਹਮਣੇ ਹਿੱਕ ਤਾਣ ਕੇ ਖੜ੍ਹਦਾ ਆਇਆ ਹੈ।

ਉਨ੍ਹਾਂ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ "ਜਿਸ ਸਮੇਂ ਚਮਕੌਰ ਦੀ ਗੜ੍ਹੀ ਵਿੱਚ ਮੁਗ਼ਲੀਆ ਹਕੂਮਤ ਦੀਆਂ ਲੱਖਾਂ ਦੀਆਂ ਫ਼ੌਜਾਂ ਨੇ ਘੇਰਾ ਪਾਇਆ ਸੀ, ਤਦ ਵੀ ਦਸ਼ਮੇਸ਼ ਪਿਤਾ ਦੇ ਮਹਿਜ਼ 40 ਸਿੰਘਾਂ ਨੇ ਚੜ੍ਹਦੀ ਕਲਾ ਵਿੱਚ ਰਹਿ ਕੇ ਉਸ ਅਥਾਹ ਜ਼ਬਰ ਦਾ ਡਟ ਕੇ ਮੁਕਾਬਲਾ ਕੀਤਾ ਸੀ। ਇਹ ਕੌਮ ਉਸੇ ਬਾਜ਼ਾਂ ਵਾਲੇ ਪਾਤਸ਼ਾਹ ਦੀ ਥਾਪੀ ਹੋਈ ਹੈ। ਜੇਕਰ ਪੰਜਾਬ ਦਾ ਮੁੱਖ ਮੰਤਰੀ ਇਹ ਭਰਮ ਪਾਲੀ ਬੈਠਾ ਹੈ ਕਿ ਉਹ ਆਪਣੇ ਸਰਕਾਰੀ ਤੰਤਰ, ਧੱਕੇਸ਼ਾਹੀ ਜਾਂ ਪੁਲਿਸ ਦੇ ਡੰਡੇ ਦੇ ਜ਼ੋਰ 'ਤੇ ਸਿੱਖ ਨੌਜਵਾਨਾਂ ਦੀ ਸੱਚ ਦੀ ਆਵਾਜ਼ ਨੂੰ ਬੰਦ ਕਰ ਦੇਵੇਗਾ, ਤਾਂ ਇਹ ਉਸ ਦੀ ਇਤਿਹਾਸਿਕ ਭੁੱਲ ਹੋਵੇਗੀ।"

ਸਿੰਘ ਸਾਹਿਬ ਨੇ ਆਖ਼ਰ ਵਿੱਚ ਦੁਹਰਾਇਆ ਕਿ ਅਸੀਂ ਸਿੱਖ ਨੌਜਵਾਨਾਂ ਅਤੇ ਕੌਮੀ ਦਰਦ ਰੱਖਣ ਵਾਲੇ ਚਿੰਤਕਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੇ ਹਾਂ। ਸਰਕਾਰ ਅਤੇ ਸਰਕਾਰੀ ਤੰਤਰ ਤੁਰੰਤ ਆਪਣੀਆਂ ਇਨ੍ਹਾਂ ਕੋਝੀਆਂ, ਗ਼ੈਰ-ਜਮਹੂਰੀ ਅਤੇ ਤਾਨਾਸ਼ਾਹੀ ਹਰਕਤਾਂ ਤੋਂ ਬਾਜ਼ ਆਵੇ, ਨਹੀਂ ਤਾਂ ਕੌਮ ਹਕੂਮਤੀ ਜ਼ਬਰ ਦਾ ਮੂੰਹ-ਤੋੜ ਜਵਾਬ ਦੇਣਾ ਚੰਗੀ ਤਰ੍ਹਾਂ ਜਾਣਦੀ ਹੈ।

ਇਹ ਵੀ ਪੜ੍ਹੋ  : School Fees : ਹੁਣ ਮਨਮਰਜ਼ੀ ਫੀਸਾਂ ਨਹੀਂ ਵਧਾ ਸਕਣਗੇ ਪ੍ਰਾਈਵੇਟ ਸਕੂਲ ਤੇ ਕਾਲਜ ! ਪੰਜਾਬ ਕੈਬਨਿਟ ਨੇ ਲਿਆਂਦਾ ਆਰਡੀਨੈਂਸ ਨੂੰ ਦਿੱਤੀ ਮਨਜੂਰੀ

- PTC NEWS

Electrical Saftey authority
Chandigarh Group of Colleges

Top News view more...

Latest News view more...

PTC NETWORK
PTC NETWORK