Wed, Jun 18, 2025
Whatsapp

ਹਰ ਸਾਲ 50 ਗੁਰਸਿੱਖ ਵਿਦਿਆਰਥੀਆਂ ਨੂੰ ਮਿਲੇਗੀ UPSC ਤੇ PPSC ਮੁਕਾਬਲਾ ਪ੍ਰੀਖਿਆਵਾਂ ਦੀ ਸਿਖਲਾਈ - ਐਡਵੋਕੇਟ ਧਾਮੀ

Reported by:  PTC News Desk  Edited by:  Jasmeet Singh -- October 21st 2023 04:15 PM -- Updated: October 21st 2023 05:40 PM
ਹਰ ਸਾਲ 50 ਗੁਰਸਿੱਖ ਵਿਦਿਆਰਥੀਆਂ ਨੂੰ ਮਿਲੇਗੀ UPSC ਤੇ PPSC ਮੁਕਾਬਲਾ ਪ੍ਰੀਖਿਆਵਾਂ ਦੀ ਸਿਖਲਾਈ - ਐਡਵੋਕੇਟ ਧਾਮੀ

ਹਰ ਸਾਲ 50 ਗੁਰਸਿੱਖ ਵਿਦਿਆਰਥੀਆਂ ਨੂੰ ਮਿਲੇਗੀ UPSC ਤੇ PPSC ਮੁਕਾਬਲਾ ਪ੍ਰੀਖਿਆਵਾਂ ਦੀ ਸਿਖਲਾਈ - ਐਡਵੋਕੇਟ ਧਾਮੀ

ਚੰਡੀਗੜ੍ਹ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਿੱਖ ਨੌਜੁਆਨਾਂ ਨੂੰ ਸਿਵਿਲ ਸੇਵਾਵਾਂ (ਆਈਏਐਸ, ਆਈਪੀਐਸ, ਪੀਸੀਐਸ ਆਦਿ) ਦੀਆਂ ਪ੍ਰੀਖਿਆਵਾਂ ਲਈ ਤਿਆਰ ਕਰਨ ਵਾਸਤੇ ਮੁਫ਼ਤ ਅਕੈਡਮੀ ਸਥਾਪਤ ਕਰਨ ਦੀ ਪਹਿਲਕਦਮੀ ਕੀਤੀ ਗਈ ਹੈ। ਸ਼੍ਰੋਮਣੀ ਕਮੇਟੀ ਦੇ ਡਾਇਰੈਕਟੋਰੇਟ ਆਫ਼ ਐਜੂਕੇਸ਼ਨ ਦੀ ਦੇਖ ਰੇਖ ਹੇਠ ਇਥੇ ਸੈਕਟਰ 27-ਬੀ ਸਥਿਤ ਕਲਗੀਧਰ ਨਿਵਾਸ ਵਿਖੇ ਕਾਰਜਸ਼ੀਲ ਕੀਤੀ ਗਈ ‘ਨਿਸ਼ਚੈ ਪ੍ਰਸ਼ਾਸਕੀ ਸੇਵਾਵਾਂ ਸਿਖਲਾਈ ਕੇਂਦਰ’ ਦੇ ਨਾਂ ਵਾਲੀ ਇਸ ਅਕੈਡਮੀ ਦੀ ਰਸਮੀ ਸ਼ੁਰੂਆਤ ਅੱਜ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾ ਕੇ ਕੀਤੀ ਗਈ। ਇਸ ਦਾ ਉਦਘਾਟਨ ਸ਼੍ਰੋਮਣੀ ਕਮੇਟੀ ਦੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਅਤੇ ਹੋਰ ਪ੍ਰਮੁੱਖ ਸ਼ਖ਼ਸੀਅਤਾਂ ਨੇ ਜੈਕਾਰਿਆਂ ਦੀ ਗੂੰਜ ਵਿਚ ਕੀਤਾ।

ਇਸ ਮੌਕੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਸੰਬੋਧਨ ਕਰਦਿਆ ਕਿਹਾ ਕਿ ਪ੍ਰਸ਼ਾਸਕੀ ਸੇਵਾਵਾਂ ਲਈ ਸਿੱਖ ਨੌਜੁਆਨਾਂ ਦੀ ਸ਼ਮੂਲੀਅਤ ਵਧਾਉਣ ਦੇ ਮੱਦੇਨਜ਼ਰ ਸ਼੍ਰੋਮਣੀ ਕਮੇਟੀ ਨੇ ਇਹ ਉੱਦਮ ਕੀਤਾ ਹੈ, ਜਿਸ ਤਹਿਤ ਚੁਣੇ ਗਏ ਹਰ ਸਿੱਖ ਨੌਜੁਆਨ ਵਿਦਿਆਰਥੀ ਨੂੰ ਆਪਣੇ ਤੌਰ ’ਤੇ ਕੋਈ ਵੀ ਵਿੱਤੀ ਬੋਝ ਨਹੀਂ ਝੱਲਣਾ ਪਵੇਗਾ। ਉਨ੍ਹਾਂ ਕਿਹਾ ਕਿ ਅਕੈਡਮੀ ਦਾ ਨਾਂ ‘ਨਿਸ਼ਚੈ’ ਆਪਣੇ ਆਪ ਵਿਚ ਸੰਪੂਰਨ ਹੈ ਜੋ ਦ੍ਰਿੜ੍ਹ ਇਰਾਦੇ ਅਤੇ ਸੇਵਾ ਪ੍ਰਤੀ ਅਟੁੱਟ ਵਚਨਬੱਧਤਾ ਨੂੰ ਦਰਸਾਉਂਦਾ ਹੈ। ਉਨ੍ਹਾਂ ਕਿਹਾ ਕਿ ਇਹ ਕੇਂਦਰ ਸਿੱਖ ਨੌਜੁਆਨ ਵਿਦਿਆਰਥੀਆਂ ਨੂੰ ਹਰ ਪੱਖ ਤੋਂ ਮੁਕੰਮਲ ਜਾਣਕਾਰੀ ਨਾਲ ਭਰਪੂਰ ਕਰਨ ਲਈ ਆਪਣਾ ਰੋਲ ਅਦਾ ਕਰੇਗਾ। ਇਥੇ ਅਤਿ-ਆਧੁਨਿਕ ਸਿਖਲਾਈ ਸਹੂਲਤਾਂ ਮੁਹੱਈਆ ਗਈਆਂ ਹਨ, ਜੋ ਪ੍ਰਸ਼ਾਸਕੀ ਸੇਵਾਵਾਂ ਵਾਸਤੇ ਸਿੱਖਣ ਅਤੇ ਵਿਕਾਸ ਲਈ ਅਨੁਕੂਲ ਮਾਹੌਲ ਪ੍ਰਦਾਨ ਕਰੇਗਾ। ਉਨ੍ਹਾਂ ਕਿਹਾ ਕਿ ਨਿਸ਼ਚੈ ਪ੍ਰਸ਼ਾਸਕੀ ਸੇਵਾਵਾਂ ਸਿਖਲਾਈ ਕੇਂਦਰ ਵੱਲੋਂ ਪ੍ਰੀਖਿਆਵਾਂ ਦੀ ਤਿਆਰੀ ਦੇ ਨਾਲ-ਨਾਲ ਇਮਾਨਦਾਰੀ, ਸਮਰਪਣ ਅਤੇ ਸੇਵਾ ਦੇ ਮੁੱਲਾਂ ਅਤੇ ਕਦਰਾਂ-ਕੀਮਤਾਂ ਨੂੰ ਇਥੇ ਸਿਖਲਾਈ ਲੈਣ ਵਾਲਿਆਂ ਅੰਦਰ ਦ੍ਰਿੜ੍ਹ ਕਰਨਾ ਪਹਿਲ ਹੋਵੇਗੀ। ਐਡਵੋਕੇਟ ਧਾਮੀ ਨੇ ਇਸ ਮੁਫ਼ਤ ਸਿਖਲਾਈ ਕੇਂਦਰ ਲਈ ਵਿੱਤੀ ਸਹਿਯੋਗ ਕਰਨ ਵਾਲਿਆਂ ਦਾ ਵੀ ਧੰਨਵਾਦ ਕੀਤਾ।


ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਸ. ਬਲਵਿੰਦਰ ਸਿੰਘ ਭੂੰਦੜ ਅਤੇ ਡਾ. ਦਲਜੀਤ ਸਿੰਘ ਚੀਮਾ ਨੇ ਆਪਣੇ ਸੰਬੋਧਨ ਦੌਰਾਨ ਸ਼੍ਰੋਮਣੀ ਕਮੇਟੀ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਸਮੇਂ ਦੀ ਵੱਡੀ ਲੋੜ ਸੀ। ਉਨ੍ਹਾਂ ਕਿਹਾ ਕਿ ਸਿੱਖ ਸੰਸਥਾ ਦੇ ਬਹੁਮੁਖੀ ਕਾਰਜਾਂ ਵਿਚ ਸਿੱਖ ਨੌਜੁਆਨਾਂ ਨੂੰ ਸਿਵਿਲ ਸੇਵਾਵਾਂ ਲਈ ਤਿਆਰ ਕਰਨ ਵਾਸਤੇ ਸਥਾਪਤ ਕੀਤਾ ਇਹ ਕੇਂਦਰ ਇਕ ਚੰਗਾ ਮੰਚ ਸਾਬਤ ਹੋਵੇਗਾ ਅਤੇ ਇਹ ਕੌਮੀ ਵਚਨਬੱਧਤਾ ਭਵਿੱਖ ਅੰਦਰ ਬੇਹਤਰ ਨਤੀਜੇ ਦੇਵੇਗੀ।

ਉਦਘਾਟਨ ਸਮਾਰੋਹ ਮੌਕੇ ਸ਼੍ਰੋਮਣੀ ਕਮੇਟੀ ਦੇ ਸਕੱਤਰ ਵਿੱਦਿਆ ਇੰਜੀ: ਸੁਖਮਿੰਦਰ ਸਿੰਘ ਨੇ ਕਿਹਾ ਕਿ ਨਿਸ਼ਚੈ ਪ੍ਰਸ਼ਾਸਕੀ ਸੇਵਾਵਾਂ ਸਿਖਲਾਈ ਕੇਂਦਰ ਦੀ ਸਥਾਪਨਾ, ਇਸ ਪ੍ਰੋਜੈਕਟ ਪਿੱਛੇ ਪੂਰੀ ਟੀਮ ਦੇ ਅਣਥੱਕ ਯਤਨਾਂ ਅਤੇ ਸਮਰਥਨ ਦੁਆਰਾ ਸੰਭਵ ਹੋਈ ਹੈ। ਇਸਦਾ ਉਦੇਸ਼ ਸਿੱਖ ਨੌਜੁਆਨਾਂ ਨੂੰ ਨਾ ਸਿਰਫ ਸ਼ਾਸਨ ਲਈ ਲੋੜੀਂਦੇ ਗਿਆਨ ਅਤੇ ਹੁਨਰ ਨਾਲ ਭਰਪੂਰ ਕਰਨਾ ਹੈ, ਸਗੋਂ ਦੇਸ਼ ਦੇ ਸਮੁੱਚੇ ਵਿਕਾਸ ਅਤੇ ਤਰੱਕੀ ਵਿੱਚ ਯੋਗਦਾਨ ਪਾਉਣਾ ਵੀ ਹੈ। ਇਸ ਮੌਕੇ ਨਿਸ਼ਚੈ ਪ੍ਰਸ਼ਾਸਕੀ ਸੇਵਾਵਾਂ ਸਿਖਲਾਈ ਕੇਂਦਰ ਦੇ ਡਿਪਟੀ ਡਾਇਰੈਕਟਰ ਡਾ. ਰਜਿੰਦਰ ਕੌਰ ਅਤੇ ਕੋਆਰਡੀਨੇਟਰ ਡਾ. ਮਦਨਜੀਤ ਕੌਰ ਸਹੋਤਾ ਨੇ ਵੀ ਆਪਣੇ ਵਿਚਾਰ ਪ੍ਰਗਟ ਕੀਤੇ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਸ਼੍ਰੋਮਣੀ ਕਮੇਟੀ ਦੇ ਜੂਨੀਅਰ ਮੀਤ ਪ੍ਰਧਾਨ ਸ. ਅਵਤਾਰ ਸਿੰਘ ਰਿਆ, ਸੀਨੀਅਰ ਅਕਾਲੀ ਆਗੂ ਸ. ਜਗਦੀਪ ਸਿੰਘ ਚੀਮਾ,  ਅੰਤ੍ਰਿੰਗ ਮੈਂਬਰ ਸ. ਸੁਰਜੀਤ ਸਿੰਘ ਤੁਗਲਵਾਲ, ਮੈਂਬਰ ਸ. ਅਜਮੇਰ ਸਿੰਘ ਖੇੜਾ, ਸ. ਚਰਨਜੀਤ ਸਿੰਘ ਕਾਲੇਵਾਲ, ਸ. ਪਰਮਜੀਤ ਸਿੰਘ ਲੱਖੇਵਾਲ, ਬੀਬੀ ਪਰਮਜੀਤ ਕੌਰ ਲਾਂਡਰਾਂ, ਐਡਵੋਕੇਟ ਸ. ਅਰਸ਼ਦੀਪ ਸਿੰਘ ਕਲੇਰ, ਹਲਕਾ ਇੰਚਾਰਜ ਸ. ਪ੍ਰਮਿੰਦਰ ਸਿੰਘ ਸੋਹਾਣਾ, ਬੀਬੀ ਕੁਲਦੀਪ ਕੌਰ ਕੰਗ, ਬੀਬੀ ਸਤਵੰਤ ਕੌਰ ਜੌਹਲ, ਮੀਤ ਸਕੱਤਰ ਸ. ਲਖਵੀਰ ਸਿੰਘ ਆਦਿ ਮੌਜੂਦ ਸਨ।

- PTC NEWS

Top News view more...

Latest News view more...

PTC NETWORK