Delhi IAS Coaching Centre Tragedy : ਦਿੱਲੀ 'ਚ UPSC ਵਿਦਿਆਰਥੀਆਂ ਦੀ ਮੌਤ 'ਤੇ ਹੋਇਆ ਹੰਗਾਮਾ, ਕੋਚਿੰਗ ਸੈਂਟਰ ਮਾਲਕ ਸਮੇਤ 2 ਗ੍ਰਿਫਤਾਰ
Delhi IAS Coaching Centre Tragedy : ਦਿੱਲੀ ਦੇ ਪੁਰਾਣੇ ਰਾਜੇਂਦਰ ਨਗਰ ਇਲਾਕੇ 'ਚ ਸ਼ਨੀਵਾਰ ਨੂੰ ਭਾਰੀ ਮੀਂਹ ਤੋਂ ਬਾਅਦ ਰਾਓ ਆਈਏਐਸ ਕੋਚਿੰਗ ਸੈਂਟਰ ਦੀ ਇੱਕ ਇਮਾਰਤ ਦੇ ਬੇਸਮੈਂਟ 'ਚ ਪਾਣੀ ਭਰ ਜਾਣ ਕਾਰਨ ਸਿਵਲ ਸੇਵਾਵਾਂ ਪ੍ਰੀਖਿਆ ਦੀ ਤਿਆਰੀ ਕਰ ਰਹੇ ਯੂਪੀਐਸਸੀ ਦੇ ਤਿੰਨ ਵਿਦਿਆਰਥੀਆਂ ਦੀ ਮੌਤ ਹੋ ਗਈ।
ਦਿੱਲੀ ਦੇ ਪੁਰਾਣੇ ਰਾਜਿੰਦਰ ਨਾਗਰ ਰਾਓ ਆਈਏਐਸ ਸਟੱਡੀ ਸਰਕਲ ਦੀ ਬੇਸਮੈਂਟ ਵਿੱਚ ਪਾਣੀ ਭਰਨ ਕਾਰਨ ਯੂਪੀਐਸਸੀ ਦੀ ਤਿਆਰੀ ਕਰ ਰਹੇ ਤਿੰਨ ਵਿਦਿਆਰਥੀਆਂ ਦੀ ਮੌਤ ਦੇ ਮਾਮਲੇ ਵਿੱਚ ਦਿੱਲੀ ਪੁਲੀਸ ਨੇ ਕੋਚਿੰਗ ਸੈਂਟਰ ਦੇ ਮਾਲਕ ਅਭਿਸ਼ੇਕ ਗੁਪਤਾ ਅਤੇ ਕੋਆਰਡੀਨੇਟਰ ਦੇਸ਼ਪਾਲ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਹੈ।
ਮਰਨ ਵਾਲਿਆਂ ਵਿੱਚ 1 ਵਿਦਿਆਰਥੀ ਅਤੇ 2 ਵਿਦਿਆਰਥਣਾਂ ਸ਼ਾਮਲ ਹਨ। ਤਿੰਨੋਂ ਮ੍ਰਿਤਕਾਂ ਦੀ ਪਛਾਣ ਹੋ ਗਈ ਹੈ। ਇਸ ਦਰਦਨਾਕ ਘਟਨਾ ਤੋਂ ਗੁੱਸੇ ਵਿੱਚ ਆਏ ਵਿਦਿਆਰਥੀਆਂ ਨੇ ਯੂਪੀਐਸਸੀ ਦੇ ਵਿਦਿਆਰਥੀਆਂ ਦੀ ਮੌਤ ਦੇ ਵਿਰੋਧ ਵਿੱਚ ਰੋਸ ਪ੍ਰਦਰਸ਼ਨ ਕੀਤਾ ਅਤੇ ਅਧਿਕਾਰੀਆਂ ਖ਼ਿਲਾਫ਼ ਨਾਅਰੇਬਾਜ਼ੀ ਕੀਤੀ।
ਇਸ ਮਾਮਲੇ ਵਿੱਚ ਦਿੱਲੀ ਦੇ ਮਾਲ ਮੰਤਰੀ ਆਤਿਸ਼ੀ ਨੇ ਮੁੱਖ ਸਕੱਤਰ ਨਰੇਸ਼ ਕੁਮਾਰ ਨੂੰ ਘਟਨਾ ਦੀ ਜਾਂਚ ਸ਼ੁਰੂ ਕਰਕੇ 24 ਘੰਟਿਆਂ ਵਿੱਚ ਰਿਪੋਰਟ ਸੌਂਪਣ ਦੇ ਨਿਰਦੇਸ਼ ਦਿੱਤੇ ਹਨ। ਆਤਿਸ਼ੀ ਨੇ ਇੰਸਟਾਗ੍ਰਾਮ 'ਤੇ ਪੋਸਟ ਕੀਤਾ, "ਇਹ ਪਤਾ ਲਗਾਉਣ ਲਈ ਮੈਜਿਸਟ੍ਰੇਟ ਜਾਂਚ ਦੇ ਆਦੇਸ਼ ਦਿੱਤੇ ਗਏ ਹਨ। ਇਸ ਘਟਨਾ ਲਈ ਜੋ ਵੀ ਜ਼ਿੰਮੇਵਾਰ ਹੈ, ਉਸ ਨੂੰ ਬਖਸ਼ਿਆ ਨਹੀਂ ਜਾਵੇਗਾ।"
ਦਿੱਲੀ ਪੁਲਿਸ ਨੇ ਇਸ ਦਰਦਨਾਕ ਹਾਦਸੇ ਦੇ ਸਬੰਧ ਵਿੱਚ ਕੋਚਿੰਗ ਸੈਂਟਰ ਦੇ ਮਾਲਕ ਅਤੇ ਕੋਆਰਡੀਨੇਟਰ ਨੂੰ ਗ੍ਰਿਫਤਾਰ ਕਰ ਲਿਆ ਹੈ। ਡੀਸੀਪੀ ਐਮ ਹਰਸ਼ ਵਰਧਨ ਨੇ ਦੱਸਿਆ ਕਿ ਦਿੱਲੀ ਪੁਲਿਸ ਨੇ ਇਸ ਸਬੰਧ ਵਿੱਚ ਬੀਐਨਐਸ ਦੀ ਧਾਰਾ 105, 106 (1), 115 (2), 290 ਅਤੇ 35 ਦੇ ਤਹਿਤ ਕੇਸ ਦਰਜ ਕੀਤਾ ਹੈ। ਇਹ ਕੇਸ ਕੋਚਿੰਗ ਇੰਸਟੀਚਿਊਟ ਅਤੇ ਇਮਾਰਤ ਦੇ ਪ੍ਰਬੰਧਕਾਂ ਅਤੇ ਉਸ ਜਗ੍ਹਾ 'ਤੇ ਡਰੇਨ ਦੇ ਰੱਖ-ਰਖਾਅ ਲਈ ਜ਼ਿੰਮੇਵਾਰ ਲੋਕਾਂ ਦੇ ਖਿਲਾਫ ਹੈ। ਅਗਲੇਰੀ ਜਾਂਚ ਜਾਰੀ ਹੈ।
ਹਾਦਸੇ ਤੋਂ ਬਾਅਦ ਡੀਸੀਪੀ ਹਰਸ਼ਵਰਧਨ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਅਜਿਹਾ ਲੱਗ ਰਿਹਾ ਸੀ ਕਿ ਬੇਸਮੈਂਟ ਬਹੁਤ ਤੇਜ਼ੀ ਨਾਲ ਪਾਣੀ ਨਾਲ ਭਰ ਗਈ ਸੀ, ਜਿਸ ਕਾਰਨ ਕੁਝ ਲੋਕ ਅੰਦਰ ਫਸ ਗਏ ਸਨ। ਦੱਸ ਦਈਏ ਕਿ ਬੇਸਮੈਂਟ 'ਚ ਫਸੇ ਲੋਕਾਂ ਨੂੰ ਕੱਢਣ ਲਈ NDRF, ਸਥਾਨਕ ਪੁਲਸ ਅਤੇ ਫਾਇਰ ਵਿਭਾਗ ਵੱਲੋਂ ਕਈ ਘੰਟਿਆਂ ਤੱਕ ਬਚਾਅ ਮੁਹਿੰਮ ਚਲਾਈ ਗਈ। ਇਸ ਦੌਰਾਨ ਮੌਕੇ ਤੋਂ ਦੋ ਵਿਦਿਆਰਥਣਾਂ ਅਤੇ ਇੱਕ ਲੜਕੇ ਦੀਆਂ ਲਾਸ਼ਾਂ ਬਰਾਮਦ ਹੋਈਆਂ। ਇਸ ਦੇ ਨਾਲ ਹੀ ਹੁਣ ਇਸ ਹਾਦਸੇ 'ਤੇ ਸਿਆਸਤ ਵੀ ਸ਼ੁਰੂ ਹੋ ਗਈ ਹੈ। ਇਸ ਘਟਨਾ ਲਈ ਭਾਜਪਾ ਤੋਂ ਲੈ ਕੇ ਕਾਂਗਰਸ ਤੱਕ 'ਆਪ' ਸਰਕਾਰ ਨੂੰ ਜ਼ਿੰਮੇਵਾਰ ਠਹਿਰਾਇਆ ਜਾ ਰਿਹਾ ਹੈ।
ਇਹ ਵੀ ਪੜ੍ਹੋ : Delhi ਦੇ ਕੋਚਿੰਗ ਸੈਂਟਰ ਦੀ ਬੇਸਮੈਂਟ ’ਚ ਭਰਿਆ ਪਾਣੀ; ਕਈ ਵਿਦਿਆਰਥੀ ਲਾਪਤਾ, 3 ਦੀਆਂ ਮਿਲੀਆਂ ਲਾਸ਼ਾਂ
- PTC NEWS