Faridkot Gurvinder Murder Case : ਮ੍ਰਿਤਕ ਗੁਰਵਿੰਦਰ ਸਿੰਘ ਦੇ ਭੋਗ ਅਤੇ ਅੰਤਿਮ ਅਰਦਾਸ ਮੌਕੇ ਹਜ਼ਾਰਾਂ ਦੀ ਗਿਣਤੀ 'ਚ ਪਹੁੰਚੇ ਲੋਕ
Faridkot News : ਫ਼ਰੀਦਕੋਟ ਦੇ ਪਿੰਡ ਸੁੱਖਣਵਾਲਾ ਵਿਖੇ ਕਰੀਬ ਦੋ ਹਫਤੇ ਪਹਿਲਾਂ ਰੁਪਿੰਦਰ ਕੌਰ ਨਾਮਕ ਔਰਤ ਵੱਲੋਂ ਆਪਣੇ ਆਸ਼ਿਕ ਨਾਲ ਮਿਲ ਕੇ ਆਪਣੇ ਹੀ ਪਤੀ ਦਾ ਕਤਲ ਕਰ ਦਿੱਤਾ ਸੀ। ਇਸ ਮਾਮਲੇ ਵਿੱਚ ਪੁਲਿਸ ਵੱਲੋਂ ਮ੍ਰਿਤਕ ਦੀ ਪਤਨੀ ਰੁਪਿੰਦਰ ਕੌਰ ਅਤੇ ਉਸ ਦੇ ਆਸ਼ਿਕ ਹਰਕਵਲਪ੍ਰੀਤ ਸਿੰਘ ਅਤੇ ਉਸਦੇ ਇੱਕ ਹੋਰ ਸਾਥੀ ਵਿਸ਼ਵਜੀਤ ਸਿੰਘ ਨੂੰ ਕਤਲ ਮਾਮਲੇ ਵਿੱਚ ਗ੍ਰਿਫਤਾਰ ਕਰ ਲਿਆ ਸੀ।
ਅੱਜ ਗੁਰਵਿੰਦਰ ਸਿੰਘ ਦੀ ਅੰਤਿਮ ਅਰਦਾਸ ਅਤੇ ਭੋਗ ਉਸ ਦੇ ਪਿੰਡ ਸੁੱਖਣਵਾਲਾ ਵਿਖੇ ਪਾਏ ਗਏ। ਇਸ ਮੌਕੇ ਹਜ਼ਾਰਾਂ ਦੀ ਗਿਣਤੀ ਵਿੱਚ ਗੁਰਵਿੰਦਰ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨਾ ਅਤੇ ਗੁਰਵਿੰਦਰ ਨੂੰ ਸ਼ਰਧਾਂਜਲੀ ਦੇਣ ਲਈ ਲੋਕ ਪੁੱਜੇ, ਜਿੱਥੇ ਨਮ ਅੱਖਾਂ ਨਾਲ ਅੱਜ ਗੁਰਵਿੰਦਰ ਦੇ ਭੋਗ ਸਮੇਂ ਉਸ ਦੀ ਅੰਤਿਮ ਅਰਦਾਸ ਮੌਕੇ ਸ਼ਰਧਾਂਜਲੀ ਦਿੱਤੀ ਗਈ।
ਇਸ ਮੌਕੇ ਪੁੱਜੀਆਂ ਸ਼ਖਸ਼ੀਅਤਾਂ ਨੇ ਕਿਹਾ ਕਿ ਇਸ ਤੋਂ ਵੱਡੀ ਵਿਸ਼ਵਾਸ ਦੇ ਕਤਲ ਦੀ ਘਟਨਾ ਨਹੀਂ ਹੋ ਸਕਦੀ, ਜਿੱਥੇ ਇੱਕ ਔਰਤ ਜਿਸ ਨੂੰ ਸਮਾਜ ਵਿੱਚ ਇੱਕ ਉੱਚਾ ਦਰਜਾ ਦਿੱਤਾ ਜਾਂਦਾ ਹੈ ਪਰ ਜੇਕਰ ਰੁਪਿੰਦਰ ਵਰਗੀਆਂ ਔਰਤਾਂ ਅਜਿਹੀਆਂ ਘਿਨੌਣੀਆਂ ਹਰਕਤਾਂ ਕਰਦੀਆਂ ਹਨ ਤਾਂ ਉਹ ਸਮਾਜ ਦੇ ਮੱਥੇ 'ਤੇ ਕਲੰਕ ਹਨ। ਉਹਨਾਂ ਕਿਹਾ ਕਿ ਭਰ ਜਵਾਨੀ ਵਿੱਚ ਇਸ ਨੌਜਵਾਨ ਦੇ ਇਸ ਤਰੀਕੇ ਦੇ ਨਾਲ ਜਹਾਨ ਤੋਂ ਜਾਣਾ ਇਸ ਤੋਂ ਵੱਡੇ ਦੁੱਖ ਦੀ ਗੱਲ ਕੋਈ ਨਹੀਂ ਅਤੇ ਪਰਿਵਾਰ ਲਈ ਦੁੱਖਾਂ ਦਾ ਪਹਾੜ ਟੁੱਟਿਆ ਹੈ ਅਤੇ ਇਸ ਘਾਟੇ ਨੂੰ ਕਦੀ ਵੀ ਪੂਰਾ ਨਹੀਂ ਕੀਤਾ ਜਾ ਸਕਦਾ।
- PTC NEWS