Fazilka ਪੁਲਿਸ ਅਤੇ BSF ਨੇ ਇੱਕ ਸਾਂਝੇ ਅਪਰੇਸ਼ਨ ਦੌਰਾਨ ਹੈਰੋਇਨ ਸਮੇਤ 3 ਨਸ਼ਾ ਤਸਕਰ ਕੀਤੇ ਕਾਬੂ
Fazilka News : ਫਾਜ਼ਿਲਕਾ ਪੁਲਿਸ ਅਤੇ ਬੀ.ਐਸ.ਐਫ ਨੇ ਇੱਕ ਸਾਂਝੇ ਅਪਰੇਸ਼ਨ ਦੌਰਾਨ ਵੱਡੀ ਕਰਵਾਈ ਕਰਦਿਆਂ 1 ਕਿਲੋ ਹੈਰੋਇਨ ਸਮੇਤ 3 ਨਸ਼ਾ ਤਸਕਰਾਂ ਨੂੰ ਕਾਬੂ ਕੀਤਾ ਹੈ। ਡੀਐਸਪੀ ਦੀਪਇੰਦਰਪਾਲ ਸਿੰਘ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਿਕ ਥਾਣਾ ਸਦਰ ਜਲਾਲਾਬਾਦ ਅਧੀਨ ਪਿੰਡ ਚੱਕ ਗਰੀਬਾ ਸਾਂਦੜ ਪਾਸ ਪੁਲਿਸ ਟੀਮ ਅਤੇ ਬੀ.ਐਸ.ਐਫ 65 ਬਟਾਲੀਅਨ ਬੀ.ਓ.ਪੀ ਟਾਹਲੀਵਾਲਾ ਦੇ ਕੰਪਨੀ ਕਮਾਂਡਰ ਦੀ ਅਗੁਵਾਈ 'ਚ ਬੀ.ਐਸ.ਐਫ ਦੀ ਟੀਮ ਸਮੇਤ ਟੀ-ਪੁਆਇੰਟ ਢਾਣੀ ਮਾਂਘ ਸਿੰਘ 'ਤੇ ਨਾਕਾਬੰਦੀ ਕੀਤੀ ਹੋਈ ਸੀ।
ਨਾਕਾਬੰਦੀ ਦੌਰਾਨ ਟਾਹਲੀਵਾਲਾ ਦੀ ਤਰਫੋਂ ਇੱਕ ਮੋਟਰਸਾਈਕਲ ਬਜਾਜ ਡਿਸਕਵਰ ਨੰਬਰ ਪੀ.ਬੀ-22ਜੀ-0379 ਆਉਂਦਾ ਦਿਖਾਈ ਦਿੱਤਾ। ਜਿਸ 'ਤੇ ਤਿੰਨ ਵਿਅਕਤੀ ਸਵਾਰ ਸਨ। ਜੋ ਨਾਕਾਬੰਦੀ ਨੂੰ ਦੇਖ ਕੇ ਮੋਟਰਸਾਈਕਲ ਪਿੱਛੇ ਨੂੰ ਮੋੜਨ ਲੱਗੇ। ਜਿਹਨਾਂ ਨੂੰ ਸ਼ੱਕ ਦੇ ਅਧਾਰ 'ਤੇ ਕਾਬੂ ਕਰਕੇ ਉਹਨਾਂ ਕੋਲੋਂ ਮੌਜੂਦ ਮੋਮੀ ਲਿਫਾਫੇ ਵਿੱਚੋਂ ਇੱਕ ਕਿਲੋ ਹੈਰੋਇਨ ਬਰਾਮਦ ਹੋਈ।
ਕਾਬੂ ਕੀਤੇ ਵਿਅਕਤੀਆਂ ਦੀ ਪਹਿਚਾਣ ਗਣੇਸ਼ ਸਿੰਘ ਪੁੱਤਰ ਜੰਗੀਰ ਸਿੰਘ ਵਾਸੀ ਹਜਾਰਾ ਰਾਮ ਸਿੰਘ ਵਾਲਾ, ਅਮਰਿੰਦਰ ਸਿੰਘ ਪੁੱਤਰ ਪਰਮਜੀਤ ਸਿੰਘ ਵਾਸੀ ਪਿੰਡ ਜੋਧਾ ਭੈਣੀ ਹਾਲ ਬਸਤੀ ਕੇਰਾਂ ਵਾਲੀ ਅਤੇ ਅਰੁਣਦੀਪ ਸਿੰਘ ਪੁੱਤਰ ਹਰਮੇਸ਼ ਸਿੰਘ ਵਾਸੀ ਪਿੰਡ ਮੋਹਰ ਸਿੰਘ ਵਾਲਾ ਵਜੋਂ ਹੋਈ। ਜਿਹਨਾਂ ਦੇ ਖਿਲਾਫ ਮੁਕੱਦਮਾ ਨੰਬਰ 195 ਮਿਤੀ 04-12-2025 ਜੁਰਮ 21/ਸੀ 29/61/85 ਐਨ.ਡੀ.ਪੀ.ਐਸ ਐਕਟ ਸਦਰ ਜਲਾਲਾਬਾਦ ਦਰਜ ਰਜਿਸਟਰ ਕੀਤਾ ਗਿਆ ਹੈ।
ਦੋਸ਼ੀਆਂ ਦਾ ਰਿਮਾਂਡ ਹਾਸਲ ਕਰਕੇ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਉਹਨਾਂ ਬੈਕਵਰਡ ਅਤੇ ਫਾਰਵਰਡ ਲਿੰਕਾਂ ਬਾਰੇ ਜਾਂਚ ਕੀਤੀ ਜਾ ਰਹੀ ਹੈ। ਮੁਕੱਦਮਾ ਦੀ ਤਫਤੀਸ਼ ਜਾਰੀ ਹੈ।
- PTC NEWS