Amritsar Grenade Blast : ''ਅੱਗੇ ਵੀ ਅਜਿਹੇ ਧਮਾਕੇ ਜਾਰੀ ਰਹਿਣਗੇ'' ਜਾਣੋ ਕਿਸ ਨੇ ਲਈ ਮਜੀਠਾ ਧਮਾਕੇ ਦੀ ਜ਼ਿੰਮੇਵਾਰੀ ਅਤੇ ਕੀ ਰਿਹਾ ਕਾਰਨ
Amritsar Grenade Blast : ਅੰਮ੍ਰਿਤਸਰ 'ਚ ਸਵੇਰੇ ਮਜੀਠਾ ਰੋਡ 'ਤੇ ਸਵੇਰੇ ਇੱਕ ਵਿਅਕਤੀ ਦੇ ਹੱਥ ਵਿੱਚ ਗ੍ਰੇਨੇਡ ਫਟ ਗਿਆ ਸੀ, ਜਿਸ ਦੌਰਾਨ ਸ਼ਖ਼ਸ ਗੰਭੀਰ ਜ਼ਖ਼ਮੀ ਹੋ ਗਈ ਸੀ ਅਤੇ ਹਸਪਤਾਲ ਵਿੱਚ ਜ਼ੇਰੇ ਇਲਾਜ ਉਸ ਦੀ ਮੌਤ ਹੋ ਗਈ ਸੀ। ਹੁਣ ਇਸ ਧਮਾਕੇ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਇੱਕ ਕਥਿਤ ਪੋਸਟ ਸਾਹਮਣੇ ਆਈ ਹੈ, ਜਿਸ ਵਿੱਚ ਇਸ ਧਮਾਕੇ ਨੂੰ ਲੈ ਕੇ ਜ਼ਿੰਮੇਵਾਰੀ ਲਈ ਗਈ ਹੈ ਅਤੇ ਦੱਸਿਆ ਗਿਆ ਹੈ ਕਿ ਇਹ ਧਮਾਕਾ ਕਿਉਂ ਕੀਤਾ ਗਿਆ ਹੈ।
ਕਥਿਤ ਸੋਸ਼ਲ ਮੀਡੀਆ ਪੋਸਟ ਰਾਹੀਂ ਧਮਾਕੇ ਦੀ ਜ਼ਿੰਮੇਵਾਰੀ ਦਲਜੀਤ ਕਾਫਿਰ ਸਿੰਘ ਖੱਤਰੀ ਨਾਮ ਦੇ ਵਿਅਕਤੀ ਵੱਲੋਂ ਲਈ ਗਈ ਹੈ, ਜਿਸ ਨੇ ਕਥਿਤ ਵਾਇਰਲ ਪੋਸਟ ਵਿੱਚ ਕਿਹਾ, ''ਮਜੀਠਾ ਰੋਡ 'ਤੇ ਹੋਏ ਬੰਬ ਧਮਾਕੇ ਦੀ ਜ਼ਿੰਮੇਵਾਰੀ ਅਸੀਂ ਲੈਂਦੇ ਹਾਂ। ਇਹ ਧਮਾਕਾ ਸਾਡੇ ਵੱਲੋਂ ਕੀਤਾ ਗਿਆ ਸੀ ਤਾਂ ਜੋ ਸੀਆਈਏ ਬਠਿੰਡਾ ਵੱਲੋਂ ਤਸ਼ੱਦਦ ਕਰਕੇ ਮਾਰੇ ਗਏ ਭਾਪੇ ਦੀ ਮੌਤ ਤੋਂ ਧਿਆਨ ਹਟਾਇਆ ਜਾ ਸਕੇ...।''
ਪੋਸਟ ਵਿੱਚ ਅੱਗੇ ਕਿਹਾ ਗਿਆ ਹੈ ਕਿ ਅਜਿਹੇ ਧਮਾਕੇ ਅੱਗੇ ਵੀ ਕੀਤੇ ਜਾਂਦੇ ਰਹਿਣਗੇ।
ਦੱਸ ਦਈਏ ਕਿ ਮਜੀਠਾ ਰੋਡ ਬਾਈਪਾਸ 'ਤੇ ਸਥਿਤ 'ਡੀਸੈਂਟ ਐਵੇਨਿਊ' ਕਲੋਨੀ ਦੇ ਬਾਹਰ ਧਮਾਕਾ ਹੋਇਆ ਹੈ, ਜਿਸ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਸੀ। ਧਮਾਕੇ ਦੀ ਖ਼ਬਰ ਮਿਲਦੇ ਹੀ ਇਲਾਕੇ ਵਿੱਚ ਦਹਿਸ਼ਤ ਫੈਲ ਗਈ ਅਤੇ ਪੁਲਿਸ ਟੀਮ ਤੁਰੰਤ ਮੌਕੇ 'ਤੇ ਪਹੁੰਚ ਗਈ।
ਪੁਲਿਸ ਦਾ ਕੀ ਸੀ ਕਹਿਣਾ ?
ਉਧਰ, ਡੀਆਈਜੀ ਸਤਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਸੀ ਕਿ ਧਮਾਕਾਖੇਜ ਸਮੱਗਰੀ ਲੈ ਕੇ ਆ ਰਹੇ ਵਿਅਕਤੀ ਦੀ ਗੁਰੂ ਨਾਨਕ ਦੇਵ ਹਸਪਤਾਲ ਵਿੱਚ ਮੌਤ ਹੋ ਗਈ ਹੈ।ਉਨ੍ਹਾਂ ਕਿਹਾ ਕਿ ਧਮਾਕੇ ਦੀਆਂ ਤਾਰਾਂ ਬੱਬਰ ਖਾਲਸਾ ਇੰਟਰਨੈਸ਼ਨਲ ਨਾਲ ਜੁੜੀਆਂ ਹਨ। ਉਨ੍ਹਾਂ ਦੱਸਿਆ ਮ੍ਰਿਤਕ ਦੀ ਜੇਬ ਵਿਚੋਂ ਮਿਲੀ ਸਮੱਗਰੀ ਦੇ ਆਧਾਰ 'ਤੇ ਬੱਬਰ ਖਾਲਸਾ ਬਾਰੇ ਜਾਣਕਾਰੀ ਮਿਲੀ ਹੈ। ਪੁਸਿਲ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਅਤੇ ਮਾਮਲੇ ਵਿੱਚ ਜਲਦ ਗ੍ਰਿਫ਼ਤਾਰੀਆਂ ਹੋਣਗੀਆਂ।
(ਨੋਟ : ਪੀਟੀਸੀ ਨਿਊਜ਼ ਇਸ ਪੋਸਟ ਦੀ ਜ਼ਿੰਮੇਵਾਰੀ ਨਹੀਂ ਲੈਂਦਾ।)
- PTC NEWS