ਹਿਮਾਚਲ ਵਿੱਚ ਕੁੱਲੂ ਜ਼ਿਲ੍ਹੇ ਦੇ ਅੰਨੀ ਖੇਤਰ 'ਚ ਫਟਿਆ ਬੱਦਲ
ਹਿਮਾਚਲ ਵਿੱਚ ਲੰਘੀ ਰਾਤ ਕੁੱਲੂ ਜ਼ਿਲ੍ਹੇ ਦੇ ਅੰਨੀ ਖੇਤਰ ਵਿੱਚ ਦੇ ਉੱਪਰਲੇ ਇਲਾਕਿਆਂ ’ਚ ਬੱਦਲ ਫਟਣ ਕਾਰਨ ਅਚਾਨਕ ਹੜ੍ਹ ਆ ਗਿਆ। ਇਸ ਦੌਰਾਨ ਅਲਰਟ ਜਾਰੀ ਕਰ ਕੇ ਅੱਧੀ ਰਾਤ ਨੂੰ ਨਦੀ ਕੰਢੇ ਰਹਿਣ ਵਾਲੇ ਲੋਕਾਂ ਨੂੰ ਸੁਰੱਖਿਅਤ ਥਾਵਾਂ ’ਤੇ ਪਹੁੰਚਾਇਆ ਗਿਆ। ਇਸੇ ਦੌਰਾਨ ਲੰਘੀ ਰਾਤ ਸ਼ਿਮਲਾ ਦੇ ਰਾਮਪੁਰ ਖੇਤਰ ਵਿੱਚ ਲਗਾਤਾਰ ਪੈ ਰਹੇ ਮੀਂਹ ਕਾਰਨ ਨਾ ਸਿਰਫ ਕੁੱਝ ਪਿੰਡਾਂ ਵਿੱਚ ਜ਼ਮੀਨ ਧੱਸ ਗਈ ਬਲਕਿ ਕਈ ਥਾਵਾਂ ’ਤੇ ਢਿੱਗਾਂ ਡਿੱਗ ਗਈਆਂ ਅਤੇ ਭਾਰੀ ਨੁਕਸਾਨ ਹੋ ਗਿਆ। ਕੁੱਲੂ ਜ਼ਿਲ੍ਹੇ ਦੇ ਅੰਨੀ ਖੇਤਰ ਵਿੱਚ ਬੱਦਲ ਫਟਣ ਤੋਂ ਬਾਅਦ ਆਏ ਹੜ੍ਹ ਦੌਰਾਨ ਕਈ ਬਾਗਾਂ ਨੂੰ ਵੀ ਨੁਕਸਾਨ ਪਹੁੰਚਿਆ ਅਤੇ ਕਈ ਥਾਈਂ ਸੜਕਾਂ ’ਤੇ ਆਵਾਜਾਈ ਪ੍ਰਭਾਵਿਤ ਹੋਈ।
ਪੰਜਾਬ-ਹਰਿਆਣਾ ਵਿੱਚ ਯੈੱਲੋ ਅਲਰਟ ਜਾਰੀ:
ਉੱਤਰ-ਪੱਛਮੀ ਇਲਾਕੇ ਪੰਜਾਬ, ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਵਿੱਚ ਅਗਲੇ ਹਫਤੇ ਤੋਂ ਮੁੜ ਮੌਨਸੂਨ ਐਕਟਿਵ ਹੋਣ ਅਤੇ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ। ਭਾਰਤੀ ਮੌਸਮ ਵਿਭਾਗ ਪਹਿਲਾਂ ਹੀ 3 ਤੇ 4 ਅਗਸਤ ਨੂੰ ਉੱਤਰ-ਪੱਛਮੀ ਸੂਬਿਆਂ ਵਿੱਚ ਭਾਰੀ ਮੀਂਹ ਦੀ ਪੇਸ਼ੀਨਗੋਈ ਕਰ ਚੁੱਕਾ ਹੈ। ਮੌਸਮ ਵਿਭਾਗ ਨੇ ਪੰਜਾਬ, ਹਰਿਆਣਾ ਤੇ ਹਿਮਾਚਲ ਪ੍ਰਦੇਸ਼ ਲਈ ਯੈਲੋ ਅਲਰਟ ਜਾਰੀ ਕੀਤਾ ਹੈ।
ਮੌਸਮ ਵਿਭਾਗ ਨੇ ਦਿੱਤੀ ਚਿਤਾਵਨੀ:
ਇਨ੍ਹਾਂ ਸੂਬਿਆਂ ਵਿੱਚ ਅਗਲੇ ਹਫ਼ਤੇ ਭਾਰੀ ਮੀਂਹ ਪੈ ਸਕਦਾ ਹੈ। ਮੌਸਮ ਵਿਭਾਗ ਮੁਤਾਬਕ ਇਨ੍ਹਾਂ ਇਲਾਕਿਆਂ ਵਿੱਚ ਅਗਲੇ ਚਾਰ ਤੋਂ ਪੰਜ ਦਿਨ ਲਗਾਤਾਰ ਮੀਂਹ ਪਵੇਗਾ। ਮੌਸਮ ਵਿਭਾਗ ਨੇ ਕਿਹਾ ਹੈ, ‘‘ਪੰਜਾਬ, ਹਰਿਆਣਾ ਤੇ ਹਿਮਾਚਲ ਪ੍ਰਦੇਸ਼ ਵਿੱਚ 2 ਤੇ 3 ਅਗਸਤ ਨੂੰ ਭਾਰੀ ਮੀਂਹ ਪਵੇਗਾ ਜਦਕਿ ਅਗਲੇ ਦੋ ਦਿਨ ਦਰਮਿਆਨੀ ਬਾਰਿਸ਼ ਹੋ ਸਕਦੀ ਹੈ।’’ ਮੀਂਹ ਕਾਰਨ ਹਿਮਾਚਲ ਪ੍ਰਦੇਸ਼ ਵਿੱਚ ਅਗਲੇ ਹਫਤੇ ਫਿਰ ਤੋਂ ਢਿੱਗਾਂ ਡਿੱਗ ਸਕਦੀਆਂ ਹਨ। ਹਾਲਾਂਕਿ, ਪੰਜਾਬ ਤੇ ਹਰਿਆਣਾ ਦੇ ਹੇਠਲੇ ਇਲਾਕਿਆਂ ’ਚ ਹੜ੍ਹ ਵਰਗੇ ਹਾਲਾਤ ਬਣ ਸਕਦੇ ਹਨ।
ਭਾਰਤੀ ਮੌਸਮ ਵਿਭਾਗ ਨੇ ਅੱਜ ਮੌਨਸੂਨ ਸਬੰਧੀ ਆਪਣੀ ਇਕ ਵਿਸ਼ੇਸ਼ ਰਿਪੋਰਟ ’ਚ ਦੱਸਿਆ ਹੈ ਕਿ ਜੁਲਾਈ ਮਹੀਨੇ ਵਿੱਚ ਪੰਜਾਬ ’ਚ ਪਹਿਲਾਂ ਹੀ ਜ਼ਿਆਦਾ ਮੀਂਹ ਪੈ ਚੁੱਕਾ ਹੈ, ਹਾਲਾਂਕਿ ਹਰਿਆਣਾ ਤੇ ਹਿਮਾਚਲ ਪ੍ਰਦੇਸ਼ ਵਿੱਚ ਬਹੁਤ ਜ਼ਿਆਦਾ ਮੀਂਹ ਪੈ ਚੁੱਕਾ ਹੈ। ਪੰਜਾਬ ਵਿੱਚ ਜੁਲਾਈ ਮਹੀਨੇ ਆਮ ਤੌਰ ’ਤੇ ਪੈਣ ਵਾਲੇ 150 ਮਿਲੀਮੀਟਰ ਮੀਂਹ ਦੇ ਮੁਕਾਬਲੇ ਹੁਣ ਤੱਕ 227.4 ਮਿਲੀਮੀਟਰ ਮੀਂਹ ਪੈ ਚੁੱਕਾ ਹੈ। ਇਸੇ ਤਰ੍ਹਾਂ ਹਿਮਾਚਲ ਪ੍ਰਦੇਸ਼ ਵਿੱਚ ਹੁਣ ਤੱਕ 430 ਮਿਲੀਮੀਟਰ ਮੀਂਹ ਪੈ ਚੁੱਕਾ ਹੈ
ਇਹ ਵੀ ਪੜ੍ਹੋ: ਨਵਾਂਸ਼ਹਿਰ: ਕੈਨੇਡਾ 'ਚ ਮਾਰੇ ਗਏ ਪੰਜਾਬੀ ਵਿਦਿਆਰਥੀ ਦੀ ਮਾਂ ਨੇ ਜ਼ਹਿਰ ਖਾ ਕੀਤੀ ਜੀਵਨ ਲੀਲਾ ਸਮਾਪਤ
- PTC NEWS