Punjab News : ਭਾਰਤ-ਪਾਕਿ ਸਰਹੱਦ 'ਤੇ ਸਥਿਤ ਪਿੰਡ ਸਾਧਾਂਵਾਲੀ ਵਿਖੇ ਇੱਕ ਡੇਰੇ ਨੂੰ ਲੱਗੀ ਅੱਗ ,ਘਰ ਦਾ ਕੀਮਤੀ ਸਮਾਨ ਤੇ ਨਗਦੀ ਸੜ ਕੇ ਸੁਆਹ
Punjab News : ਭਾਰਤ-ਪਾਕਿ ਕੌਮਾਂਤਰੀ ਸਰਹੱਦ ਡੇਰਾ ਬਾਬਾ ਨਾਨਕ ਦੇ ਨਜ਼ਦੀਕ ਪਿੰਡ ਸਾਧਾਂਵਾਲੀ ਦੇ ਇੱਕ ਡੇਰੇ ਉੱਪਰ ਰਹਿੰਦੇ ਗਰੀਬ ਪਰਿਵਾਰ ਦੇ ਘਰ ਨੂੰ ਸ਼ੱਕੀ ਹਾਲਾਤਾਂ ਵਿੱਚ ਅੱਗ ਲੱਗਣ ਦਾ ਮਾਮਲਾ ਪ੍ਰਾਪਤ ਹੋਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਰਾਜ ਕੁਮਾਰ ਤੇ ਸੁਨੀਲ ਕੁਮਾਰ ਨੇ ਦੱਸਿਆ ਕਿ ਇਥੋਂ ਦੇ ਕਾਰੋਬਾਰੀ ਰਾਮ ਲੁਭਾਇਆ ਡੇਰੇ ਉੱਪਰ ਕਰੀਬ ਉਹ 50 -60 ਸਾਲ ਤੋਂ ਆਪਣੇ ਪਰਿਵਾਰ ਸਮੇਤ ਰਹਿ ਰਹੇ ਸਨ।
ਬੀਤੇ ਕੁਝ ਦਿਨਾਂ ਤੋਂ ਭਾਰਤ ਅਤੇ ਪਾਕਿਸਤਾਨ ਵਿਚਾਲੇ ਵਧੇ ਹੋਏ ਤਣਾਅ ਨੂੰ ਲੈ ਕੇ ਉਹ ਆਪਣੇ ਰਿਸ਼ਤੇਦਾਰਾਂ ਕੋਲੋਂ ਚਲੇ ਗਏ ਸਨ। ਅੱਜ ਜਦੋਂ ਉਹ ਡੇਰੇ ਉੱਪਰ ਆਏ ਤਾਂ ਡੇਰੇ ਨੂੰ ਭਿਆਨਕ ਅੱਗ ਲੱਗੀ ਹੋਈ ਸੀ। ਜਿਸ ਤੋਂ ਬਾਅਦ ਤੁਰੰਤ ਫਾਇਰ ਬ੍ਰਿਗੇਡ ਨੂੰ ਸੂਚਨਾ ਦਿੱਤੀ ਗਈ। ਜਿਨਾਂ ਨੇ ਕਾਫੀ ਮੁਸ਼ੱਕਤ ਤੋਂ ਬਾਅਦ ਅੱਗ 'ਤੇ ਕਾਬੂ ਪਾਇਆ ਪਰ ਓਦੋਂ ਤੱਕ ਉਹਨਾਂ ਦੇ ਘਰ ਦਾ ਸਾਰਾ ਕੀਮਤੀ ਸਮਾਨ,ਗਹਿਣੇ ਅਤੇ ਨਗਦੀ ਸੜ ਕੇ ਸੁਆਹ ਹੋ ਚੁੱਕੇ ਸਨ।
ਇਸ ਘਟਨਾ ਨੂੰ ਲੈ ਕੇ ਗਰੀਬ ਪਰਿਵਾਰ ਦਾ ਰੋ ਰੋ ਬੁਰਾ ਹਾਲ ਹੈ। ਗਰੀਬ ਪਰਿਵਾਰ ਨੂੰ ਪਿੰਡ ਦੇ ਹੀ ਕੁਝ ਸ਼ਰਾਰਤੀ ਅਨਸਰਾਂ ਉੱਪਰ ਅੱਗ ਲਾਉਣ ਦਾ ਖਦਸ਼ਾ ਜਤਾਇਆ ਹੈ। ਇਸ ਮੌਕੇ ਪੀੜਿਤ ਪਰਿਵਾਰ ਨੇ ਪੰਜਾਬ ਸਰਕਾਰ ਅਤੇ ਪੁਲਿਸ ਦੇ ਉੱਚ ਅਧਿਕਾਰੀਆਂ ਤੋਂ ਅੱਗ ਲੱਗਣ ਦੇ ਕਾਰਨਾਂ ਦੀ ਨਿਰਪੱਖ ਜਾਂਚ ਦੀ ਮੰਗ ਕੀਤੀ ਹੈ ਤੇ ਉੱਥੇ ਹੀ ਉਚਿਤ ਮੁਆਵਜ਼ਾ ਦੇਣ ਦੀ ਗੁਹਾਰ ਲਾਈ ਹੈ।
- PTC NEWS