ਓਡੀਸ਼ਾ ਦੇ ਸਿਹਤ ਮੰਤਰੀ 'ਤੇ ਫਾਇਰਿੰਗ; ਹਸਪਤਾਲ 'ਚ ਕਰਵਾਇਆ ਦਾਖ਼ਲ
ਭੁਵਨੇਸ਼ਵਰ, 29 ਜਨਵਰੀ: ਇੱਕ ਵੱਡੀ ਘਟਨਾ ਵਿੱਚ ਓਡੀਸ਼ਾ ਦੇ ਸਿਹਤ ਮੰਤਰੀ ਨਾਬਾ ਦਾਸ ਨੂੰ ਐਤਵਾਰ ਨੂੰ ਝਾਰਸੁਗੁਡਾ ਜ਼ਿਲ੍ਹੇ ਦੇ ਬ੍ਰਜਰਾਜਨਗਰ ਨੇੜੇ ਗਾਂਧੀ ਚੱਕ ਨੇੜੇ ਕੁਝ ਅਣਪਛਾਤੇ ਬਦਮਾਸ਼ਾਂ ਦੁਆਰਾ ਗੋਲੀ ਮਾਰਨ ਤੋਂ ਉਹ ਗੰਭੀਰ ਜ਼ਖ਼ਮੀ ਹੋ ਗਏ ਹਨ। ਇਹ ਘਟਨਾ ਉਦੋਂ ਵਾਪਰੀ ਜਦੋਂ ਨਾਬਾ ਦਾਸ ਇੱਕ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਲਈ ਜਾ ਰਹੇ ਸਨ।
ਕੌਮੀ ਮੀਡੀਆ ਮੁਤਾਬਕ ਬਦਮਾਸ਼ਾਂ ਨੇ ਨਾਬਾ ਦਾਸ ਨੂੰ ਉਸ ਵੇਲੇ ਗੋਲੀਆਂ ਮਾਰੀਆਂ ਜਦੋਂ ਉਹ ਆਪਣੀ ਗੱਡੀ ਤੋਂ ਬਾਹਰ ਨਿਕਲੇ ਸਨ। ਗੋਲੀਬਾਰੀ ਦੇ ਪਿੱਛੇ ਦਾ ਸਹੀ ਕਾਰਨ ਅਜੇ ਸਪੱਸ਼ਟ ਨਹੀਂ ਹੋ ਸਕਿਆ ਹੈ।
ਘਟਨਾ ਤੋਂ ਬਾਅਦ ਨਾਬਾ ਦਾਸ ਨੂੰ ਹਸਪਤਾਲ ਲਿਜਾਇਆ ਗਿਆ। ਗੋਲੀਬਾਰੀ ਦੀ ਘਟਨਾ ਤੋਂ ਬਾਅਦ ਬੀਜੇਡੀ ਕਾਰਕੁਨਾਂ ਵੱਲੋਂ ਧਰਨਾ ਦੇਣ ਤੋਂ ਬਾਅਦ ਮੌਕੇ 'ਤੇ ਤਣਾਅ ਪੈਦਾ ਹੋ ਗਿਆ। ਇਹ ਸ਼ੱਕ ਹੈ ਕਿ ਗੋਲੀਬਾਰੀ ‘ਪਹਿਲਾਂ ਤੋਂ ਯੋਜਨਾਬੱਧ’ ਸੀ ਕਿਉਂਕਿ ਮੰਤਰੀ ਨੂੰ ਕਥਿਤ ਤੌਰ ‘ਤੇ ਨੇੜੇ ਤੋਂ ਗੋਲੀ ਮਾਰੀ ਗਈ ਹੈ।
ਇਸ ਘਟਨਾ ਨੇ ਸੁਰੱਖਿਆ ਉਪਾਵਾਂ 'ਤੇ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ ਹਨ ਕਿਉਂਕਿ ਇਕ ਮੈਗਾ ਪ੍ਰੋਗਰਾਮ ਵਿਚ ਸ਼ਾਮਲ ਹੋਣ ਵਾਲੇ ਨਾਬਾ ਦਾਸ ਨੂੰ ਵੀ ਪੁਲਿਸ ਸੁਰੱਖਿਆ ਪ੍ਰਦਾਨ ਕੀਤੀ ਗਈ ਸੀ।
ਸੀਨੀਅਰ ਪੱਤਰਕਾਰ ਪ੍ਰਸੰਨਾ ਮੋਹੰਤੀ ਨੇ ਕਿਹਾ ਕਿ ਕਿਉਂਕਿ ਨਾਬਾ ਦਾਸ ਬੀਜੇਡੀ ਦਾ ਇੱਕ ਪ੍ਰਮੁੱਖ ਨੇਤਾ ਹਨ ਅਤੇ 2024 ਦੀਆਂ ਚੋਣਾਂ ਤੋਂ ਪਹਿਲਾਂ ਉਨ੍ਹਾਂ 'ਤੇ ਗੋਲੀਬਾਰੀ ਨਿਸ਼ਚਿਤ ਤੌਰ 'ਤੇ ਗੰਭੀਰ ਚਿੰਤਾ ਦਾ ਵਿਸ਼ਾ ਹੈ। ਕਾਬਲੇਗੌਰ ਹੈ ਕਿ ਓਡੀਸ਼ਾ ਵਿੱਚ ਚੋਣਾਂ ਦੌਰਾਨ ਹਿੰਸਾ ਦੇਖਣ ਦਾ ਇਤਿਹਾਸ ਰਿਹਾ ਹੈ।
ਬੀਜੂ ਜਨਤਾ ਦਲ (ਬੀਜੇਡੀ) ਦੇ ਸੀਨੀਅਰ ਨੇਤਾ ਨਾਬਾ ਦਾਸ ਹਾਲ ਹੀ ਵਿੱਚ ਮਹਾਰਾਸ਼ਟਰ ਦੇ ਇੱਕ ਮੰਦਰ ਵਿੱਚ 1 ਕਰੋੜ ਰੁਪਏ ਤੋਂ ਵੱਧ ਮੁੱਲ ਦਾ ਸੋਨੇ ਦਾ ਕਲਸ਼ ਦਾਨ ਕਰਨ ਤੋਂ ਬਾਅਦ ਖਬਰਾਂ ਵਿੱਚ ਆਏ ਸਨ। ਦਾਸ ਨੇ ਕਥਿਤ ਤੌਰ 'ਤੇ ਮਹਾਰਾਸ਼ਟਰ ਦੇ ਸ਼ਨੀ ਸ਼ਿੰਗਨਾਪੁਰ ਮੰਦਰ ਨੂੰ 1.7 ਕਿਲੋਗ੍ਰਾਮ ਸੋਨਾ ਅਤੇ 5 ਕਿਲੋ ਚਾਂਦੀ ਦੇ ਬਣੇ ਕਲਸ ਦਾਨ ਕੀਤੇ ਸਨ ਜੋ ਦੇਸ਼ ਦੇ ਪ੍ਰਸਿੱਧ ਸ਼ਨੀ ਮੰਦਰਾਂ ਵਿੱਚੋਂ ਇੱਕ ਹੈ।
- PTC NEWS