Champions Trophy 2025 Prize Money : ਚੈਂਪੀਅਨਸ ਟਰਾਫੀ 2025 ਦੀ ਜੇਤੂ ਟੀਮ ਨੂੰ ਮਿਲਣਗੇ ਇੰਨੇ ਕਰੋੜ, ਹਾਰਨ ਵਾਲੀ ਟੀਮ ਵੀ ਹੋਵੇਗੀ ਮਾਲਾਮਾਲ
Champions Trophy 2025 Prize Money : 8 ਸਾਲਾਂ ਬਾਅਦ ਅੰਤਰਰਾਸ਼ਟਰੀ ਕ੍ਰਿਕਟ ਪਰਿਸ਼ਦ ਯਾਨੀ ਆਈਸੀਸੀ ਨੇ ਚੈਂਪੀਅਨਸ ਟਰਾਫੀ 2025 ਦਾ ਆਯੋਜਨ ਕੀਤਾ ਹੈ। ਅੱਜ ਯਾਨੀ 9 ਮਾਰਚ ਦਿਨ ਐਤਵਾਰ ਨੂੰ ਦੁਬਈ 'ਚ ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਫਾਈਨਲ ਮੈਚ ਖੇਡਿਆ ਜਾਣਾ ਹੈ। ਇਸ ਖ਼ਿਤਾਬੀ ਮੈਚ ਵਿੱਚ ਜੇਤੂ ਟੀਮ ਨੂੰ ਵੱਡੀ ਰਕਮ ਮਿਲੇਗੀ, ਜਦਕਿ ਹਾਰਨ ਵਾਲੀ ਟੀਮ ਨੂੰ ਵੀ ਪੈਸੇ ਮਿਲਣੇ ਹਨ।
ਆਈਸੀਸੀ ਨੇ ਪਹਿਲਾਂ ਹੀ ਚੈਂਪੀਅਨਸ ਟਰਾਫੀ 2025 ਦੀ ਇਨਾਮੀ ਰਾਸ਼ੀ ਦਾ ਐਲਾਨ ਕਰ ਦਿੱਤਾ ਸੀ। ਆਈਸੀਸੀ ਨੇ ਇੱਕ ਪ੍ਰੈਸ ਬਿਆਨ ਜਾਰੀ ਕਰਦੇ ਹੋਏ ਕਿਹਾ ਸੀ ਕਿ ਚੈਂਪੀਅਨਸ ਟਰਾਫੀ ਦੀ ਜੇਤੂ ਟੀਮ ਨੂੰ 2.24 ਮਿਲੀਅਨ ਅਮਰੀਕੀ ਡਾਲਰ ਯਾਨੀ ਲਗਭਗ 20 ਕਰੋੜ ਰੁਪਏ ਦਾ ਇਨਾਮ ਦਿੱਤਾ ਜਾਵੇਗਾ। ਇਸ ਦੇ ਨਾਲ ਹੀ ਖ਼ਿਤਾਬੀ ਮੁਕਾਬਲੇ ਵਿੱਚ ਹਾਰ ਦਾ ਸਾਹਮਣਾ ਕਰਨ ਵਾਲੀ ਟੀਮ ਵੀ ਨਿਰਾਸ਼ ਹੋ ਕੇ ਨਹੀਂ ਪਰਤੇਗੀ। ਉਪ ਜੇਤੂ ਟੀਮ ਨੂੰ 1.12 ਮਿਲੀਅਨ ਅਮਰੀਕੀ ਡਾਲਰ ਯਾਨੀ ਲਗਭਗ 10 ਕਰੋੜ ਰੁਪਏ ਦਾ ਇਨਾਮ ਮਿਲੇਗਾ।
ਇੰਨਾ ਹੀ ਨਹੀਂ ਸੈਮੀਫਾਈਨਲ 'ਚ ਹਾਰਨ ਵਾਲੀਆਂ ਟੀਮਾਂ 'ਤੇ ਵੀ ਆਈਸੀਸੀ ਨੇ ਕਾਫੀ ਪੈਸਾ ਖਰਚ ਕੀਤਾ ਹੈ। ਪਹਿਲੇ ਸੈਮੀਫਾਈਨਲ 'ਚ ਭਾਰਤ ਤੋਂ ਹਾਰਨ ਵਾਲੇ ਆਸਟ੍ਰੇਲੀਆ ਅਤੇ ਦੂਜੇ ਸੈਮੀਫਾਈਨਲ 'ਚ ਨਿਊਜ਼ੀਲੈਂਡ ਤੋਂ ਹਾਰਨ ਵਾਲੇ ਦੱਖਣੀ ਅਫਰੀਕਾ ਨੂੰ 5-5 ਲੱਖ 60 ਹਜ਼ਾਰ ਅਮਰੀਕੀ ਡਾਲਰ ਦਿੱਤੇ ਜਾਣਗੇ। ਆਈਸੀਸੀ ਨੇ ਇਸ ਟੂਰਨਾਮੈਂਟ ਲਈ ਇਨਾਮੀ ਰਾਸ਼ੀ ਵਜੋਂ 6.9 ਮਿਲੀਅਨ ਅਮਰੀਕੀ ਡਾਲਰ ਰੱਖੇ ਸਨ। 2017 ਦੇ ਟੂਰਨਾਮੈਂਟ ਦੇ ਮੁਕਾਬਲੇ ਇਨਾਮੀ ਰਾਸ਼ੀ ਵਿੱਚ 53 ਫੀਸਦੀ ਦਾ ਵਾਧਾ ਕੀਤਾ ਗਿਆ ਹੈ।
ਇਸ ਤੋਂ ਇਲਾਵਾ ਆਈਸੀਸੀ ਪੁਰਸ਼ ਚੈਂਪੀਅਨਜ਼ ਟਰਾਫੀ ਦਾ ਹਰ ਮੈਚ ਮਾਇਨੇ ਰੱਖਦਾ ਹੈ। ਗਰੁੱਪ ਗੇੜ ਦੇ ਹਰੇਕ ਮੈਚ ਨੂੰ ਜਿੱਤਣ ਲਈ, ਜੇਤੂ ਟੀਮ ਨੂੰ 34 ਹਜ਼ਾਰ ਅਮਰੀਕੀ ਡਾਲਰ ਭਾਵ ਲਗਭਗ 30 ਲੱਖ ਰੁਪਏ ਦੀ ਵਾਧੂ ਰਕਮ ਮਿਲੇਗੀ। ਇਸ ਦੇ ਨਾਲ ਹੀ ਟੂਰਨਾਮੈਂਟ ਵਿੱਚ ਭਾਗ ਲੈਣ ਲਈ ਇੱਕ ਲੱਖ 25 ਹਜ਼ਾਰ ਅਮਰੀਕੀ ਡਾਲਰ ਵੀ ਦਿੱਤੇ ਜਾਣਗੇ। ਇਸ ਵਾਰ ਆਈਸੀਸੀ ਨੇ ਪੰਜਵੇਂ, ਛੇਵੇਂ, ਸੱਤਵੇਂ ਅਤੇ ਅੱਠਵੇਂ ਸਥਾਨ 'ਤੇ ਰਹਿਣ ਵਾਲੀਆਂ ਟੀਮਾਂ ਲਈ ਇਨਾਮੀ ਰਾਸ਼ੀ ਵੀ ਰੱਖੀ ਸੀ। ਅਫਗਾਨਿਸਤਾਨ ਅਤੇ ਬੰਗਲਾਦੇਸ਼ ਪੰਜਵੇਂ ਅਤੇ ਛੇਵੇਂ ਜਦਕਿ ਇੰਗਲੈਂਡ ਅਤੇ ਪਾਕਿਸਤਾਨ ਸੱਤਵੇਂ ਅਤੇ ਅੱਠਵੇਂ ਸਥਾਨ 'ਤੇ ਸਨ।
- PTC NEWS