Amritsar : ਕਬੂਤਰਬਾਜ਼ੀ ਦੀ ਰੰਜਿਸ਼ ਨੇ ਧਾਰਿਆ ਖੂਨੀ ਰੂਪ, ਦਾਤਰਾਂ ਤੇ ਰਾਡਾਂ ਨਾਲ ਹਮਲਾ, ਦੋ ਭਰਾ ਗੰਭੀਰ ਜ਼ਖਮੀ
Amritsar News : ਅੰਮ੍ਰਿਤਸਰ ਦੇ ਖਜ਼ਾਨਾ ਗੇਟ ਨੇੜੇ ਪਤੀਆਂ ਵਾਲੀ ਗਲੀ ਵਿੱਚ ਕਬੂਤਰਬਾਜ਼ੀ ਨੂੰ ਲੈ ਕੇ ਚੱਲ ਰਹੀ ਪੁਰਾਣੀ ਰੰਜਿਸ਼ ਉਸ ਵੇਲੇ ਖੂਨੀ ਰੂਪ ਧਾਰ ਗਈ ਜਦੋਂ ਕੁਝ ਲੋਕਾਂ ਵੱਲੋਂ ਇੱਕ ਨੌਜਵਾਨ ਅਤੇ ਉਸਦੇ ਪਰਿਵਾਰ ’ਤੇ ਤੇਜ਼ਧਾਰ ਹਥਿਆਰਾਂ ਨਾਲ ਜਾਨਲੇਵਾ ਹਮਲਾ (Bloody Attack) ਕਰ ਦਿੱਤਾ ਗਿਆ। ਇਸ ਹਮਲੇ ਵਿੱਚ ਦੋ ਭਰਾ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਤੁਰੰਤ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਹਸਪਤਾਲ ਵਿੱਚ ਜ਼ੇਰੇ ਇਲਾਜ ਨੀਰਜ ਸ਼ਰਮਾ ਅਤੇ ਕਰਨ ਸ਼ਰਮਾ ਨੇ ਦੱਸਿਆ ਕਿ ਉਹ ਸ਼ੌਕ ਦੇ ਤੌਰ ’ਤੇ ਕਬੂਤਰ ਰੱਖਦੇ ਹਨ। ਇਸ ਗੱਲ ਨੂੰ ਲੈ ਕੇ ਮੁਹੱਲੇ ਦੇ ਕੁਝ ਲੋਕ ਉਨ੍ਹਾਂ ਨਾਲ ਰੰਜਿਸ਼ ਰੱਖਦੇ ਸਨ ਅਤੇ ਪਹਿਲਾਂ ਵੀ ਕਈ ਵਾਰ ਤਕਰਾਰ ਹੋ ਚੁੱਕੀ ਸੀ।
ਪੀੜਤਾਂ ਦੇ ਅਨੁਸਾਰ, ਘਟਨਾ ਵਾਲੇ ਦਿਨ ਵਿਰੋਧੀ ਧਿਰ ਵੱਲੋਂ ਉਨ੍ਹਾਂ ਦੇ ਪਿਤਾ ਨੂੰ ਫੋਨ ਕਰਕੇ ਗੱਲਬਾਤ ਕਰਨ ਦੇ ਬਹਾਨੇ ਬਾਹਰ ਬੁਲਾਇਆ ਗਿਆ। ਪੀੜਤਾਂ ਨੇ ਦੱਸਿਆ ਕਿ ਜਦੋਂ ਉਹ ਮੌਕੇ ’ਤੇ ਪਹੁੰਚੇ ਤਾਂ ਉੱਥੇ ਪਹਿਲਾਂ ਤੋਂ ਹੀ ਹਮਲਾਵਰ ਦਾਤਰਾਂ, ਬੇਸਬਾਲ ਅਤੇ ਲੋਹੇ ਦੀਆਂ ਰਾਡਾਂ ਨਾਲ ਤਿਆਰ ਖੜੇ ਸਨ। ਗਲੀ ਦੇ ਮੋੜ ’ਤੇ ਉਨ੍ਹਾਂ ਨੂੰ ਘੇਰ ਕੇ ਅੰਨ੍ਹੇਵਾਹ ਹਮਲਾ ਕਰ ਦਿੱਤਾ ਗਿਆ। ਜਦੋਂ ਕਰਨ ਸ਼ਰਮਾ ਆਪਣੇ ਭਰਾ ਨੂੰ ਬਚਾਉਣ ਲਈ ਅੱਗੇ ਆਇਆ ਤਾਂ ਹਮਲਾਵਰਾਂ ਨੇ ਉਸਦੇ ਸਿਰ ’ਤੇ ਦਾਤਰ ਨਾਲ ਕਈ ਵਾਰ ਕੀਤੇ।
ਪੀੜਤ ਨੀਰਜ ਸ਼ਰਮਾ ਨੇ ਦੱਸਿਆ ਕਿ ਜਾਨ ਬਚਾਉਣ ਲਈ ਉਹ ਨੇੜੇ ਦੀ ਇੱਕ ਹਲਵਾਈ ਦੀ ਦੁਕਾਨ ਵਿੱਚ ਦੌੜ ਗਿਆ, ਪਰ ਹਮਲਾਵਰ ਉੱਥੇ ਵੀ ਪਿੱਛਾ ਕਰਦੇ ਹੋਏ ਅੰਦਰ ਵੜ ਗਏ ਅਤੇ ਹਮਲਾ ਜਾਰੀ ਰੱਖਿਆ। ਇਸ ਹਮਲੇ ਵਿੱਚ ਨੀਰਜ ਦੇ ਸਿਰ, ਪਿੱਠ ਅਤੇ ਬਾਂਹਾਂ ’ਤੇ ਗੰਭੀਰ ਸੱਟਾਂ ਲੱਗੀਆਂ ਹਨ, ਜਦਕਿ ਉਸਦੀ ਇੱਕ ਲੱਤ ਦੀ ਹੱਡੀ ਵੀ ਟੁੱਟ ਗਈ ਹੈ। ਕਰਨ ਸ਼ਰਮਾ ਦੇ ਸਿਰ ’ਤੇ 5 ਤੋਂ 7 ਦਾਤਰ ਦੇ ਵਾਰ ਹੋਏ ਹਨ ਅਤੇ ਬਾਂਹ ’ਤੇ ਵੀ ਡੂੰਘਾ ਜ਼ਖਮ ਆਇਆ ਹੈ। ਉਥੇ ਹੀ ਬਚਾਅ ਕਰਨ ਦੌਰਾਨ ਪੀੜਤਾਂ ਦੀ ਮਾਤਾ ਵੀ ਜ਼ਖਮੀ ਹੋ ਗਈ, ਜਿਸਦੀ ਠੋਡੀ ’ਤੇ ਸੱਟ ਲੱਗੀ ਹੈ।
ਪੀੜਤ ਪਰਿਵਾਰ ਨੇ ਆਰੋਪ ਲਗਾਇਆ ਕਿ ਹਮਲੇ ਵਿੱਚ ਪਲਵਿੰਦਰ, ਉਸਦਾ ਪਿਤਾ, ਜਵਾਈ ਅਤੇ ਕੁਝ ਔਰਤਾਂ ਵੀ ਸ਼ਾਮਲ ਸਨ। ਪਰਿਵਾਰ ਨੇ ਪੁਲਿਸ ਕੋਲ ਇਨਸਾਫ਼ ਦੀ ਗੁਹਾਰ ਲਗਾਉਂਦੇ ਹੋਏ ਹਮਲਾਵਰਾਂ ਖ਼ਿਲਾਫ਼ ਧਾਰਾ 307 ਤਹਿਤ ਮਾਮਲਾ ਦਰਜ ਕਰਨ ਦੀ ਮੰਗ ਕੀਤੀ ਹੈ। ਪੀੜਤਾਂ ਦਾ ਕਹਿਣਾ ਹੈ ਕਿ ਹਮਲਾਵਰ ਪਹਿਲਾਂ ਵੀ ਨਸ਼ੇ ਅਤੇ ਹੋਰ ਮਾਮਲਿਆਂ ਵਿੱਚ ਜੇਲ੍ਹ ਜਾ ਚੁੱਕੇ ਹਨ ਅਤੇ ਹੁਣ ਵੀ ਉਨ੍ਹਾਂ ਦੀ ਜਾਨ ਨੂੰ ਖ਼ਤਰਾ ਬਣਿਆ ਹੋਇਆ ਹੈ। ਉੱਥੇ ਹੀ ਮਾਮਲੇ ਸਬੰਧੀ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਇਹ ਝਗੜਾ ਕਬੂਤਰਬਾਜ਼ੀ ਨੂੰ ਲੈ ਕੇ ਹੋਇਆ ਸੀ ਅਤੇ ਦੋਨਾਂ ਧਿਰਾਂ ਨੂੰ ਸੱਟਾਂ ਲੱਗੀਆਂ ਹਨ। ਪੁਲਿਸ ਮੁਤਾਬਕ ਦੋਨਾਂ ਪਾਸਿਆਂ ਦੇ ਮੈਡੀਕਲ ਰਿਪੋਰਟਾਂ ਦੇ ਆਧਾਰ ’ਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
- PTC NEWS