Patiala : ਕਿਸਾਨਾਂ ਨੇ ਧਰੇੜੀ ਜੱਟਾਂ ਟੋਲ ਪਲਾਜ਼ਾ ਕੀਤਾ ਫਰੀ, ਮੰਗਾਂ ਨੂੰ ਲੈ ਕੇ ਲਾਇਆ ਧਰਨਾ
Patiala News : ਕਿਸਾਨੀ ਮਸਲਿਆਂ ਅਤੇ ਬੈਂਕਾਂ ਨਾਲ ਜੁੜੀਆਂ ਮੰਗਾਂ ਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਵੱਲੋਂ ਅੱਜ ਪੰਜਾਬ ਭਰ ਵਿੱਚ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸੇ ਤਹਿਤ ਪਟਿਆਲਾ ਦੇ ਧਰੇੜੀ ਜੱਟਾਂ ਟੋਲ ਪਲਾਜ਼ਾ (Patiala Toll Plaza) ’ਤੇ ਕਿਸਾਨਾਂ ਨੇ ਧਰਨਾ (Farmer Protest in Patiala) ਦਿੰਦਿਆਂ ਕੁਝ ਸਮੇਂ ਲਈ ਟੋਲ ਫਰੀ ਕਰ ਦਿੱਤਾ।
ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਪਟਿਆਲਾ ਜ਼ਿਲ੍ਹਾ ਪ੍ਰਧਾਨ ਜਗਦੀਪ ਸਿੰਘ ਨੇ ਦੱਸਿਆ ਕਿ ਕਿਸਾਨ ਪਿਛਲੇ ਲੰਮੇ ਸਮੇਂ ਤੋਂ ਬੈਂਕਾਂ ਨਾਲ ਸਬੰਧਤ ਮਸਲਿਆਂ ਨੂੰ ਲੈ ਕੇ ਸੰਘਰਸ਼ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਫਰੀਦਕੋਟ ਜ਼ਿਲ੍ਹੇ ਵਿੱਚ ਬੈਂਕਾਂ ਤੋਂ ਕਥਿਤ ਤੌਰ ’ਤੇ ਤੰਗ ਆ ਕੇ ਦੋ ਸਕੇ ਭਰਾਵਾਂ ਵੱਲੋਂ ਖੁਦਕੁਸ਼ੀ ਕਰਨ ਦੀ ਘਟਨਾ ਤੋਂ ਬਾਅਦ ਕਿਸਾਨ ਜਥੇਬੰਦੀ ਵੱਲੋਂ ਲਗਾਤਾਰ ਧਰਨੇ ਦਿੱਤੇ ਜਾ ਰਹੇ ਹਨ।
ਜਗਦੀਪ ਸਿੰਘ ਨੇ ਦੋਸ਼ ਲਾਇਆ ਕਿ ਕਿਸਾਨਾਂ ਤੋਂ ਕਰਜ਼ਾ ਦੇਣ ਸਮੇਂ ਬੈਂਕਾਂ ਵੱਲੋਂ ਜ਼ਮੀਨ ਜਾਂ ਜਾਇਦਾਦ ਗਿਰਵੀ ਰੱਖਣ ਦੇ ਨਾਲ-ਨਾਲ ਬਲੈਂਕ ਚੈੱਕ ਵੀ ਲਏ ਜਾਂਦੇ ਹਨ ਅਤੇ ਬਾਅਦ ਵਿੱਚ ਇਨ੍ਹਾਂ ਚੈੱਕਾਂ ਦੀ ਵਰਤੋਂ ਕਰਕੇ ਕਿਸਾਨਾਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਂਦੀ ਹੈ। ਉਨ੍ਹਾਂ ਮੰਗ ਕੀਤੀ ਕਿ ਇਸ ਮਾਮਲੇ ਦੀ ਜਾਂਚ ਕਰਕੇ ਕਿਸਾਨਾਂ ਨੂੰ ਇਨਸਾਫ਼ ਦਿੱਤਾ ਜਾਵੇ।
ਕਿਸਾਨਾਂ ਦੀਆਂ ਕੀ ਹਨ ਮੰਗਾਂ ?
ਕਿਸਾਨ ਆਗੂ ਨੇ ਕਿਹਾ ਕਿ ਉਨ੍ਹਾਂ ਦੀ ਇੱਕ ਹੋਰ ਮੁੱਖ ਮੰਗ OTS (One Time Settlement) ਸਕੀਮ ਨੂੰ ਲਾਗੂ ਕਰਨ ਨਾਲ ਸਬੰਧਤ ਹੈ। ਉਨ੍ਹਾਂ ਸਵਾਲ ਕੀਤਾ ਕਿ ਜੇਕਰ ਹੋਰ ਬੈਂਕਾਂ ਵਿੱਚ OTS ਵਰਗੀਆਂ ਸਕੀਮਾਂ ਚੱਲ ਰਹੀਆਂ ਹਨ ਤਾਂ ਕਿਸਾਨਾਂ ਨਾਲ ਜੁੜੇ ਕੋਆਪਰੇਟਿਵ ਬੈਂਕਾਂ ਵਿੱਚ ਵੀ ਅਜਿਹੀ ਨੀਤੀ ਕਿਉਂ ਨਹੀਂ ਲਾਗੂ ਕੀਤੀ ਜਾ ਰਹੀ।
ਉਨ੍ਹਾਂ ਅਨੁਸਾਰ ਕਿਸਾਨਾਂ ਦੀ ਤੀਜੀ ਮੁੱਖ ਮੰਗ ਸ਼ੰਭੂ ਅਤੇ ਖਨੌਰੀ ਬਾਰਡਰ ’ਤੇ ਅੰਦੋਲਨ ਦੌਰਾਨ ਹੋਏ ਕਥਿਤ ਨੁਕਸਾਨ ਨਾਲ ਸਬੰਧਤ ਹੈ। ਕਿਸਾਨ ਜਥੇਬੰਦੀ ਨੇ ਮੰਗ ਕੀਤੀ ਕਿ ਅੰਦੋਲਨ ਦੌਰਾਨ ਨੁਕਸਾਨੇ ਜਾਂ ਚੋਰੀ ਹੋਏ ਟਰੈਕਟਰ-ਟਰਾਲੀਆਂ, ਕੂਲਰ, ਫਰਿੱਜ ਅਤੇ ਹੋਰ ਸਮਾਨ ਦਾ ਮੁਆਵਜ਼ਾ ਦਿੱਤਾ ਜਾਵੇ।
ਕਿਸਾਨ ਆਗੂ ਨੇ ਦੱਸਿਆ ਕਿ ਇਨ੍ਹਾਂ ਮੰਗਾਂ ਨੂੰ ਲੈ ਕੇ 12 ਜ਼ਿਲ੍ਹਿਆਂ ਦੇ 12 ਬੈਂਕਾਂ ਅੱਗੇ ਧਰਨੇ ਵੀ ਦਿੱਤੇ ਗਏ, ਪਰ ਸਰਕਾਰ ਅਤੇ ਪ੍ਰਸ਼ਾਸਨ ਨਾਲ ਹੋਈਆਂ ਕਈ ਮੀਟਿੰਗਾਂ ਦੇ ਬਾਵਜੂਦ ਕੋਈ ਠੋਸ ਹੱਲ ਨਹੀਂ ਨਿਕਲਿਆ। ਉਨ੍ਹਾਂ ਕਿਹਾ ਕਿ ਚੰਡੀਗੜ੍ਹ ਵਿੱਚ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਦੀ ਅਗਵਾਈ ਹੇਠ ਹੋਈ ਮੀਟਿੰਗ ਵਿੱਚ ਬੈਂਕ ਅਧਿਕਾਰੀਆਂ ਕੋਲੋਂ ਬਲੈਂਕ ਚੈੱਕ ਲੈਣ ਦੇ ਕਾਨੂੰਨੀ ਆਧਾਰ ਬਾਰੇ ਸਵਾਲ ਪੁੱਛੇ ਗਏ, ਪਰ ਕਿਸਾਨ ਆਗੂਆਂ ਮੁਤਾਬਕ ਉਨ੍ਹਾਂ ਨੂੰ ਤਸੱਲੀਬਖਸ਼ ਜਵਾਬ ਨਹੀਂ ਮਿਲਿਆ।
ਇਹ ਵੀ ਪੜ੍ਹੋ... Sikh Youth Video in Maxico : 'ਉਹ ਮੈਨੂੰ ਕੁੱਟਦੇ ਹਨ, ਮੈਂ ਤੁਰ ਨਹੀਂ ਸਕਦਾ...'
ਜਗਦੀਪ ਸਿੰਘ ਨੇ ਦੋਸ਼ ਲਾਇਆ ਕਿ ਕੁਦਰਤੀ ਆਫ਼ਤ ਜਾਂ ਕਿਸੇ ਹੋਰ ਕਾਰਨ ਕਰਕੇ ਕਿਸਾਨ ਕਰਜ਼ੇ ਦੀ ਕਿਸ਼ਤ ਨਾ ਭਰ ਸਕੇ ਤਾਂ ਬੈਂਕਾਂ ਵੱਲੋਂ ਕਥਿਤ ਤੌਰ ’ਤੇ ਸੁਰੱਖਿਆ ਵਜੋਂ ਲਏ ਚੈੱਕ ਲਗਾ ਕੇ ਧਾਰਾ 138 ਤਹਿਤ ਕਾਰਵਾਈ ਕੀਤੀ ਜਾਂਦੀ ਹੈ। ਉਨ੍ਹਾਂ ਮੰਗ ਕੀਤੀ ਕਿ ਅਜਿਹੇ ਮਾਮਲਿਆਂ ਦੀ ਜਾਂਚ ਕਰਕੇ ਬੇਕਸੂਰ ਕਿਸਾਨਾਂ ਨੂੰ ਰਾਹਤ ਦਿੱਤੀ ਜਾਵੇ।
ਕਿਸਾਨ ਆਗੂ ਨੇ ਇਹ ਵੀ ਕਿਹਾ ਕਿ ਫਰੀਦਕੋਟ ਵਿੱਚ ਦੋ ਨੌਜਵਾਨ ਕਿਸਾਨਾਂ ਦੀ ਮੌਤ ਦੇ ਮਾਮਲੇ ਵਿੱਚ ਪਰਿਵਾਰਾਂ ਨੂੰ ਪੰਜ-ਪੰਜ ਲੱਖ ਰੁਪਏ ਦੀ ਸਹਾਇਤਾ, ਵਿਧਵਾ ਔਰਤਾਂ ਨੂੰ ਸਰਕਾਰੀ ਨੌਕਰੀ ਅਤੇ ਬੱਚਿਆਂ ਦੀ ਮੁਫ਼ਤ ਪੜ੍ਹਾਈ ਦਾ ਐਲਾਨ ਕੀਤਾ ਗਿਆ ਸੀ। ਉਨ੍ਹਾਂ ਦਾਅਵਾ ਕੀਤਾ ਕਿ ਇਨ੍ਹਾਂ ਐਲਾਨਾਂ ਨੂੰ ਲਾਗੂ ਕਰਵਾਉਣ ਲਈ ਵੀ ਕਿਸਾਨਾਂ ਨੂੰ ਸੰਘਰਸ਼ ਕਰਨਾ ਪਿਆ।
ਉਨ੍ਹਾਂ ਦੱਸਿਆ ਕਿ ਅੱਜ ਕਿਸਾਨ ਫਰੀਦਕੋਟ ਵਿੱਚ ਰੇਲ ਰੋਕੋ ਪ੍ਰੋਗਰਾਮ ਵੱਲ ਵਧ ਰਹੇ ਸਨ ਤਾਂ ਪੁਲਿਸ ਵੱਲੋਂ ਕਈ ਕਿਸਾਨ ਆਗੂਆਂ ਅਤੇ ਕਿਸਾਨਾਂ ਨੂੰ ਹਿਰਾਸਤ ਵਿੱਚ ਲਿਆ ਗਿਆ। ਇਸ ਦੇ ਰੋਸ ਵਜੋਂ ਪੰਜਾਬ ਦੇ ਵੱਖ-ਵੱਖ ਹਿੱਸਿਆਂ ਵਿੱਚ ਟੋਲ ਪਲਾਜ਼ਿਆਂ ਨੂੰ ਫਰੀ ਕਰਨ ਦਾ ਫੈਸਲਾ ਕੀਤਾ ਗਿਆ।
ਮੰਗਾਂ ਹੱਲ ਨਾ ਹੋਣ 'ਤੇ ਦਿੱਤੀ ਚੇਤਾਵਨੀ
ਕਿਸਾਨ ਆਗੂ ਨੇ ਚੇਤਾਵਨੀ ਦਿੱਤੀ ਕਿ ਜੇਕਰ ਸਰਕਾਰ ਵੱਲੋਂ ਕਿਸਾਨਾਂ ਦੀਆਂ ਮੰਗਾਂ ਦਾ ਜਲਦ ਹੱਲ ਨਾ ਕੀਤਾ ਗਿਆ ਅਤੇ ਹਿਰਾਸਤ ਵਿੱਚ ਲਏ ਕਿਸਾਨਾਂ ਨੂੰ ਰਿਹਾਅ ਨਾ ਕੀਤਾ ਗਿਆ ਤਾਂ ਆਉਣ ਵਾਲੇ ਦਿਨਾਂ ਵਿੱਚ ਸੰਘਰਸ਼ ਹੋਰ ਤੇਜ਼ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਲੋੜ ਪਈ ਤਾਂ ਸੜਕਾਂ ’ਤੇ ਚੱਕਾ ਜਾਮ ਕਰਨ ਵਰਗੇ ਸਖ਼ਤ ਕਦਮ ਵੀ ਚੁੱਕੇ ਜਾ ਸਕਦੇ ਹਨ।
ਇਹ ਵੀ ਪੜ੍ਹੋ... ਭਾਰਤ 15 ਅਗਸਤ ਤੇ ਪਾਕਿਸਤਾਨ 14 ਅਗਸਤ ਨੂੰ ਕਿਉਂ ਮਨਾਉਂਦਾ ਹੈ ਆਜ਼ਾਦੀ ਦਿਵਸ? ਜਾਣੋ ਕੀ ਹੈ ਪਿੱਛੇ ਦੀ ਅਸਲ ਕਹਾਣੀ
- PTC NEWS