ਆਜ਼ਾਦੀ ਦਿਹਾੜੇ ਤੋਂ ਪਹਿਲਾਂ ਚੰਡੀਗੜ੍ਹ ਪੁਲਿਸ ਦੀ ਵੱਡੀ ਕਾਰਵਾਈ, 4 ਅੰਤਰਰਾਜੀ ਡਰੱਗ ਤੇ ਹਥਿਆਰ ਤਸਕਰ ਗ੍ਰਿਫ਼ਤਾਰ
Chandigarh Police : ਚੰਡੀਗੜ੍ਹ ਪੁਲਿਸ ਦੇ ਆਪ੍ਰੇਸ਼ਨ ਸੈੱਲ ਨੇ ਆਜ਼ਾਦੀ ਦਿਵਸ ਤੋਂ ਪਹਿਲਾਂ ਇੱਕ ਵੱਡੀ ਕਾਰਵਾਈ ਕਰਦਿਆਂ ਹਿਮਾਚਲ, ਹਰਿਆਣਾ, ਪੰਜਾਬ ਅਤੇ ਚੰਡੀਗੜ੍ਹ ਤੋਂ 4 ਅੰਤਰਰਾਜੀ ਨਸ਼ੀਲੇ ਪਦਾਰਥਾਂ ਦੇ ਤਸਕਰਾਂ ਅਤੇ ਹਥਿਆਰ ਸਪਲਾਇਰਾਂ (Drug and Illeagl Weapon Supply) ਨੂੰ ਗ੍ਰਿਫ਼ਤਾਰ ਕੀਤਾ ਹੈ।
ਐਸਪੀ ਗੀਤਾਂਜਲੀ ਖੰਡੇਲਵਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਵਿੱਚ ਅਜੀਤ ਸਿੰਘ (ਮੰਡੀ, ਹਿਮਾਚਲ ਪ੍ਰਦੇਸ਼), ਅਮਰ ਸਿੰਘ (ਕੁੱਲੂ, ਹਿਮਾਚਲ ਪ੍ਰਦੇਸ਼), ਰਿਸ਼ਭ ਦੇਵ (ਮੰਡੀ, ਹਿਮਾਚਲ ਪ੍ਰਦੇਸ਼) ਅਤੇ ਸ਼ਮਸ਼ਾਦ ਅਲੀ ਉਰਫ਼ ਜੱਗੀ (ਫਤਿਹਗੜ੍ਹ ਸਾਹਿਬ, ਪੰਜਾਬ) ਸ਼ਾਮਲ ਹਨ। ਪੁਲਿਸ ਨੇ ਉਨ੍ਹਾਂ ਦੇ ਕਬਜ਼ੇ ਵਿੱਚੋਂ 1 ਕਿਲੋ 790.44 ਗ੍ਰਾਮ ਹਸ਼ੀਸ਼, 53.90 ਗ੍ਰਾਮ ਹੈਰੋਇਨ, ਇੱਕ ਪਿਸਤੌਲ ਅਤੇ ਇੱਕ ਦੇਸੀ ਪਿਸਤੌਲ ਬਰਾਮਦ ਕੀਤਾ ਹੈ।
ਜਾਂਚ ਵਿੱਚ ਪਤਾ ਲੱਗਾ ਹੈ ਕਿ ਮੁਲਜ਼ਮ ਹਿਮਾਚਲ ਤੋਂ ਹਸ਼ੀਸ਼ ਅਤੇ ਹੈਰੋਇਨ ਲਿਆ ਕੇ ਟ੍ਰਾਈਸਿਟੀ ਵਿੱਚ ਸਪਲਾਈ ਕਰਦੇ ਸਨ। ਸ਼ਮਸ਼ਾਦ ਅਲੀ ਉਰਫ਼ ਜੱਗੀ ਹਰਪ੍ਰੀਤ ਉਰਫ਼ ਹੈਪੀ ਗੈਂਗ ਦਾ ਸਰਗਰਮ ਮੈਂਬਰ ਅਤੇ ਸ਼ਾਰਪ ਸ਼ੂਟਰ ਹੈ, ਜੋ ਗੈਂਗ ਲੀਡਰ ਦੇ ਨਿਰਦੇਸ਼ਾਂ 'ਤੇ ਵਿਦੇਸ਼ਾਂ ਤੋਂ ਹਥਿਆਰ ਅਤੇ ਨਸ਼ੀਲੇ ਪਦਾਰਥ ਸਪਲਾਈ ਕਰਦਾ ਸੀ।
ਪੁਲਿਸ ਦਾ ਕਹਿਣਾ ਹੈ ਕਿ ਇਹ ਕਾਰਵਾਈ ਆਜ਼ਾਦੀ ਦਿਵਸ ਅਤੇ ਤਿਉਹਾਰਾਂ ਦੇ ਸੀਜ਼ਨ ਨੂੰ ਧਿਆਨ ਵਿੱਚ ਰੱਖਦੇ ਹੋਏ ਸੁਰੱਖਿਆ ਪ੍ਰਣਾਲੀ ਨੂੰ ਮਜ਼ਬੂਤ ਕਰਨ ਲਈ ਕੀਤੀ ਗਈ ਹੈ। ਸਾਰੇ ਮੁਲਜ਼ਮਾਂ ਤੋਂ ਪੁੱਛਗਿੱਛ ਜਾਰੀ ਹੈ ਅਤੇ ਨਸ਼ਿਆਂ ਅਤੇ ਹਥਿਆਰਾਂ ਦੇ ਨੈੱਟਵਰਕ ਨੂੰ ਤੋੜਨ ਲਈ ਕਾਰਵਾਈ ਜਾਰੀ ਰਹੇਗੀ।
- PTC NEWS