Sultanpur Lodhi News : ਪਿੰਡ ਸੇਚਾਂ ਵਿਖੇ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਸਿੰਘ ਤੇ ਉਸਦੀ ਮਾਂ ਨਾਲ ਕੁੱਟਮਾਰ, ਸਿਵਲ ਹਸਪਤਾਲ 'ਚ ਜ਼ੇਰੇ ਇਲਾਜ
Sultanpur Lodhi News : ਸੁਲਤਾਨਪੁਰ ਲੋਧੀ ਦੇ ਨਜ਼ਦੀਕੀ ਪਿੰਡ ਸੇਚਾਂ ਵਿਖੇ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਸਿੰਘ ਉੱਤੇ ਹਮਲਾ ਕਰਕੇ ਉਸ ਨਾਲ ਕੁੱਟਮਾਰ ਦੀ ਖ਼ਬਰ ਸਾਹਮਣੇ ਆਈ ਹੈ। ਗ੍ਰੰਥੀ ਸਿੰਘ ਦਾ ਆਰੋਪ ਹੈ ਕਿ ਹਮਲਾਵਰ ਨਸ਼ਾ ਤਸਕਰੀ ਦਾ ਧੰਦਾ ਕਰਦੇ ਹਨ ਅਤੇ ਗੱਡੀ ਨੂੰ ਗੁਰੂ ਘਰ ਵਿੱਚ ਖੜੀ ਕਰਨ ਤੋਂ ਮਨਾ ਕਰਨ 'ਤੇ ਉਸ ਉੱਤੇ ਹਮਲਾ ਕੀਤਾ ਗਿਆ ਹੈ। ਇਸ ਮਾਮਲੇ ਨੂੰ ਲੈ ਕੇ ਥਾਣਾ ਸੁਲਤਾਨਪੁਰ ਲੋਧੀ ਦੀ ਪੁਲਿਸ ਨੇ ਇੱਕ ਮਹਿਲਾ ਸਣੇ ਚਾਰ ਵਿਅਕਤੀਆਂ ਦੇ ਖਿਲਾਫ ਵੱਖ-ਵੱਖ ਧਰਾਵਾਂ ਦੇ ਤਹਿਤ ਮੁਕਦਮਾ ਦਰਜ ਕਰ ਲਿਆ ਹੈ।
ਸਿਵਲ ਹਸਪਤਾਲ 'ਚ ਜੇਰੇ ਇਲਾਜ ਗ੍ਰੰਥੀ ਸਿੰਘ ਜੀਤ ਸਿੰਘ ਪੁੱਤਰ ਹਰਨੇਕ ਸਿੰਘ ਨਿਵਾਸੀ ਸੇਚਾਂ ਦੱਸਿਆ ਕਿ ਉਹ ਪਿਛਲੇ 13 ਸਾਲਾਂ ਤੋਂ ਗੁਰਦੁਆਰਾ ਸ੍ਰੀ ਅੰਗੀਠਾ ਸਾਹਿਬ ਪਿੰਡ ਸੇਚਾਂ ਵਿਖੇ ਗ੍ਰੰਥੀ ਦੇ ਤੌਰ 'ਤੇ ਸੇਵਾ ਨਿਭਾ ਰਿਹਾ ਹਾਂ। ਬੀਤੇ ਦਿਨੀ ਦੁਪਹਿਰ 12 ਵਜੇ ਦੇ ਕਰੀਬ ਪਿੰਡ ਦੇ ਹੀ ਚਾਰ ਤੋਂ ਪੰਜ ਵਿਅਕਤੀ ਜੋ ਕਿ ਨਸ਼ੇ ਦਾ ਧੰਦਾ ਕਰਦੇ ਹਨ। ਉਹ ਹਰ ਰੋਜ਼ ਗੁਰਦੁਆਰਾ ਸਾਹਿਬ ਦੇ ਅੰਦਰ ਗੱਡੀ ਖੜੀ ਕਰਕੇ ਚਲੇ ਜਾਂਦੇ ਸਨ। ਜਿਨਾਂ ਨੂੰ ਮੈਂ ਕਿਹਾ ਕਿ ਉਹ ਗੱਡੀ ਇਥੇ ਨਾ ਖੜੀ ਕਰਿਆ ਕਰਨ ਤਾਂ ਉਹਨਾਂ ਨੇ ਮੇਰੇ ਨਾਲ ਕੁੱਟਮਾਰ ਕੀਤੀ ਅਤੇ ਮੈਨੂੰ ਜ਼ਖਮੀ ਵੀ ਕੀਤਾ ਗਿਆ।
ਉਨਾਂ ਨੇ ਕਿਹਾ ਕਿ ਇਸ ਤੋਂ ਬਾਅਦ ਜਦੋਂ ਮੇਰੀ ਮਾਤਾ ਪ੍ਰੀਤਮ ਕੌਰ ਪਤਨੀ ਹਰਨੇਕ ਸਿੰਘ ਉਮਰ 75 ਸਾਲ ਮੈਨੂੰ ਛੁਡਾਉਣ ਲਈ ਅੱਗੇ ਆਈ ਤਾਂ ਉਹਨਾਂ ਨੇ ਮੇਰੀ ਮਾਂ ਦੇ ਨਾਲ ਕੁੱਟਮਾਰ ਕੀਤੀ ,ਜਿਸ ਦੌਰਾਨ ਉਸ ਦੀ ਬਾਂਹ ਟੁੱਟ ਗਈ। ਗ੍ਰੰਥੀ ਸਿੰਘ ਨੇ ਗੰਭੀਰ ਆਰੋਪ ਲਗਾਉਂਦਿਆਂ ਹੋਇਆ ਕਿਹਾ ਕਿ ਪਿੰਡ ਵਿੱਚ ਇਹ ਲੋਕ ਸ਼ਰੇਆਮ ਨਸ਼ੇ ਦਾ ਧੰਦਾ ਕਰਦੇ ਹਨ ਅਤੇ ਗੁੰਡਾਗਰਦੀ ਦਾ ਨੰਗਾ ਨਾਚ ਵੀ ਕਰਦੇ ਹਨ। ਉਹਨਾਂ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਉਕਤ ਵਿਅਕਤੀਆਂ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇ ਅਤੇ ਸਾਨੂੰ ਇਨਸਾਫ ਦਵਾਇਆ ਜਾਵੇ।
ਦੂਜੇ ਪਾਸੇ ਥਾਣਾ ਸੁਲਤਾਨਪੁਰ ਲੋਧੀ ਪੁਲਿਸ ਵੱਲੋਂ ਇੱਕ ਮਹਿਲਾ ਸਮੇਤ ਕੁੱਲ ਚਾਰ ਆਰੋਪੀਆਂ ਦੇ ਖਿਲਾਫ ਵੱਖੋ -ਵੱਖ ਧਰਾਵਾਂ ਦੇ ਤਹਿਤ ਮੁਕਦਮਾ ਦਰਜ ਕਰਕੇ ਅਗਲੀ ਕਾਰਵਾਈ ਆਰੰਭ ਦਿੱਤੀ ਗਈ ਹੈ।
- PTC NEWS