Farmer Meeting with Government : ਕਿਸਾਨਾਂ ਅਤੇ ਕੇਂਦਰ ਸਰਕਾਰ ਵਿਚਾਲੇ ਬੇਸਿੱਟਾ ਰਹੀ ਮੀਟਿੰਗ! ਹੁਣ 22 ਨੂੰ ਹੋਵੇਗਾ ਅਗਲਾ ਗੇੜ
Farmer Meeting with Government : ਕਿਸਾਨਾਂ ਤੇ ਕੇਂਦਰ ਵਿਚਾਲੇ ਪਹਿਲੇ ਗੇੜ ਦੀ ਮੀਟਿੰਗ ਖ਼ਤਮ ਹੋ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਅਜੇ ਗੱਲਬਾਤ ਦਾ ਪਹਿਲਾ ਗੇੜ ਸੀ, ਜਿਸ ਤੋਂ ਬਾਅਦ ਹੁਣ ਮੰਗਾਂ 'ਤੇ ਦੂਜੇ ਗੇੜ ਦੀ ਮੀਟਿੰਗ 22 ਫਰਵਰੀ ਨੂੰ ਹੋ ਸਕਦੀ ਹੈ। ਸ਼ੁੱਕਰਵਾਰ ਹੋਈ ਮੀਟਿੰਗ ਵਿੱਚ ਕਿਸਾਨਾਂ ਦੀ ਕੇਂਦਰੀ ਮੰਤਰੀ ਪ੍ਰਹਿਲਾਦ ਜੋਸ਼ੀ ਨਾਲ ਮੰਗਾਂ 'ਤੇ ਭਖਵੀਂ ਚਰਚਾ ਹੋਣ ਬਾਰੇ ਕਿਹਾ ਜਾ ਰਿਹਾ ਹੈ।
22 ਫਰਵਰੀ ਨੂੰ ਦਿੱਲੀ ਹੋਵੇਗੀ ਦੂਜੇ ਗੇੜ ਮੀਟਿੰਗ
ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੇਂਦਰੀ ਕੈਬਨਿਟ ਮੰਤਰੀ ਪ੍ਰਹਿਲਾਦ ਜੋਸ਼ੀ ਨਾਲ ਮੰਗਾਂ ਨੂੰ ਲੈ ਕੇ 3 ਘੰਟੇ ਦੇ ਲਗਭਗ ਮੀਟਿੰਗ ਹੋਈ ਹੈ, ਜਿਸ ਤੋਂ ਬਾਅਦ ਹੁਣ 22 ਫਰਵਰੀ ਨੂੰ ਕਿਸਾਨਾਂ ਨੂੰ ਮੰਗਾਂ 'ਤੇ ਸਹਿਮਤੀ ਲਈ ਦੂਜੇ ਗੇੜ ਦੀ ਮੀਟਿੰਗ ਲਈ ਸੱਦਾ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਕੇਂਦਰੀ ਖੇਤੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਸਮੇਤ ਦੋ ਹੋਰ ਕੈਬਨਿਟ ਮੰਤਰੀ ਕਿਸਾਨਾਂ ਨਾਲ ਮੀਟਿੰਗ ਕਰਨਗੇ, ਜਿਸ ਦੌਰਾਨ ਕੋਈ ਸਿੱਟਾ ਨਿਕਲ ਸਕਦਾ ਹੋਵੇ।
ਕੇਂਦਰੀ ਮੰਤਰੀ ਪ੍ਰਹਿਲਾਦ ਜੋਸ਼ੀ ਨੇ ਕੀ ਕਿਹਾ ?
ਉਧਰ, ਗੱਲਬਾਤ ਦੌਰਾਨ ਕੇਂਦਰੀ ਮੰਤਰੀ ਪ੍ਰਹਿਲਾਦ ਜੋਸ਼ੀ ਨੇ ਕਿਹਾ ਕਿ ਅੱਜ ਕਿਸਾਨਾਂ ਨਾਲ ਉਨ੍ਹਾਂ ਦੀ ਮੰਗਾਂ ਦੇ ਸਬੰਧ 'ਚ ਸਾਰਥਕ ਮਾਹੌਲ 'ਚ ਮੀਟਿੰਗ ਹੋਈ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਉਨ੍ਹਾ ਵੱਲੋਂ ਭਾਰਤ ਸਰਕਾਰ ਦੇ ਕੀਤੇ ਕੰਮਾਂ ਦੀ ਜਾਣਕਾਰੀ ਦਿੱਤੀ ਗਈ ਹੈ। ਹੁਣ 22 ਫਰਵਰੀ ਨੂੰ ਕਿਸਾਨਾਂ ਨੂੰ ਮੀਟਿੰਗ ਲਈ ਸੱਦਾ ਦਿੱਤਾ ਹੈ, ਜਿਸ ਤੋਂ ਬਾਅਦ ਖੇਤੀ ਮੰਤਰੀ ਨਾਲ ਸ਼ਿਵਰਾਜ ਚੌਹਾਨ ਨਾਲ ਮੀਟਿੰਗ ਉਪਰੰਤ ਗੱਲਬਾਤ ਅੱਗੇ ਵਧੇਗੀ।
ਇਸਤੋਂ ਪਹਿਲਾਾਂ ਫਸਲਾਂ 'ਤੇ ਐਮਐਸਪੀ ਸਮੇਤ ਕਿਸਾਨੀ ਮੰਗਾਂ ਨੂੰ ਕਿਸਾਨ ਆਗੂਆਂ ਅਤੇ ਕੇਂਦਰ ਸਰਕਾਰ ਵਿਚਾਲੇ ਚੰਡੀਗੜ੍ਹ ਵਿਖੇ ਮੀਟਿੰਗ ਸ਼ੁਰੂ ਹੋਈ ਸੀ।ਕੇਂਦਰ ਸਰਕਾਰ ਦੇ ਵਫ਼ਦ ਵਿੱਚ ਕੈਬਨਿਟ ਮੰਤਰੀ ਪ੍ਰਹਿਲਾਦ ਜੋਸ਼ੀ, ਖੇਤੀਬਾੜੀ ਸਕੱਤਰ, ਮਨਿੰਦਰ ਕੌਰ ਦਿਵੇਦੀ ਵਧੀਕ ਸਕੱਤਰ ਖੇਤੀਬਾੜੀ, ਜੁਆਇੰਟ ਸਕੱਤਰ ਮਾਰਕੀਟਿੰਗ, ਜੁਆਇੰਟ ਸਕੱਤਰ ਫੂਡ, ਡਾਇਰੈਕਟਰ (MI) ਸ਼ਾਮਲ ਰਹੇ, ਜਦਕਿ ਦੂਜੇ ਪਾਸੇ ਜਗਜੀਤ ਸਿੰਘ ਡੱਲੇਵਾਲ ਸਮੇਤ 28 ਕਿਸਾਨ ਆਗੂ ਮੀਟਿੰਗ ਦਾ ਹਿੱਸਾ ਸਨ।
ਮੀਟਿੰਗ ਵਿੱਚ ਕਿਸਾਨਾਂ ਦੀ ਅਗਵਾਈ ਸੰਯੁਕਤ ਕਿਸਾਨ ਮੋਰਚਾ (ਗੈਰ-ਰਾਜਨੀਤਿਕ) ਤੋਂ ਜਗਜੀਤ ਡੱਲੇਵਾਲ ਅਤੇ ਕਿਸਾਨ ਮਜ਼ਦੂਰ ਮੋਰਚਾ ਤੋਂ ਸਰਵਣ ਪੰਧੇਰ ਉਨ੍ਹਾਂ ਦੀ ਅਗਵਾਈ ਕਰ ਰਹੇ। ਇਸਤੋਂ ਇਲਾਵਾ ਪੰਜਾਬ ਸਰਕਾਰ ਵੱਲੋਂ ਮੰਤਰੀ ਗੁਰਮੀਤ ਖੁੱਡੀਆਂ ਅਤੇ ਲਾਲ ਚੰਦ ਕਟਾਰੂਚੱਕ ਵੀ ਇਸ ਮੀਟਿੰਗ ਵਿੱਚ ਸ਼ਾਮਲ ਸਨ।
ਦੱਸ ਦਈਏ ਕਿ ਜਗਜੀਤ ਸਿੰਘ ਡੱਲੇਵਾਲ 81 ਦਿਨਾਂ ਤੋਂ ਮਰਨ ਵਰਤ 'ਤੇ ਹਨ ਅਤੇ ਉਹ ਖਨੌਰੀ ਸਰਹੱਦ ਤੋਂ ਚੰਡੀਗੜ੍ਹ ਟਰਾਲੀ ਵਿੱਚ ਪਹੁੰਚੇ।
ਕਿਸਾਨਾਂ ਤੇ ਕੇਂਦਰ ਵਿਚਾਲੇ 5ਵੀਂ ਮੀਟਿੰਗ
ਦੱਸ ਦਈਏ ਕਿ ਸ਼ੰਭੂ ਅਤੇ ਖਨੌਰੀ ਸਰਹੱਦ 'ਤੇ ਕਿਸਾਨਾਂ ਦਾ ਅੰਦੋਲਨ 13 ਫਰਵਰੀ 2024 ਨੂੰ ਸ਼ੁਰੂ ਹੋਇਆ ਸੀ। ਹੁਣ ਤੱਕ ਕਿਸਾਨੀ ਮੰਗਾਂ ਨੂੰ ਲੈ ਕੇ ਕਿਸਾਨਾਂ ਤੇ ਕੇਂਦਰ ਸਰਕਾਰ ਵਿਚਾਲੇ ਇਹ 5ਵੀਂ ਮੀਟਿੰਗ ਹੈ। ਫਿਰ ਉਹ ਦਿੱਲੀ ਵੱਲ ਮਾਰਚ ਕਰਨ ਲਈ ਨਿਕਲੇ ਸਨ ਪਰ ਪੁਲਿਸ ਨੇ ਬੈਰੀਕੇਡਿੰਗ ਕਰਕੇ ਉਨ੍ਹਾਂ ਨੂੰ ਰੋਕ ਦਿੱਤਾ। ਉਹ ਉਦੋਂ ਤੋਂ ਉੱਥੇ ਹੀ ਬੈਠੇ ਹਨ। ਇਸ ਤੋਂ ਬਾਅਦ ਚੰਡੀਗੜ੍ਹ ਵਿੱਚ ਅੰਦੋਲਨਕਾਰੀ ਕਿਸਾਨਾਂ ਅਤੇ ਕੇਂਦਰ ਸਰਕਾਰ ਵਿਚਕਾਰ ਚਾਰ ਮੀਟਿੰਗਾਂ ਹੋਈਆਂ ਪਰ ਕੋਈ ਫੈਸਲਾ ਨਹੀਂ ਹੋਇਆ। ਫਿਰ ਕੇਂਦਰ ਤੋਂ ਤਿੰਨ ਕੇਂਦਰੀ ਮੰਤਰੀ ਪਿਊਸ਼ ਗੋਇਲ, ਅਰਜੁਨ ਮੁੰਡਾ ਅਤੇ ਨਿਤਿਆਨੰਦ ਰਾਏ ਇਸ ਵਿੱਚ ਸ਼ਾਮਲ ਹੋਏ ਸਨ।
- PTC NEWS