ਮੋਹਾਲੀ ਵਿਖੇ ਗਮਾਡਾ ਦਫ਼ਤਰ 'ਚ ਈ.ਡੀ. ਦੀ ਛਾਪੇਮਾਰੀ ਖ਼ਤਮ
Punjab News: ਗਮਾਡਾ ਦੇ ਦਫ਼ਤਰ ਵਿੱਚ ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਵੱਲੋਂ ਚਲਾਈ ਗਈ 36 ਘੰਟਿਆਂ ਦੀ ਤਲਾਸ਼ੀ ਅਤੇ ਨਿਗਰਾਨੀ ਦੀ ਕਾਰਵਾਈ ਵੀਰਵਾਰ ਦੁਪਹਿਰ ਨੂੰ ਖ਼ਤਮ ਹੋ ਗਈ।ਆਮ ਆਦਮੀ ਪਾਰਟੀ (ਆਪ) ਦੇ ਵਰਕਰਾਂ ਦੇ ਰੋਸ਼ ਪ੍ਰਦਰਸ਼ਨ ਵਿਚਾਲੇ ਪੁਲਿਸ ਟੀਮ ਨੂੰ ਈਡੀ ਦੀਆਂ ਟੀਮਾਂ ਨੂੰ ਗਮਾਡਾ ਦਫ਼ਤਰ ਤੋਂ ਚੰਡੀਗੜ੍ਹ ਸਰਹੱਦ ਤੱਕ ਸੁਰੱਖਿਅਤ ਬਾਹਰ ਕੱਢਣਾ ਪਿਆ।
ਮਿਲੀ ਜਾਣਕਾਰੀ ਅਨੁਸਾਰ ਈਡੀ ਦੀਆਂ ਟੀਮਾਂ ਜ਼ਬਤ ਕੀਤੇ ਦਸਤਾਵੇਜ਼ਾਂ ਦੇ 30 ਤੋਂ ਵੱਧ ਬੈਗਾਂ ਤੋਂ ਇਲਾਵਾ ਸਕੈਨ ਕੀਤੇ ਦਸਤਾਵੇਜ਼ਾਂ ਦੀਆਂ ਹਾਰਡ ਡਿਸਕਾਂ ਵੀ ਆਪਣੇ ਨਾਲ ਲੈ ਗਈਆਂ ਹਨ। ਜਾਣਕਾਰੀ ਮੁਤਾਬਿਕ ਕੇਂਦਰੀ ਏਜੰਸੀ ਨੇ ਅੱਗੇ ਦੀ ਕਾਰਵਾਈ ਕਰਨ ਲਈ ਕਾਫ਼ੀ ਮਹੱਤਵਪੂਰਨ ਸਮੱਗਰੀ ਇਕੱਠੀ ਕਰ ਲਈ ਹੈ।
ਈਡੀ ਦੀਆਂ ਟੀਮਾਂ ਵੱਲੋਂ ਗਮਾਡਾ ਦੇ ਕਿਸੇ ਵੀ ਅਧਿਕਾਰੀ ਨੂੰ ਹਿਰਾਸਤ ਵਿੱਚ ਨਹੀਂ ਲਿਆ ਗਿਆ ਹੈ। ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਵਿਭਾਗ ਦੇ ਸਕੱਤਰ ਵਿਕਾਸ ਗਰਗ ਸਮੇਤ ਗਮਾਡਾ ਦੇ ਉੱਚ ਅਧਿਕਾਰੀ ਵਾਪਸ ਆਪਣੇ ਕੰਮ ’ਤੇ ਪਰਤ ਆਏ ਹਨ।
ਇਹ ਵੀ ਜਾਣਕਾਰੀ ਹੈ ਕਿ ਜ਼ਬਤ ਕੀਤੇ ਗਏ ਦਸਤਾਵੇਜ਼ਾਂ ਦੇ ਆਧਾਰ ’ਤੇ ਈਡੀ ਆਉਣ ਵਾਲੇ ਦਿਨਾਂ ਵਿੱਚ ਅਧਿਕਾਰੀਆਂ ਨੂੰ ਸੰਮਨ ਜਾਰੀ ਕਰਕੇ ਪੁੱਛਗਿੱਛ ਲਈ ਬੁਲਾ ਸਕਦੀ ਹੈ।
- PTC NEWS