Mohali double Murder Case: ਪੱਤਰਕਾਰ KJ ਸਿੰਘ ਤੇ ਉਨ੍ਹਾਂ ਦੀ ਮਾਤਾ ਦੇ ਕਤਲ ਮਾਮਲੇ 'ਚ ਭਗੌੜੇ ਮੁਲਜ਼ਮ ਗੌਰਵ ਕੁਮਾਰ ਨੂੰ ਨੋਇਡਾ ਤੋਂ ਕੀਤਾ ਗ੍ਰਿਫ਼ਤਾਰ
Mohali double Murder Case : ਸੀਨੀਅਰ ਪੱਤਰਕਾਰ ਕੇ.ਜੇ. ਸਿੰਘ ਤੇ ਉਨ੍ਹਾਂ ਦੀ ਮਾਤਾ ਗੁਰਚਰਨ ਕੌਰ ਦੇ ਦੋਹਰੇ ਕਤਲ ਮਾਮਲੇ ਵਿੱਚ ਮੋਹਾਲੀ ਪੁਲਿਸ ਨੂੰ 8 ਸਾਲਾਂ ਬਾਅਦ ਵੱਡੀ ਕਾਮਯਾਬੀ ਮਿਲੀ ਹੈ। ਮੋਹਾਲੀ ਪੁਲਿਸ ਨੇ ਫਰਾਰ ਚੱਲ ਰਹੇ ਭਗੌੜੇ ਮੁਲਜ਼ਮ ਗੌਰਵ ਕੁਮਾਰ ਨੂੰ ਨੋਇਡਾ ਤੋਂ ਗ੍ਰਿਫ਼ਤਾਰ ਕੀਤਾ ਹੈ। ਮੁਹਾਲੀ ਪੁਲੀਸ ਅਨੁਸਾਰ ਮੁਲਜ਼ਮ ਗੌਰਵ ਕੁਮਾਰ, ਵਾਸੀ ਪਿੰਡ ਪਿੱਪਾਲਾ, ਜ਼ਿਲ੍ਹਾ ਬੁਲੰਦ ਸ਼ਹਿਰ (ਯੂ ਪੀ) ਨੋਇਡਾ ’ਚ ਆਪਣੀ ਪਛਾਣ ਲੁਕਾ ਕੇ ਰਹਿ ਰਿਹਾ ਸੀ।
ਜਾਣਕਾਰੀ ਅਨੁਸਾਰ ਮੁਲਜ਼ਮ ’ਤੇ ਮੋਹਾਲੀ ਦੇ ਥਾਣਾ ਮਟੌਰ ਵਿੱਚ ਕਤਲ ਦਾ ਕੇਸ ਦਰਜ ਹੈ। ਉਸ ’ਤੇ 22-23 ਸਤੰਬਰ 2017 ਦੀ ਦਰਮਿਆਨੀ ਰਾਤ ਨੂੰ ਘਰ ਵਿੱਚ ਦਾਖਲ ਹੋ ਕੇ ਪੱਤਰਕਾਰ ਕਰਨਜੀਤ ਸਿੰਘ (ਕੇਜੇ ਸਿੰਘ) ਅਤੇ ਉਸ ਦੀ ਮਾਤਾ ਗੁਰਚਰਨ ਕੌਰ ਦਾ ਕਤਲ ਕਰਨ ਦਾ ਆਰੋਪ ਸੀ। ਇਸ ਘਟਨਾ ਤੋਂ ਬਾਅਦ ਉਹ ਫਰਾਰ ਸੀ ਅਤੇ ਅਦਾਲਤ ਨੇ ਸਾਲ 2022 ਵਿੱਚ ਉਸ ਨੂੰ ਭਗੌੜਾ ਐਲਾਨ ਦਿੱਤਾ ਸੀ।
ਪੁਲਿਸ ਮੁਤਬਕ ਮੁਲਜ਼ਮ ਗੌਰਵ ਕੁਮਾਰ ਆਪਣੀ ਪਹਿਚਾਣ ਬਦਲ-ਬਦਲ ਕੇ ਵੱਖ-ਵੱਖ ਸ਼ਹਿਰਾਂ 'ਚ ਨੌਕਰੀਆਂ ਕਰਦਾ ਰਿਹਾ ਤਾਂ ਜੋ ਕਾਨੂੰਨ ਦੀ ਪਹੁੰਚ ਤੋਂ ਬਚ ਸਕੇ। ਮੁਲਜ਼ਮ ਗੌਰਵ ਕੁਮਾਰ ਇੱਕ ਕਨਸਟਰਕਸ਼ਨ ਕੰਪਨੀ ’ਚ ਸੁਰੱਖਿਆ ਗਾਰਡ ਤੋਂ ਲੈ ਕੇ ਮੈਨੇਜਰ ਦੇ ਅਹੁਦੇ ਤੱਕ ਤਰੱਕੀ ਕਰ ਗਿਆ। ਉਸਦੇ ਨਿਯੋਮਕ (employers) ਨੂੰ ਵੀ ਹੈਰਾਨੀ ਹੋਈ , ਜਦੋਂ ਪਤਾ ਲੱਗਾ ਕਿ ਉਹ ਇੱਕ ਡਬਲ ਮਰਡਰ ਕੇਸ ਦਾ ਫਰਾਰ ਮੁਲਜ਼ਮ ਹੈ।
ਮੋਹਾਲੀ ਪੁਲਿਸ ਦੇ "ਪ੍ਰੋਕਲੇਮਡ ਔਫੈਂਡਰ ਸਟਾਫ" ਨੇ ਆਖਿਰਕਾਰ ਉਸਨੂੰ ਘੇਰ ਕੇ ਕਾਬੂ ਕਰ ਲਿਆ। ਉਸਨੂੰ ਮੋਹਾਲੀ ਲਿਆਂਦਾ ਗਿਆ ਹੈ ਅਤੇ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। 2017 ਦੇ ਸਤੰਬਰ 22-23 ਦੀ ਰਾਤ ਨੂੰ ਮੋਹਾਲੀ ਸੈਕਟਰ-71 ਵਿਚ ਕੇ.ਜੇ. ਸਿੰਘ ਅਤੇ ਉਨ੍ਹਾਂ ਦੀ ਮਾਤਾ ਆਪਣੇ ਘਰ ਵਿੱਚ ਮਾਰੇ ਗਏ ਸਨ। ਇਸ ਕਤਲ ਨੇ ਪੂਰੇ ਪੰਜਾਬ ਨੂੰ ਹਿਲਾ ਕੇ ਰੱਖ ਦਿੱਤਾ ਸੀ।
- PTC NEWS