Muktsar News : ਪਿੰਡ ਗੁੜ੍ਹੀ ਸੰਘਰ 'ਚ ਨੌਜਵਾਨ ਕਿਸਾਨ ਦੀ ਕਰੰਟ ਲੱਗਣ ਕਾਰਨ ਮੌਤ, ਠੇਕੇ 'ਤੇ ਜ਼ਮੀਨ 'ਤੇ ਲੈ ਕੇ ਕਰਦਾ ਸੀ ਖੇਤੀ
Muktsar News : ਦੋਦਾ ਨੇੜੇ ਪੈਂਦੇ ਪਿੰਡ ਗੁੜ੍ਹੀ ਸੰਘਰ ਦੇ ਇੱਕ ਕਿਸਾਨ ਸੁਖਦੀਪ ਸਿੰਘ ਪੁੱਤਰ ਜਸਕਰਨ ਸਿੰਘ ਉਮਰ ਕਰੀਬ 36 ਸਾਲ ਵਾਸੀ ਗੁੜ੍ਹੀ ਸੰਘਰ ਨਾਲ ਉਸ ਵੇਲੇ ਇਹ ਘਟਨਾ ਵਾਪਰ ਗਈ, ਜਦੋਂ ਉਹ ਆਪਣੇ ਖੇਤ ਵਿੱਚ ਲੱਗੀ ਮੋਟਰ ਦਾ ਪਾਣੀ ਝੋਨੇ ਵਿੱਚ ਛੱਡਣ ਗਿਆ ਸੀ। ਇਸ ਦੌਰਾਨ ਸਟਾਟਰ ਸ਼ਾਰਟ ਹੋਣ ਕਰਕੇ ਅਚਾਨਕ ਬਿਜਲੀ ਦਾ ਕਰੰਟ ਲੱਗ ਗਿਆ, ਜਿਸ ਕਾਰਨ ਕਿਸਾਨ ਦੀ ਮੌਕੇ 'ਤੇ ਹੀ ਮੌਤ ਹੋ ਗਈ।
ਇਲਾਕੇ ਅਤੇ ਪਿੰਡ ਵਿੱਚ ਇਸ ਦੁਰਘਟਨਾ ਬਾਰੇ ਪਤਾ ਲੱਗਣ ਤੇ ਸੋਗ ਦੀ ਲਹਿਰ ਦੌੜ ਗਈ। ਜਾਣਕਾਰੀ ਅਨੁਸਾਰ ਸੁਖਦੀਪ ਸਿੰਘ ਦੋ ਭਰਾ ਸਨ ਅਤੇ ਆਪਣੀ ਜਮੀਨ ਨਾ ਹੋਣ ਕਰਕੇ ਜ਼ਮੀਨ ਠੇਕੇ 'ਤੇ ਲੈ ਕੇ ਖੇਤੀ ਕਰਦੇ ਸਨ। ਖੇਤੀ ਨਾਲ-ਨਾਲ ਇੱਕ ਛੋਟੀ ਜਿਹੀ ਦੁਕਾਨ ਚਲਾਕੇ ਆਪਣੇ ਪਰਿਵਾਰ ਦਾ ਗੁਜਾਰਾ ਬਸਰ ਕਰ ਰਹੇ ਸਨ, ਜਦੋਂ ਕਿ ਪਰਿਵਾਰ ਨਾਲ ਇਹ ਅਚਾਨਕ ਭਾਣਾ ਵਾਪਰ ਗਿਆ।
ਗਰੀਬ ਪਰਿਵਾਰ ਹੋਣ ਕਰਕੇ ਪਿੰਡ ਵਾਸੀਆਂ ਵੱਲੋਂ ਸਰਕਾਰ ਅਤੇ ਸਮਾਜਿਕ ਜੱਥੇਬੰਦੀਆਂ ਅੱਗੇ ਪਰਿਵਾਰ ਦੀ ਆਰਥਿਕ ਮੱਦਦ ਕਰਨ ਦੀ ਗੁਹਾਰ ਲਾਈ ਹੈ ਸੁਖਦੀਪ ਸਿੰਘ ਆਪਣੇ ਪਿੱਛੇ ਪਤਨੀ ਅਤੇ ਇੱਕ ਗਿਆਰਾਂ ਮਹੀਨਿਆਂ ਦੇ ਬੱਚੇ ਨੂੰ ਛੱਡ ਗਿਆ।
- PTC NEWS