Delhi Police ਨੇ ਗੈਂਗਸਟਰ ਬੌਬੀ ਕਬੂਤਰ ਨੂੰ ਗੁਰੂਗ੍ਰਾਮ ਤੋਂ ਕੀਤਾ ਗ੍ਰਿਫ਼ਤਾਰ, ਮੂਸੇਵਾਲਾ ਦੇ ਕਤਲ ਲਈ ਕੀਤੀ ਸੀ ਰੇਕੀ
Bobby Kabutar Arrested : ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਲਾਰੈਂਸ ਬਿਸ਼ਨੋਈ ਗੈਂਗ ਦੇ ਇੱਕ ਮੋਸਟ ਵਾਂਟੇਡ ਅਪਰਾਧੀ ਨੂੰ ਫੜਨ ਵਿੱਚ ਸਫਲਤਾ ਹਾਸਲ ਕੀਤੀ ਹੈ। ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਗੈਂਗਸਟਰ ਬੌਬੀ ਕਬੂਤਰ ਨੂੰ ਗੁਰੂਗ੍ਰਾਮ ਤੋਂ ਗ੍ਰਿਫ਼ਤਾਰ ਕਰ ਲਿਆ ਹੈ। ਦਿੱਲੀ ਪੁਲਿਸ ਦੀ ਜਾਂਚ ਅਨੁਸਾਰ ਬੌਬੀ ਕਬੂਤਰ ਨੇ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਲਈ ਰੇਕੀ ਕੀਤੀ ਸੀ।
ਉਹ ਮੂਸੇਵਾਲਾ ਦੇ ਕਤਲ ਲਈ ਆਏ ਸ਼ੂਟਰ ਸ਼ਾਹਰੁਖ ਦੇ ਸੰਪਰਕ ਵਿੱਚ ਸੀ। ਹਾਲਾਂਕਿ ਸ਼ਾਹਰੁਖ ਨੇ ਬਾਅਦ ਵਿੱਚ ਮੂਸੇਵਾਲਾ ਦੇ ਏਕੇ-47 ਵਾਲੇ ਗੰਨਮੈਨ ਦੇਖ ਕੇ ਕਤਲ ਕਰਨ ਤੋਂ ਇਨਕਾਰ ਕਰ ਦਿੱਤਾ ਸੀ। ਇਸ ਤੋਂ ਬਾਅਦ ਲਾਰੈਂਸ ਗੈਂਗ ਨੇ ਪੰਜਾਬ ਅਤੇ ਹਰਿਆਣਾ ਦੇ ਸ਼ੂਟਰਾਂ ਜ਼ਰੀਏ ਸਿੱਧੂ ਮੂਸੇਵਾਲਾ ਦਾ ਕਤਲ ਕਰਵਾਇਆ ਸੀ। ਉਸ ‘ਤੇ ਇਲਜ਼ਾਮ ਹੈ ਕਿ ਉਸ ਨੇ ਸਿੰਗਰ ਮੂਸੇਵਾਲਾ ਦੇ ਕਤਲ ਦੇ ਲਈ ਜ਼ਮੀਨੀ ਪੱਧਰ ‘ਤੇ ਜਾਣਕਾਰੀ ਜੁਟਾਈ ਸੀ।
ਮੂਸੇਵਾਲਾ ਦੇ ਕਤਲ ਤੋਂ ਲਗਭਗ ਚਾਰ ਸਾਲ ਬਾਅਦ ਪੁਲਿਸ ਨੇ ਉਸਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਅਨੁਸਾਰ ਉਸਦੇ ਖਿਲਾਫ ਕਈ ਕਤਲ ਦੇ ਮਾਮਲੇ ਵੀ ਦਰਜ ਹਨ। ਦਿੱਲੀ ਪੁਲਿਸ ਦਾ ਸਪੈਸ਼ਲ ਸੈੱਲ ਸਿੱਧੂ ਮੂਸੇਵਾਲਾ ਕੇਸ ਸਮੇਤ ਕਈ ਮਾਮਲਿਆਂ ਵਿੱਚ ਬੌਬੀ ਕਬੂਤਰ ਦੀ ਭਾਲ ਕਰ ਰਿਹਾ ਸੀ। ਆਰੋਪੀ ਬੌਬੀ ਦਿੱਲੀ ਦੇ ਸੀਲਮਪੁਰ ਖੇਤਰ ਦਾ ਰਹਿਣ ਵਾਲਾ ਹੈ।ਪੁਲਿਸ ਸੂਤਰਾਂ ਅਨੁਸਾਰ ਉਹ 7 ਸਾਲਾਂ ਤੋਂ ਗ੍ਰਿਫ਼ਤਾਰੀ ਤੋਂ ਬਚ ਰਿਹਾ ਸੀ ਅਤੇ ਗੈਂਗ ਦੀਆਂ ਅਪਰਾਧਿਕ ਗਤੀਵਿਧੀਆਂ ਵਿੱਚ ਸਰਗਰਮੀ ਨਾਲ ਸ਼ਾਮਲ ਸੀ।
ਪੁਲਿਸ ਦੇ ਅਨੁਸਾਰ ਬੌਬੀ ਕਬੂਤਰ ਨੂੰ ਲਾਰੈਂਸ ਬਿਸ਼ਨੋਈ ਗੈਂਗ ਦਾ ਕਰੀਬੀ ਅਤੇ ਬਹੁਤ ਭਰੋਸੇਮੰਦ ਮੰਨਿਆ ਜਾਂਦਾ ਹੈ। ਦੱਸ ਦੇਈਏ ਕਿ 29 ਮਈ 2022 ਨੂੰ ਪੰਜਾਬ ਦੇ ਮਾਨਸਾ ਜ਼ਿਲ੍ਹੇ ਦੇ ਪਿੰਡ ਜਵਾਹਰਕੇ ਵਿੱਚ ਅਣਪਛਾਤੇ ਹਮਲਾਵਰਾਂ ਨੇ ਸਿੱਧੂ ਮੂਸੇਵਾਲਾ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ। ਇਸ ਕਤਲ ਵਿੱਚ ਲਾਰੈਂਸ ਬਿਸ਼ਨੋਈ ਗੈਂਗ ਦੇ ਸ਼ਾਮਲ ਹੋਣ ਦਾ ਸ਼ੱਕ ਸੀ। ਪੰਜਾਬ ਪੁਲਿਸ ਨੇ ਇਸ ਮਾਮਲੇ ਵਿੱਚ ਕਈ ਗ੍ਰਿਫ਼ਤਾਰੀਆਂ ਕੀਤੀਆਂ ਹਨ।
- PTC NEWS