Cyber Crime in Punjab : ਪੰਜਾਬ 'ਚ 1 ਸਾਲ ਦੌਰਾਨ 474.49 ਕਰੋੜ ਰੁਪਏ ਦੀ ਸਾਈਬਰ ਧੋਖਾਧੜੀ! ਸਰਕਾਰ ਦਾ ਹਾਈਕੋਰਟ 'ਚ ਖੁਲਾਸਾ
Cyber Fruad in Punjab : ਪਿਛਲੇ ਇੱਕ ਸਾਲ ਦੌਰਾਨ ਪੰਜਾਬ ਵਿੱਚ 474.49 ਕਰੋੜ ਰੁਪਏ ਦੀ ਸਾਈਬਰ ਧੋਖਾਧੜੀ ਹੋਈ, ਪਰ ਸਿਰਫ਼ 69 ਲੱਖ ਰੁਪਏ ਹੀ ਬਰਾਮਦ ਹੋਏ। ਪੰਜਾਬ ਸਰਕਾਰ ਨੇ ਹਾਈ ਕੋਰਟ ਵਿੱਚ ਪੇਸ਼ ਕੀਤੀ ਰਿਪੋਰਟ ਵਿੱਚ ਇਹ ਖੁਲਾਸਾ ਕੀਤਾ ਹੈ। ਹਾਈ ਕੋਰਟ ਨੇ ਪੰਜਾਬ ਸਰਕਾਰ (Punjab Government) ਨੂੰ ਇਸ 'ਤੇ ਕਾਬੂ ਪਾਉਣ ਲਈ ਸਖ਼ਤ ਕਦਮ ਚੁੱਕਣ ਦੇ ਹੁਕਮ ਦਿੱਤੇ ਹਨ। ਅਦਾਲਤ ਨੇ ਸਰਕਾਰ ਤੋਂ ਵੀ ਪੁੱਛਿਆ ਕਿ ਜਿਨ੍ਹਾਂ ਮਾਮਲਿਆਂ ਵਿੱਚ ਅਜੇ ਤੱਕ ਮੁਲਜ਼ਮ ਫੜੇ ਨਹੀਂ ਗਏ, ਉਨ੍ਹਾਂ ਦੇ ਪੀੜਤਾਂ ਨੂੰ ਮੁਆਵਜ਼ਾ ਦੇਣ ਲਈ ਕੀ ਕਦਮ ਚੁੱਕੇ ਜਾ ਰਹੇ ਹਨ ?
ਹਾਈ ਕੋਰਟ ਨੇ ਇਹ ਹੁਕਮ ਪੰਜਾਬ ਦੇ ਸਿਹਤ ਵਿਭਾਗ ਦੇ ਸੇਵਾਮੁਕਤ ਅਧਿਕਾਰੀ ਡਾਕਟਰ ਕਰਮਜੀਤ ਸਿੰਘ ਵੱਲੋਂ ਦਾਇਰ ਪਟੀਸ਼ਨ ’ਤੇ ਸੁਣਵਾਈ ਕਰਦਿਆਂ ਦਿੱਤੇ ਹਨ। ਦਾਇਰ ਪਟੀਸ਼ਨ 'ਚ ਪਟੀਸ਼ਨਕਰਤਾ ਨੇ ਕਿਹਾ ਸੀ ਕਿ ਉਸ ਨਾਲ ਸਾਈਬਰ ਠੱਗੀ ਹੋਈ ਹੈ। ਉਨ੍ਹਾਂ ਨੂੰ 'ਸੀਕ੍ਰੇਟ ਏਸਕੇਪਸ' ਟੈਲੀਗ੍ਰਾਮ ਗਰੁੱਪ ਰਾਹੀਂ ਕੰਮ ਕਰਨ ਵਾਲੇ ਘੁਟਾਲੇਬਾਜ਼ਾਂ ਰਾਹੀਂ ਧੋਖਾ ਦਿੱਤਾ ਗਿਆ ਅਤੇ ਮੁਨਾਫ਼ੇ ਦਾ ਵਾਅਦਾ ਕਰਕੇ ਨਿਵੇਸ਼ ਕਰਨ ਦਾ ਲਾਲਚ ਦਿੱਤਾ ਗਿਆ।
ਪੁਲਿਸ ਨਹੀਂ ਕਰਦੀ ਸਾਈਬਰ ਧੋਖਾਧੜੀ ਮਾਮਲੇ 'ਚ ਕਾਰਵਾਈ ?
ਬਾਅਦ ਵਿੱਚ ਉਸ ਨੂੰ ਪਤਾ ਲੱਗਾ ਕਿ ਉਹ ਸਾਈਬਰ ਧੋਖਾਧੜੀ ਦਾ ਸ਼ਿਕਾਰ ਹੋ ਗਿਆ ਹੈ। ਉਨ੍ਹਾਂ ਨੇ ਸਾਈਬਰ ਪੁਲਿਸ (Punjab Police) ਨੂੰ ਸ਼ਿਕਾਇਤ ਕੀਤੀ ਅਤੇ ਧੋਖੇਬਾਜ਼ਾਂ ਬਾਰੇ ਜਾਣਕਾਰੀ ਵੀ ਦਿੱਤੀ ਪਰ ਇਸ ਦੇ ਬਾਵਜੂਦ ਪੁਲਿਸ ਨੇ ਮਾਮਲਾ ਦਰਜ ਨਹੀਂ ਕੀਤਾ। ਜਦੋਂਕਿ ਨਵੇਂ ਕਾਨੂੰਨ ਅਨੁਸਾਰ ਸ਼ਿਕਾਇਤ 'ਤੇ 14 ਦਿਨਾਂ ਦੀ ਜਾਂਚ ਤੋਂ ਬਾਅਦ ਐਫਆਈਆਰ ਦਰਜ ਕਰਨ ਦੀ ਵਿਵਸਥਾ ਹੈ।
ਪਟੀਸ਼ਨ 'ਤੇ ਸੁਣਵਾਈ ਕਰਦਿਆਂ ਹਾਈਕੋਰਟ ਨੇ ਪੰਜਾਬ 'ਚ ਪਿਛਲੇ ਇਕ ਸਾਲ ਦੌਰਾਨ ਸਾਈਬਰ ਧੋਖਾਧੜੀ ਦੇ ਮਾਮਲਿਆਂ ਦੀ ਜਾਣਕਾਰੀ ਮੰਗੀ ਸੀ। ਸਰਕਾਰ ਨੇ ਇਸ ਹੁਕਮ 'ਤੇ ਇਹ ਜਾਣਕਾਰੀ ਦਿੱਤੀ ਹੈ।
- PTC NEWS