Punjab Farmers : ਪੰਜਾਬ 'ਚ ਮੀਂਹ ਕਾਰਨ ਸੂਤੇ ਕਿਸਾਨਾਂ ਦੇ ਸਾਹ, ਬੋਲੇ - ਨਾ ਮੰਡੀਆਂ 'ਚ ਇਤਜ਼ਾਮ, ਉਤੋਂ ਮੀਂਹ ਦੀ ਮਾਰ
Punjab Rain Effect on crop : ਮੌਸਮ ਦੀ ਮਾਰ ਜਿੱਥੇ ਆਮ ਲੋਕਾਂ ਨੂੰ ਹੈ, ਉਥੇ ਹੀ ਇਨ੍ਹੀਂ ਦਿਨੀ ਪੈ ਰਹੀ ਬਰਸਾਤ ਦੀ ਸਭ ਤੋਂ ਵੱਡੀ ਮਾਰ ਉਹਨਾਂ ਕਿਸਾਨਾਂ ਨੂੰ ਪੈ ਰਹੀ ਹੈ, ਜੋ ਇਸ ਸਮੇਂ ਆਪਣੇ ਝੋਨੇ ਦੀ ਫਸਲ ਵਿਕਣ ਦੇ ਇੰਤਜ਼ਾਰ ਦੇ ਵਿੱਚ ਮੰਡੀਆਂ 'ਚ ਰੁਲ ਰਹੇ ਹਨ। ਪੰਜਾਬ 'ਚ ਸਰਕਾਰ ਦੀ ਕਾਰਗੁਜ਼ਾਰੀ ਨੇ ਤਾਂ ਕਿਸਾਨਾਂ ਦੀ ਚਿੰਤਾ ਪਹਿਲਾਂ ਹੀ ਵਧਾਈ ਹੀ ਹੋਈ ਹੈ, ਉੱਥੇ ਹੀ ਹੁਣ ਮੀਹ ਨੇ ਵੀ ਚਿੰਤਾ 'ਚ ਹੋਰ ਵਾਧਾ ਕਰ ਦਿੱਤਾ ਹੈ। ਪੰਜਾਬ 'ਚ ਕਈ ਥਾਵਾਂ 'ਤੇ ਮੰਡੀਆਂ ਦੇ ਹਾਲਾਤ ਬਦ ਤੋਂ ਬਦਤਰ ਦੇਖਣ ਨੂੰ ਮਿਲ ਰਹੇ ਹਨ।
ਅਜਿਹੇ ਕੁਝ ਹਾਲਾਤ ਚੰਡੀਗੜ੍ਹ ਦੀ ਇਸ ਦਾਣਾ ਮੰਡੀ ਦੇ ਵਿੱਚ ਵੀ ਦੇਖਣ ਨੂੰ ਮਿਲੇ, ਜਿੱਥੇ ਕਿ ਕਿਸਾਨਾਂ ਦੀਆਂ ਫਸਲਾਂ ਦੀ ਲੱਗੀ ਹੋਈਆਂ ਢੇਰੀਆਂ ਆਪਣੇ-ਆਪ 'ਚ ਗਵਾਹੀ ਭਰ ਰਹੀਆਂ ਹਨ, ਕਿਉਂਕਿ ਕਈ ਢੇਰੀਆਂ ਨੂੰ ਢਕਣ ਦੇ ਲਈ ਤਰਪਾਲਾਂ ਵੀ ਨਹੀਂ ਹਨ ਅਤੇ ਕਈ ਢੇਰੀਆਂ ਇਸ ਸਮੇਂ ਪਾਣੀ 'ਚ ਪੂਰੀ ਤਰ੍ਹਾਂ ਭਿੱਜ ਚੁੱਕੀਆਂ ਹਨ, ਜੋ ਫਸਲਾਂ ਨੂੰ ਬੋਰੀਆਂ ਦੇ ਵਿੱਚ ਵੀ ਭਰਿਆ ਗਿਆ ਹੈ ਉਹ ਵੀ ਬੋਰੀਆਂ ਹੁਣ ਮੀਹ ਦੇ ਵਿੱਚ ਹੀ ਪਈਆਂ ਦਿਖਾਈ ਦੇ ਰਹੀਆਂ ਹਨ। ਇੱਥੇ ਬੈਠੇ ਕਿਸਾਨਾਂ ਨੂੰ ਕੇਵਲ ਮੀਹ ਦਾ ਡਰ ਹੀ ਨਹੀਂ ਸਤਾ ਰਿਹਾ। ਦੂਜੇ ਪਾਸੇ ਸਰਕਾਰ ਵੱਲੋਂ ਲਾਏ ਗਏ ਸਾਈਨ ਬੋਰਡ ਵੀ ਚਿੰਤਾ ਵਧਾ ਰਹੇ ਨੇ, ਜਿਸ ਉੱਤੇ ਲਿਖਿਆ ਗਿਆ ਹੈ ਕਿ 17% ਤੋਂ ਵੱਧ ਨਮੀ ਵਾਲੀ ਫਸਲ ਨਹੀਂ ਚੁੱਕੀ ਜਾਵੇਗੀ।
ਕਿਸਾਨਾਂ ਦਾ ਕਹਿਣਾ ਹੈ ਕਿ ਮੀਂਹ ਦੇ ਕਾਰਨ ਲਗਾਤਾਰ ਫਸਲ 'ਚ ਨਮੀ ਵੱਧ ਰਹੀ ਹੈ ਕਿਉਂਕਿ ਢਕੀ ਹੋਈ ਫਸਲ ਦੇ ਥੱਲਿਓਂ ਵੀ ਨਮੀ ਫਸਲ ਨੂੰ ਮਾਰ ਪਾਉਂਦੀ ਨਜ਼ਰ ਆ ਰਹੀ ਹੈ। ਇੱਥੇ ਬੈਠੇ ਕਿਸਾਨਾਂ ਦਾ ਕਹਿਣਾ ਹੈ ਕਿ ਅਸੀਂ ਆਪਣੀ ਫਸਲ ਬਿਲਕੁਲ ਸੁੱਕੀ ਲੈ ਕੇ ਮੰਡੀ 'ਚ ਪਹੁੰਚੇ ਸੀ ਪਰ ਸਰਕਾਰ ਨੇ ਸਹੀ ਸਮੇਂ 'ਤੇ ਇਸ ਦੀ ਲਿਫਟਿੰਗ ਨਹੀਂ ਕੀਤੀ, ਹੁਣ ਬਰਸਾਤ ਦੇ ਕਾਰਨ ਫਸਲ ਭਿੱਜਣੀ ਸ਼ੁਰੂ ਹੋ ਚੁੱਕੀ ਹੈ ਅਤੇ ਨਾ ਹੀ ਸਰਕਾਰ ਵੱਲੋਂ ਮੰਡੀ ਦੇ ਵਿੱਚ ਕੋਈ ਪੁਖਤਾ ਪ੍ਰਬੰਧ ਕੀਤੇ ਗਏ ਹਨ ਤੇ ਇਹ ਸਾਰੀ ਮਾਰ ਹੁਣ ਕਿਸਾਨ ਨੂੰ ਹੀ ਝੱਲਣੀ ਪੈ ਰਹੀ ਹੈ।
ਉਨ੍ਹਾਂ ਕਿਹਾ ਕਿ ਜੇਕਰ ਇਹ ਫਸਲ ਦੇ ਵਿੱਚ ਨਮੀ ਵਧ ਗਈ ਤਾਂ ਇਸ ਦੀ ਖਰੀਦ ਨਹੀਂ ਹੋਵੇਗੀ, ਕਿਉਂਕਿ ਪਹਿਲਾਂ ਹੀ ਕੇਂਦਰ ਸਰਕਾਰ ਵੱਲੋਂ 22% ਨਵੀਂ ਨੂੰ ਘਟਾ ਕੇ 17% ਕਰ ਦਿੱਤਾ ਗਿਆ ਹੈ ਤੇ ਹੁਣ ਕਿਸਾਨ ਦੀ ਫਸਲ ਜੋ ਮੀਹ 'ਚ ਭਿੱਜ ਚੁੱਕੀ ਹੈ ਇਸਦੇ ਵਿੱਚ ਨਵੀ 30% ਤੋਂ ਵੀ ਵੱਧ ਹੋ ਜਾਵੇਗੀ। ਨਤੀਜਾ ਇਹ ਰਹੇਗਾ ਕਿ ਪਰ ਏਕੜ ਕਿਸਾਨ ਨੂੰ 40 ਤੋਂ 50 ਹਜਾਰ ਰੁਪਏ ਦਾ ਘਾਟਾ ਪਵੇਗਾ ਕਿਉਂਕਿ ਨਵੀਂ ਵਾਲੀ ਫਸਲ ਨੂੰ ਨਾ ਤਾਂ ਸਰਕਾਰ ਖਰੀਦੇਗੀ ਅਤੇ ਨਾ ਹੀ ਇਹ ਕਿਸੇ ਹੋਰ ਕੰਮ ਆਵੇਗੀ।
ਕਿਸਾਨਾਂ ਦਾ ਕਹਿਣਾ ਹੈ ਕਿ ਇਹ ਮੀਂਹ ਦੀ ਮਾਰ ਕੇਵਲ ਮੰਡੀਆਂ ਦੇ ਵਿੱਚ ਹੀ ਨਹੀਂ, ਜਿਨ੍ਹਾਂ ਕਿਸਾਨਾਂ ਦੀ ਫਸਲ ਹਜੇ ਵੀ ਖੇਤਾਂ ਦੇ ਵਿੱਚ ਖੜੀ ਹੈ ਉਸ ਨੂੰ ਵੀ ਵੱਡਾ ਨੁਕਸਾਨ ਪੁੱਜੇਗਾ। ਪਹਿਲਾਂ ਹੀ ਪੰਜਾਬ ਦੇ ਵਿੱਚ ਹੜਾਂ ਦੇ ਕਾਰਨ ਫਸਲ ਨੂੰ ਵੱਡਾ ਨੁਕਸਾਨ ਹੋ ਚੁੱਕਾ ਹੈ ਜੋ ਬਾਕੀ ਬਚੀ ਫਸਲ ਹੈ ਉਸ ਵੱਲ ਪੰਜਾਬ ਸਰਕਾਰ ਧਿਆਨ ਨਹੀਂ ਦੇ ਰਹੀ ਜਿਸ ਨਾਲ ਜਿਮੀਦਾਰ ਨੂੰ ਕਈ ਪਾਸਿਓਂ ਮਾਰ ਪੈ ਰਹੀ ਹੈ।
- PTC NEWS