Congress ਨੇ ਡਾ. ਨਵਜੋਤ ਕੌਰ ਸਿੱਧੂ ਨੂੰ ਪਾਰਟੀ 'ਚੋਂ ਕੱਢਿਆ , ਪਹਿਲਾਂ ਕੀਤਾ ਸੀ ਸਸਪੈਂਡ, ਭੁਪੇਸ਼ ਬਘੇਲ ਨੇ ਦਿੱਤੀ ਜਾਣਕਾਰੀ
Navjot Kaur Sidhu News : ਪੰਜਾਬ 'ਚ ਸਾਬਕਾ ਕ੍ਰਿਕਟਰ ਅਤੇ ਸਾਬਕਾ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਪਤਨੀ ਡਾ. ਨਵਜੋਤ ਕੌਰ ਸਿੱਧੂ ਨੂੰ ਪਾਰਟੀ 'ਚੋਂ ਕੱਢ ਦਿੱਤਾ ਗਿਆ ਹੈ। ਛੱਤੀਸਗੜ੍ਹ ਦੇ ਸਾਬਕਾ ਮੁੱਖ ਮੰਤਰੀ ਅਤੇ ਪੰਜਾਬ ਕਾਂਗਰਸ ਇੰਚਾਰਜ ਭੁਪੇਸ਼ ਬਘੇਲ ਨੇ ਇਸ ਦੀ ਜਾਣਕਾਰੀ ਦਿੱਤੀ ਹੈ। ਹਾਲਾਂਕਿ, ਨਵਜੋਤ ਕੌਰ ਸਿੱਧੂ ਨੇ ਹਾਲ ਹੀ ਵਿੱਚ ਪਾਰਟੀ ਛੱਡਣ ਦਾ ਐਲਾਨ ਕੀਤਾ ਸੀ।
ਭੁਪੇਸ਼ ਬਘੇਲ ਅੱਜ ਅੰਮ੍ਰਿਤਸਰ ਵਿੱਚ ਡਾ. ਰਾਜਕੁਮਾਰ ਵੇਰਕਾ ਦੇ ਘਰ ਪਹੁੰਚੇ ਸਨ, ਜਿੱਥੇ ਉਨ੍ਹਾਂ ਨੇ ਮੀਡੀਆ ਨਾਲ ਗੱਲਬਾਤ ਕੀਤੀ ਅਤੇ ਕਈ ਮਹੱਤਵਪੂਰਨ ਮੁੱਦਿਆਂ 'ਤੇ ਪੰਜਾਬ ਅਤੇ ਕੇਂਦਰ ਸਰਕਾਰ ਨੂੰ ਘੇਰਿਆ। ਭੁਪੇਸ਼ ਬਘੇਲ ਨੇ ਸਪੱਸ਼ਟ ਤੌਰ 'ਤੇ ਕਿਹਾ ਕਿ ਨਵਜੋਤ ਕੌਰ ਸਿੱਧੂ ਨੂੰ ਪਹਿਲਾਂ ਪਾਰਟੀ ਤੋਂ ਮੁਅੱਤਲ ਕੀਤਾ ਗਿਆ ਸੀ, ਪਰ ਹੁਣ ਪਾਰਟੀ 'ਚੋਂ ਕੱਢ ਦਿੱਤਾ ਗਿਆ ਹੈ।
ਨਵਜੋਤ ਕੌਰ ਸਿੱਧੂ ਨੇ ਬੀਤੇ ਦਿਨੀਂ ਕਾਂਗਰਸ ਨੂੰ ਕਿਹਾ ਸੀ ਅਲਵਿਦਾ
ਨਵਜੋਤ ਕੌਰ ਸਿੱਧੂ ਨੇ ਟਵੀਟ ਕਰਦਿਆਂ ਕਿਹਾ ਸੀ ਕਿ ਰਾਜਾ ਵੜਿੰਗ ਹੁਣ ਤੱਕ ਦਾ ਸਭ ਤੋਂ ਨਾਕਾਬਿਲ ਤੇ ਭ੍ਰਿਸ਼ਟ ਪ੍ਰਧਾਨ ਹੈ। ਕਾਂਗਰਸ ਨੂੰ ਖ਼ਤਮ ਕਰਨ ਲਈ ਮੁੱਖ ਮੰਤਰੀ ਨਾਲ ਮਿਲ ਕੇ ਖ਼ੁਦ ਨੂੰ ਜੇਲ੍ਹ ਜਾਣ ਤੋਂ ਬਚਾਇਆ। ਛੋਟੇ-ਮੋਟੇ ਫਾਇਦੇ ਲਈ ਪਾਰਟੀ ਨੂੰ ਵੇਚ ਦਿੱਤਾ। ਉਨ੍ਹਾਂ ਕਿਹਾ ਕਿ ਮੇਰੇ ਕੋਲ ਤੈਨੂੰ ਖ਼ਤਮ ਕਰਨ ਲਈ ਕਾਫ਼ੀ ਸਬੂਤ ਹਨ। ਰਾਜਾ ਵੜਿੰਗ ਜਿੱਤਣ ਦੀ ਬਜਾਏ ਪਾਰਟੀ ਨੂੰ ਖ਼ਤਮ ਕਰਨ ਵਿੱਚ ਜ਼ਿਆਦਾ ਵਿਅਸਤ ਹੈ। ਆਪਣੀ ਪਾਰਟੀ ਪ੍ਰਤੀ ਇਮਾਨਦਾਰ ਨਾ ਹੋਣ 'ਤੇ ਤੁਹਾਨੂੰ ਸ਼ਰਮ ਆਉਣੀ ਚਾਹੀਦੀ ਹੈ।''
ਕੀ ਸੀ ਪੂਰਾ ਮਾਮਲਾ
ਦੱਸ ਦੇਈਏ ਕਿ ਕੁਝ ਦਿਨ ਪਹਿਲਾਂ ਡਾ. ਨਵਜੋਤ ਕੌਰ ਸਿੱਧੂ ਨੇ ਚੰਡੀਗੜ੍ਹ ਵਿੱਚ ਰਾਜਪਾਲ ਨਾਲ ਮੁਲਾਕਾਤ ਕੀਤੀ ਸੀ। ਨਵਜੋਤ ਸਿੰਘ ਸਿੱਧੂ ਨੂੰ ਮੁੱਖ ਮੰਤਰੀ ਬਣਾਉਣ ਦੇ ਸਵਾਲ 'ਤੇ ਉਨ੍ਹਾਂ ਕਿਹਾ, "ਸਾਡੇ ਕੋਲ ਮੁੱਖ ਮੰਤਰੀ ਬਣਨ ਲਈ 500 ਕਰੋੜ ਰੁਪਏ ਨਾਲ ਭਰਿਆ ਬ੍ਰੀਫਕੇਸ ਨਹੀਂ ਹੈ। ਉਹ ਤਾਂ ਹੀ ਐਕਟਿਵ ਹੋਣਗੇ ਜੇਕਰ ਕਾਂਗਰਸ ਉਨ੍ਹਾਂ ਨੂੰ ਮੁੱਖ ਮੰਤਰੀ ਚਿਹਰਾ ਬਣਾਏਗੀ। ਇਸ ਦੇ ਬਾਅਦ ਕਾਂਗਰਸ 'ਤੇ ਮੁੱਖ ਮੰਤਰੀ ਬਣਾਉਣ ਲਈ 500 ਕਰੋੜ ਰੁਪਏ ਲੈਣ ਦੇ ਆਰੋਪ ਲੱਗ ਗਏ। ਨਵਜੋਤ ਕੌਰ ਇੱਥੇ ਹੀ ਨਹੀਂ ਰੁਕੀ; ਉਸਨੇ ਵੜਿੰਗ ਅਤੇ ਰੰਧਾਵਾ 'ਤੇ ਟਿਕਟਾਂ ਵੇਚਣ ਦਾ ਵੀ ਆਰੋਪ ਲਗਾਇਆ। ਇਸ ਤੋਂ ਬਾਅਦ ਡਾ. ਨਵਜੋਤ ਕੌਰ ਸਿੱਧੂ ਨੂੰ ਮੁਅੱਤਲ ਕਰ ਦਿੱਤਾ ਗਿਆ।
- PTC NEWS