G20 Summit 2023: ਜੀ-20 ਸੰਮੇਲਨ ਨੂੰ ਲੈ ਕੇ ਦਿੱਲੀ ਪੁਲਿਸ ਮੁਸਤੈਦ, ਇੱਥੇ ਪੜ੍ਹੋ ਕਿਹੜੇ-ਕਿਹੜੇ ਕੀਤੇ ਗਏ ਹਨ ਪ੍ਰਬੰਧ
G20 Summit 2023: ਰਾਜਧਾਨੀ ਦਿੱਲੀ ਵਿੱਚ ਹੋਣ ਵਾਲੇ ਜੀ-20 ਸਿਖਰ ਸੰਮੇਲਨ ਵਿੱਚ ਸਿਰਫ਼ ਚਾਰ ਦਿਨ ਬਾਕੀ ਹਨ। ਸੁਰੱਖਿਆ ਤੋਂ ਲੈ ਕੇ ਟ੍ਰੈਫਿਕ ਵਿਵਸਥਾ ਤੱਕ ਸਾਰੇ ਪ੍ਰਬੰਧ ਕੀਤੇ ਗਏ ਹਨ। ਕਈ ਵਾਰ ਰਿਹਰਸਲ ਵੀ ਹੋ ਚੁੱਕੀ ਹੈ। ਦੂਜੇ ਪਾਸੇ ਪੁਲਿਸ ਵੱਲੋਂ ਸੁਰੱਖਿਆ ਦੇ ਸਖਤ ਪ੍ਰਬੰਧ ਕੀਤੇ ਗਏ ਹਨ।
ਸੁਰੱਖਿਆ ਦੇ ਸਖਤ ਪ੍ਰਬੰਧ
ਅਜਿਹੇ 'ਚ ਹੁਣ ਪੁਲਿਸ ਦੀ ਤਰਜੀਹ ਸੁਰੱਖਿਆ ਨਾਲ ਜੁੜੀਆਂ ਸਾਰੀਆਂ ਸੂਚਨਾਵਾਂ ਨੂੰ ਗੁਪਤ ਰੱਖਣ ਦੀ ਹੈ ਤਾਂ ਕਿ ਇਸ ਦੀ ਦੁਰਵਰਤੋਂ ਨਾ ਹੋ ਸਕੇ। ਇਸ ਦੇ ਲਈ ਪੁਲਿਸ ਨੇ ਵਟਸਐਪ ਦੀ ਬਜਾਏ ਐਨਆਈਸੀ ਦੁਆਰਾ ਬਣਾਈ ਗਈ ਮੈਸੇਜ ਐਪ ਨੂੰ ਅਪਣਾਇਆ ਹੈ। ਅਗਲੇ ਹੁਕਮਾਂ ਤੱਕ, ਇੰਸਪੈਕਟਰ ਤੋਂ ਲੈ ਕੇ ਸੀਨੀਅਰ ਅਧਿਕਾਰੀ ਤੱਕ ਹਰ ਕੋਈ ਆਪਸੀ ਸੰਦੇਸ਼ ਭੇਜਣ ਲਈ ਇਸ ਐਪ ਦੀ ਵਰਤੋਂ ਕਰੇਗਾ।
ਮਹਿਮਾਨਾਂ ਦੀ ਸੁਰੱਖਿਆ ਦੇ ਇੰਤਜ਼ਾਮ
ਦਿੱਲੀ 'ਚ ਮਹਿਮਾਨਾਂ ਦੀ ਸੁਰੱਖਿਆ ਦੇ ਇੰਤਜ਼ਾਮ ਵਧਾ ਦਿੱਤੇ ਗਏ ਹਨ। G-20 ਸੰਮੇਲਨ ਤੋਂ ਪਹਿਲਾਂ, ਦਿੱਲੀ ਪੁਲਿਸ ਨੇ ਸੁਰੱਖਿਆ ਕਾਰਨਾਂ ਕਰਕੇ 29 ਅਗਸਤ ਤੋਂ 12 ਸਤੰਬਰ ਤੱਕ ਰਾਸ਼ਟਰੀ ਰਾਜਧਾਨੀ ਵਿੱਚ ਪੈਰਾਗਲਾਈਡਰ, ਹੈਂਗ-ਗਲਾਈਡਰ ਅਤੇ ਗਰਮ ਹਵਾ ਦੇ ਗੁਬਾਰਿਆਂ ਵਰਗੇ ਉਪ-ਰਵਾਇਤੀ ਏਰੀਅਲ ਪਲੇਟਫਾਰਮਾਂ ਦੀ ਉਡਾਣ 'ਤੇ ਪਾਬੰਦੀ ਲਗਾ ਦਿੱਤੀ ਹੈ।
ਸੁਰੱਖਿਆ ਏਜੰਸੀਆਂ ਨਾਲ ਸਾਂਝੀ ਕੀਤੀ ਜਾਣਕਾਰੀ
ਜੀ-20 ਸੰਮੇਲਨ ਦੌਰਾਨ ਸੁਰੱਖਿਆ ਪ੍ਰਬੰਧਾਂ ਦੇ ਮੱਦੇਨਜ਼ਰ ਅਮਰੀਕਾ ਦੀ ਸੀਆਈਏ, ਬਰਤਾਨੀਆ ਦੀ ਐਮਆਈ-6 ਅਤੇ ਚੀਨ ਦੀ ਐਮਐਸਐਸ ਦੀਆਂ ਟੀਮਾਂ ਦਿੱਲੀ ਵਿੱਚ ਡੇਰੇ ਲਾਈ ਬੈਠੀਆਂ ਹਨ। ਦਿੱਲੀ ਦੇ ਉਨ੍ਹਾਂ ਹੋਟਲਾਂ ਦੀ ਸੁਰੱਖਿਆ ਦੇ ਨਾਲ-ਨਾਲ ਜਿੱਥੇ ਜੀ-20 ਮੈਂਬਰ ਦੇਸ਼ਾਂ ਦੇ ਰਾਸ਼ਟਰਪਤੀ ਜਾਂ ਪ੍ਰਧਾਨ ਮੰਤਰੀ ਠਹਿਰਣਗੇ, ਸਮਾਗਮ ਵਾਲੀ ਥਾਂ ਨੂੰ ਜਾਣ ਵਾਲੇ ਸਾਰੇ ਰਸਤਿਆਂ ਦੀ ਜਾਣਕਾਰੀ ਵੀ ਇਨ੍ਹਾਂ ਦੇਸ਼ਾਂ ਦੀਆਂ ਸੁਰੱਖਿਆ ਏਜੰਸੀਆਂ ਨਾਲ ਸਾਂਝੀ ਕੀਤੀ ਗਈ ਹੈ।
ਵਪਾਰਕ ਵਾਹਨਾਂ ’ਤੇ ਲੱਗੇਗੀ ਪਾਬੰਦੀ
ਨਵੀਂ ਦਿੱਲੀ ਖੇਤਰ ਵਿੱਚ 7 ਸਤੰਬਰ ਦੀ ਰਾਤ ਤੋਂ ਵਪਾਰਕ ਵਾਹਨਾਂ ਦਾ ਦਾਖਲ ਹੋਣਾ ਬੰਦ ਰਹੇਗਾ। ਹਾਲਾਂਕਿ ਜ਼ਰੂਰੀ ਵਸਤਾਂ ਦੀ ਢੋਆ-ਢੁਆਈ 'ਤੇ ਕੋਈ ਪਾਬੰਦੀ ਨਹੀਂ ਹੋਵੇਗੀ। ਇਸ ਨਾਲ ਐਨਡੀਐਮਸੀ ਖੇਤਰ ਵਿੱਚ ਬੱਸਾਂ ਨਹੀਂ ਚੱਲਣਗੀਆਂ। ਇਨ੍ਹਾਂ ਤਿੰਨ ਦਿਨਾਂ ਦੌਰਾਨ ਜੇਕਰ ਕਿਸੇ ਨੇ ਏਅਰਪੋਰਟ ਜਾਣਾ ਹੈ ਤਾਂ ਉਸ ਨੂੰ ਮੈਟਰੋ ਦੀ ਵਰਤੋਂ ਕਰਨੀ ਪਵੇਗੀ। ਜੇਕਰ ਤੁਸੀਂ ਆਪਣੀ ਕਾਰ ਰਾਹੀਂ ਜਾਣਾ ਹੈ ਤਾਂ ਹੋਰ ਸਮਾਂ ਲਓ, ਕਿਉਂਕਿ ਵੀ.ਵੀ.ਆਈ.ਪੀ. ਦੀ ਆਵਾਜਾਈ ਕਾਰਨ ਕਈ ਵਾਰ ਸੜਕੀ ਆਵਾਜਾਈ ਬੰਦ ਹੋ ਜਾਂਦੀ ਹੈ।
ਦਿੱਲੀ ਆਉਣ ਵਾਲੀਆਂ ਕਈ ਟਰੇਨਾਂ ਨੂੰ ਵੀ ਕੀਤਾ ਰੱਦ
ਸੁਰੱਖਿਆ ਨੂੰ ਧਿਆਨ 'ਚ ਰੱਖਦੇ ਹੋਏ ਰੇਲਵੇ ਨੇ ਦਿੱਲੀ ਆਉਣ ਵਾਲੀਆਂ ਕਈ ਟਰੇਨਾਂ ਨੂੰ ਰੱਦ ਕਰ ਦਿੱਤਾ ਹੈ। ਉੱਤਰੀ ਰੇਲਵੇ ਦੇ ਅਨੁਸਾਰ, ਨਵੀਂ ਦਿੱਲੀ ਵਿੱਚ ਜੀ-20 ਸੰਮੇਲਨ ਦੇ ਮੱਦੇਨਜ਼ਰ 9, 10 ਅਤੇ 11 ਸਤੰਬਰ ਨੂੰ ਕੁੱਲ 207 ਰੇਲ ਸੇਵਾਵਾਂ ਰੱਦ ਕੀਤੀਆਂ ਗਈਆਂ ਹਨ। ਇਸ ਦੇ ਨਾਲ ਹੀ 36 ਟਰੇਨਾਂ ਨੂੰ ਸ਼ਾਰਟ ਟਰਮੀਨੇਟ ਕਰਨ ਦਾ ਫੈਸਲਾ ਕੀਤਾ ਗਿਆ ਹੈ।
ਜੀ-20 ਸੰਮੇਲਨ ’ਚ ਇਹ ਦੇਸ਼ ਹੋਣਗੇ ਸ਼ਾਮਲ
ਜੀ-20 ਦੇ ਮੈਂਬਰਾਂ ਵਿੱਚ ਅਰਜਨਟੀਨਾ, ਕੈਨੇਡਾ, ਚੀਨ, ਫਰਾਂਸ, ਜਰਮਨੀ, ਭਾਰਤ, ਇੰਡੋਨੇਸ਼ੀਆ, ਇਟਲੀ, ਜਾਪਾਨ, ਕੋਰੀਆ ਗਣਰਾਜ, ਆਸਟ੍ਰੇਲੀਆ, ਬ੍ਰਾਜ਼ੀਲ, ਮੈਕਸੀਕੋ, ਰੂਸ, ਸਾਊਦੀ ਅਰਬ, ਤੁਰਕੀ, ਦੱਖਣੀ ਅਫਰੀਕਾ, ਯੂਨਾਈਟਿਡ ਕਿੰਗਡਮ, ਸੰਯੁਕਤ ਰਾਜ ਅਤੇ ਯੂਰਪੀਅਨ ਸ਼ਾਮਲ ਹਨ। ਦੱਸ ਦੇਈਏ ਕਿ ਇਸ ਵਾਰ ਜੀ-20 ਸੰਮੇਲਨ 'ਚ ਮਹਿਮਾਨਾਂ ਦੀ ਸੂਚੀ 'ਚ ਬੰਗਲਾਦੇਸ਼, ਨੀਦਰਲੈਂਡ, ਨਾਈਜੀਰੀਆ, ਓਮਾਨ, ਸਿੰਗਾਪੁਰ, ਸਪੇਨ, ਮਿਸਰ, ਮਾਰੀਸ਼ਸ ਅਤੇ ਯੂਨਾਇਡ ਅਰਬ ਵਰਗੇ ਦੇਸ਼ ਸ਼ਾਮਲ ਹਨ।
ਇਹ ਵੀ ਪੜ੍ਹੋ:Assembly Bypolls 2023: ਛੇ ਰਾਜਾਂ ਦੀਆਂ ਸੱਤ ਵਿਧਾਨ ਸਭਾ ਸੀਟਾਂ 'ਤੇ ਉਪ ਚੋਣਾਂ ਲਈ ਵੋਟਿੰਗ ਜਾਰੀ, ਇਸ ਦਿਨ ਆਉਣਗੇ ਨਤੀਜੇ
- PTC NEWS