Gurudwara Hansali Sahib : ਗੁਰਦੁਆਰਾ ਸ੍ਰੀ ਹੰਸਾਲੀ ਸਾਹਿਬ ਵਿਖੇ ਸਮਾਗਮ ਦੌਰਾਨ ਲੰਗਰ ਹਾਲ 'ਚ ਲੱਗੀ ਅੱਗ, ਇੰਝ ਵਾਪਰਿਆ ਹਾਦਸਾ
ਡੇਰਾ ਹੰਸਾਲੀ ਵਿਖੇ ਅੱਜ ਮਨਾਏ ਜਾ ਰਹੇ ਸਵਰਗਵਾਸੀ ਬ੍ਰਹਮ ਗਿਆਨੀ ਸੰਤ ਬਾਬਾ ਅਜੀਤ ਸਿੰਘ ਹੰਸਾਲੀ ਵਾਲਿਆਂ ਦੇ ਜਨਮ ਦਿਹਾੜੇ ਮੌਕੇ ਚਲ ਰਹੇ ਧਾਰਮਿਕ ਸਮਾਗਮਾਂ ਦੌਰਾਨ ਸਵੇਰੇ ਵੱਡਾ ਹਾਦਸਾ ਵਾਪਰਨ ਤੋਂ ਬਚ ਗਿਆ, ਜਦੋਂ ਲੰਗਰ ਹਾਲ ਵਿੱਚ ਸਿਲੰਡਰ ਨੂੰ ਅੱਗ ਲੱਗ ਗਈ।
ਮਿਲੀ ਜਾਣਕਾਰੀ ਮੁਤਾਬਿਕ ਸਿਲੰਡਰ ਬਲਾਸਟ ਹੋਣ ਕਾਰਨ ਸਾਰੇ ਲੰਗਰ ਹਾਲ ਵਿੱਚ ਧੂੰਆਂ ਹੀ ਧੂੰਆਂ ਫੈਲ ਗਿਆ। ਅੱਗ ਲੱਗਣ ਉਪਰੰਤ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਵੱਲੋਂ ਪਹੁੰਚ ਕੇ ਅੱਗ ’ਤੇ ਕਾਬੂ ਪਾਇਆ ਗਿਆ, ਜਿਸ ਕਰਕੇ ਇੱਕ ਵੱਡਾ ਹਾਦਸਾ ਹੋਣ ਤੋਂ ਟਲ ਗਿਆ। ਇਸ ਹਾਦਸੇ ਦੌਰਾਨ ਕਿਸੇ ਵੀ ਤਰ੍ਹਾਂ ਦਾ ਜਾਨੀ ਮਾਲੀ ਨੁਕਸਾਨ ਹੋਣ ਤੋਂ ਬਚਾਅ ਰਿਹਾ।
ਘਟਨਾ ਸਬੰਧੀ ਜਾਣਕਾਰੀ ਦਿੰਦੇ ਹੋਏ ਸਰਹਿੰਦ ਫਾਇਰ ਬ੍ਰਿਗੇਡ ਦੇ ਡਰਾਈਵਰ ਚਰਨਜੀਤ ਸਿੰਘ ਨੇ ਦੱਸਿਆ ਕਿ ਪ੍ਰਸ਼ਾਸਨ ਦੀਆਂ ਹਦਾਇਤਾਂ ਅਨੁਸਾਰ ਸਮਾਗਮ ਦੇ ਮੱਦੇਨਜ਼ਰ ਇੱਥੇ ਪਹਿਲਾਂ ਤੋਂ ਹੀ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਦਾ ਇੰਤਜ਼ਾਮ ਕੀਤਾ ਗਿਆ ਸੀ। ਇਸੇ ਅਗਾਊਂ ਤਿਆਰੀ ਕਾਰਨ ਅੱਗ 'ਤੇ ਸਮੇਂ ਸਿਰ ਕਾਬੂ ਪਾ ਲਿਆ ਗਿਆ।
ਡਰਾਈਵਰ ਚਰਨਜੀਤ ਸਿੰਘ ਅਨੁਸਾਰ ਅੱਗ ਲੰਗਰ ਹਾਲ ਵਿੱਚ ਭੱਠੀਆਂ ਅਤੇ ਸਿਲੰਡਰਾਂ ਦੀ ਪਾਈਪ ਤੋਂ ਲੱਗੀ ਸੀ, ਜਿਸ ਦੌਰਾਨ ਇੱਕ ਸਿਲੰਡਰ ਵਿੱਚ ਜ਼ੋਰਦਾਰ ਧਮਾਕਾ ਵੀ ਹੋਇਆ। ਮੌਕੇ 'ਤੇ ਮੌਜੂਦ ਫਾਇਰ ਬ੍ਰਿਗੇਡ ਅਮਲੇ ਨੇ ਬਿਨਾਂ ਸਮਾਂ ਗੁਆਏ ਇੱਕ ਗੱਡੀ ਦੀ ਮਦਦ ਨਾਲ ਤੁਰੰਤ ਮੁਸਤੈਦੀ ਦਿਖਾਉਂਦੇ ਹੋਏ ਅੱਗ 'ਤੇ ਪੂਰੀ ਤਰ੍ਹਾਂ ਕਾਬੂ ਪਾ ਲਿਆ।
ਫ਼ਾਇਰ ਬ੍ਰਿਗੇਡ ਟੀਮ ਦੀ ਸਮੇਂ ਸਿਰ ਕੀਤੀ ਗਈ ਕਾਰਵਾਈ ਕਾਰਨ ਇਸ ਹਾਦਸੇ ਵਿੱਚ ਕਿਸੇ ਵੀ ਤਰ੍ਹਾਂ ਦੇ ਜਾਨੀ ਜਾਂ ਮਾਲੀ ਨੁਕਸਾਨ ਤੋਂ ਬਚਾਅ ਰਿਹਾ, ਜਿਸ ਤੋਂ ਬਾਅਦ ਪ੍ਰਸ਼ਾਸਨ ਅਤੇ ਗੁਰੂ ਘਰ ਆਈਆਂ ਸੰਗਤਾਂ ਨੇ ਸੁੱਖ ਦਾ ਸਾਹ ਲਿਆ।
ਇਹ ਵੀ ਪੜ੍ਹੋ : ਮੁਅੱਤਲ DIG ਐੱਚ.ਐੱਸ ਭੁੱਲਰ ਨੂੰ ਹਾਈਕੋਰਟ ਤੋਂ ਲੱਗਾ ਵੱਡਾ ਝਟਕਾ; HC ਨੇ ਭੁੱਲਰ ਦੀ ਜ਼ਮਾਨਤ ਪਟੀਸ਼ਨ ਰੱਦ
- PTC NEWS