Fertilizer Price Hike : ਖਾਦ ਕੰਪਨੀਆਂ ਦਾ ਕਿਸਾਨਾਂ ਨੂੰ ਵੱਡਾ ਝਟਕਾ ! NPK ਤੇ ਪੋਟਾਸ਼ ਦੇ ਰੇਟਾਂ 'ਚ 400 ਤੋਂ 500 ਰੁਪਏ ਪ੍ਰਤੀ ਕੁਇੰਟਲ ਕੀਤਾ ਵਾਧਾ
Fertilizer Price Hike : ਖਾਦ ਕੰਪਨੀਆਂ ਵੱਲੋਂ ਕਿਸਾਨਾਂ ਨੂੰ ਇੱਕ ਹੋਰ ਆਰਥਿਕ ਝਟਕਾ ਦਿੰਦਿਆਂ ਦੇਸ਼ 'ਚ ਸਭ ਤੋਂ ਵੱਧ ਵਰਤੀ ਜਾਂਦੀ ਐੱਨਪੀਕੇ (NPK) ਖਾਦ 'ਚ 400 ਰੁਪਏ ਪ੍ਰਤੀ ਕੁਇੰਟਲ (200 ਰੁਪਏ ਪ੍ਰਤੀ ਗੱਟਾ 50 ਕਿਲੋ) ਅਤੇ ਪੋਟਾਸ਼ (Potash) 'ਚ 500 ਰੁਪਏ ਪ੍ਰਤੀ ਕੁਇੰਟਲ (250 ਰੁਪਏ ਪ੍ਰਤੀ ਗੱਟਾ 50 ਕਿਲੋ) ਵਾਧਾ ਕਰਕੇ ਕਿਸਾਨਾਂ 'ਤੇ ਵਾਧੂ ਬੋਝ ਪਾ ਦਿੱਤਾ। ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਟਿਕੈਤ ਦੇ ਸੂਬਾ ਜਰਨਲ ਸਕੱਤਰ ਸਰੂਪ ਸਿੰਘ ਰਾਮਾ ਨੇ ਦੱਸਿਆ ਕੇ ਖਾਦ ਕੰਪਨੀਆਂ ਨੇ ਐੱਨਪੀਕੇ ਖਾਦ ਗਰੇਡ 12:32:16 ਦੀ ਕੀਮਤ 1900 ਰੁਪਏ ਪ੍ਰਤੀ ਗੱਟਾ ਕਰ ਦਿੱਤੀ ਹੈ। ਜਦੋਂ ਕਿ ਪਹਿਲਾਂ 1700 ਰੁਪਏ ਪ੍ਰਤੀ ਗੱਟਾ ਸੀ। ਇਸੇ ਤਰ੍ਹਾਂ ਹੀ ਪੋਟਾਸ਼ ਖਾਦ ਦੀ ਕੀਮਤ 1800 ਰੁਪਏ ਪ੍ਰਤੀ ਗੱਟਾ ਕਰ ਦਿੱਤੀ ਹੈ, ਜੋ ਕਿ ਪਹਿਲਾਂ 1550 ਰੁਪਏ ਸੀ।
ਉਹਨਾਂ ਨੇ ਕਿਹਾ ਕਿ ਦੇਸ਼ ਦੇ ਕਿਸਾਨ ਡੀਏਪੀ ਖਾਦ ਨਾਲੋਂ ਵੱਧ ਐੱਨਪੀਕੇ ਖਾਦ ਦੀ ਵਰਤੋਂ ਕਰਦੇ ਹਨ, ਹੁਣ ਪੰਜਾਬ ਦੇ ਕਿਸਾਨ ਵੀ ਇਸ ਖਾਦ ਦੀ ਵੱਡੀ ਮਾਤਰਾ ਵਿੱਚ ਵਰਤੋਂ ਕਰਦੇ ਹਨ। ਪੰਜਾਬ ਦੇ ਕਿਸਾਨਾਂ ਨੇ ਨਵੰਬਰ 2024 'ਚ ਡੀਏਪੀ ਦੀ ਘਾਟ ਕਾਰਨ ਐੱਨਪੀਕੇ (ਗਰੇਡ 12:32:16) ਖਾਦ ਦੀ ਵਰਤੋਂ ਕਰਕੇ ਕਣਕ ਦੀ ਬਿਜਾਈ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਹੁਣ ਖਾਦਾਂ, ਕਾਰਨ ਖੇਤੀ ਦੀ ਲਾਗਤ ਵਧਣ ਦੇ ਕਾਰਨ ਕਿਸਾਨਾਂ ਨੂੰ ਦੁੱਗਣੀ ਮਾਰ ਝੱਲਣੀ ਪਵੇਗੀ ਅਤੇ ਦੂਸਰੇ ਪਾਸੇ ਕਿਸਾਨਾਂ ਨੂੰ ਫ਼ਸਲਾਂ ਦਾ ਉਚਿਤ ਮੁੱਲ ਵੀ ਨਹੀਂ ਮਿਲ ਰਿਹਾ ਹੈ। ਉਹਨਾਂ ਨੇ ਦੱਸਿਆ ਕਿ ਦੇਸ਼ 'ਚ ਲਗਭਗ ਐੱਨਪੀਕੇ ਖਾਦ ਦੀ 105 ਲੱਖ ਟਨ, ਡੀਏਪੀ ਦੀ ਸਾਲਾਨਾ ਖਪਤ 103 ਲੱਖ ਟਨ, ਪੋਟਾਸ਼ 38 ਲੱਖ ਟਨ ਦੀ ਵਰਤੋਂ ਕੀਤੀ ਜਾਂਦੀ ਹੈ।
ਕਿਸਾਨ ਆਗੂ ਸਰੂਪ ਸਿੰਘ ਰਾਮਾ ਨੇ ਕਿਹਾ ਕਿ ਭਾਵੇਂ ਪਿਛਲੀ ਦਿਨੀ ਕੇਂਦਰੀ ਕੈਬਨਿਟ ਨੇ ਮੌਜੂਦਾ ਹਾੜੀ ਸੀਜਨ 2025-26 ਲਈ 37 ਹਜਾਰ 952 ਕਰੋੜ ਰੁਪਏ ਦੀ ਪੌਸ਼ਟਿਕ ਤੱਤਾਂ ਤੇ ਅਧਾਰਿਤ ਸਬਸਿਡੀ ਯੋਜਨਾ ਨੂੰ ਵੀ ਪ੍ਰਵਾਨਗੀ ਦੇ ਦਿੱਤੀ ਹੈ, ਜੋ ਕਿ ਬਹੁਤ ਘੱਟ ਹੈ। ਉਹਨਾਂ ਦੱਸਿਆ ਕਿ ਜੇਕਰ ਕੇਂਦਰ ਸਰਕਾਰ ਨੇ ਖਾਦ ਸਬਸਿਡੀ ਵਿੱਚ ਹੋਰ ਵਾਧਾ ਨਾ ਕੀਤਾ ਤਾਂ ਆਉਣ ਵਾਲੇ ਸਮੇਂ ਦੌਰਾਨ ਖਾਦ ਕੰਪਨੀਆਂ ਖਾਦ ਦੇ ਰੇਟਾਂ ਵਿੱਚ 450 ਤੋਂ ਲੈ ਕੇ 500 ਰੁਪਏ ਪ੍ਰਤੀ ਕੁਇੰਟਲ ਤੱਕ ਵਾਧਾ ਕਰ ਸਕਦੀਆਂ ਹਨ। ਉਨ੍ਹਾਂ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਖਾਦਾਂ ਦੀ ਸਬਸਿਡੀ ਵਿੱਚ ਹੋਰ ਵਾਧਾ ਕਰਕੇ ਖਾਦਾਂ ਦੇ ਰੇਟਾਂ ਨੂੰ ਘਟਾ ਕੇ ਦੇਸ਼ ਦੇ ਕਿਸਾਨਾਂ ਨੂੰ ਰਾਹਤ ਦਿੱਤੀ ਜਾਵੇ।
- PTC NEWS