Harbhajan Singh out ! ਆਮ ਆਦਮੀ ਪਾਰਟੀ ਨੇ ਖਿੱਚੇ ਕੰਨ ਤਾਂ ਭੱਜੀ ਨੇ ਲਿਆ ਯੂ-ਟਰਨ, ਬੋਲੇ- ਮੇਰਾ ਸਰਕਾਰ ਨੂੰ ਪੂਰਾ ਸਮਰਥਨ
Harbhajan Singh News : ਮਾਨ ਸਰਕਾਰ ਵੱਲੋਂ ਪੰਜਾਬ ਵਿੱਚ 'ਯੁੱਧ ਨਸ਼ਿਆਂ ਵਿਰੁੱਧ' (Yudh Nashian Virudh) ਕੀਤੀ ਜਾ ਰਹੀ ਕਾਰਵਾਈ ਅਧੀਨ ਉਤਰ ਪ੍ਰਦੇਸ਼ ਸਰਕਾਰ ਵਾਂਗ ਬੁਲਡੋਜ਼ਰ ਕਾਰਵਾਈ ਕਰਦੇ ਵਾਹ-ਵਾਹੀ ਖੱਟਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪੰਜਾਬ ਪੁਲਿਸ (Punjab Police) ਵੱਲੋਂ ਪੰਜਾਬ ਵਿੱਚ ਨਸ਼ਾ ਤਸਕਰਾਂ ਦੇ ਲਗਾਤਾਰ ਘਰ ਢਾਹੇ ਜਾ ਰਹੇ ਹਨ, ਜਿਸ ਨੂੰ ਪੰਜਾਬ ਦੀਆਂ ਵਿਰੋਧੀ ਪਾਰਟੀਆਂ ਨੇ ਗ਼ੈਰ-ਕਾਨੂੰਨੀ ਦੱਸਿਆ ਸੀ ਅਤੇ ਹੁਣ ਆਮ ਆਦਮੀ ਪਾਰਟੀ (AAP Punjab) ਦੇ ਸਾਂਸਦ ਤੇ ਸਾਬਕਾ ਕ੍ਰਿਕਟਰ ਹਰਭਜਨ ਸਿੰਘ ਨੇ ਵੀ ਇਸ ਨੂੰ ਗਲਤ ਕਿਹਾ ਸੀ ਅਤੇ ਇਸ ਨੂੰ ਲੈ ਕੇ ਆਪਣੀ ਹੀ ਸਰਕਾਰ ਖਿਲਾਫ਼ ਆਵਾਜ਼ ਵੀ ਬੁਲੰਦ ਕੀਤੀ ਸੀ, ਪਰ ਹੁਣ ਇਹ ਆਵਾਜ਼ ਆਮ ਆਦਮੀ ਪਾਰਟੀ ਨੇ ਦਬਾ ਦਿੱਤੀ ਹੈ। ਨਤੀਜੇ ਵੱਜੋਂ ਕ੍ਰਿਕਟਰ ਨੇ ਯੂ-ਟਰਨ ਲੈਂਦਿਆਂ ਕਿਹਾ ਹੈ ਕਿ ਉਹ ਨਸ਼ੇ ਖਿਲਾਫ਼ ਸਰਕਾਰ ਦੀ ਕਾਰਵਾਈ ਦੇ ਨਾਲ ਹਨ ਅਤੇ ਸਰਕਾਰ (Punjab Government) ਨੂੰ ਉਹ ਪੂਰਾ ਸਮਰਥਨ ਕਰਦੇ ਹਨ।
ਹਰਭਜਨ ਸਿੰਘ ਨੇ ਕੀ ਦਿੱਤਾ ਸੀ ਬਿਆਨ ?
ਹਰਭਜਨ ਸਿੰਘ ਨੇ ‘ਨਸ਼ਿਆਂ ਖਿਲਾਫ ਜੰਗ’ ਮੁਹਿੰਮ ਨੂੰ ਲੈ ਕੇ ਪਾਰਟੀ ਤੋਂ ਵੱਖਰਾ ਬਿਆਨ ਦਿੱਤਾ ਸੀ। ਉਨ੍ਹਾਂ ਕਿਹਾ ਸੀ, 'ਜੇਕਰ ਕੋਈ ਨਸ਼ਾ ਵੇਚਦਾ ਹੈ ਤਾਂ ਉਸ ਦਾ ਘਰ ਢਾਹ ਦਿੱਤਾ ਜਾਂਦਾ ਹੈ। ਮੈਂ ਇਸ ਫੈਸਲੇ ਦੇ ਹੱਕ ਵਿੱਚ ਨਹੀਂ ਹਾਂ। ਉਨ੍ਹਾਂ ਕਿਹਾ ਸੀ ਕਿ ਜੋ ਵੀ ਬਚਿਆ ਹੈ, ਉਹ ਕਿਸੇ ਦੇ ਸਿਰ 'ਤੇ ਛੱਤ ਹੈ। ਇਸ ਲਈ ਮੈਂ ਸੋਚਦਾ ਹਾਂ ਕਿ ਕਿਸੇ ਦੇ ਘਰ ਨੂੰ ਢਾਹੁਣਾ ਚੰਗਾ ਵਿਕਲਪ ਨਹੀਂ ਹੈ। ਕਿਸੇ ਹੋਰ ਵਿਕਲਪ 'ਤੇ ਕੰਮ ਕੀਤਾ ਜਾ ਸਕਦਾ ਹੈ।
ਉਨ੍ਹਾਂ ਅੱਗੇ ਕਿਹਾ ਸੀ ਕਿ ਜੇਕਰ ਕੋਈ ਸਰਕਾਰੀ ਜ਼ਮੀਨ ’ਤੇ ਬੈਠਾ ਹੋਵੇ ਤਾਂ ਵੀ ਅਜਿਹੀ ਕਾਰਵਾਈ ਜਾਇਜ਼ ਨਹੀਂ ਹੈ। ਉਨ੍ਹਾਂ ਕਿਹਾ ਕਿ ਕੋਸ਼ਿਸ਼ ਇਹ ਹੋਣੀ ਚਾਹੀਦੀ ਹੈ ਕਿ ਜੇਕਰ ਕਿਸੇ ਨੇ ਘਰ ਬਣਾਇਆ ਹੈ ਤਾਂ ਉਸ ਨੂੰ ਉਸ ਘਰ ਵਿੱਚ ਰਹਿਣ ਦਿੱਤਾ ਜਾਵੇ। ਕਿਸੇ ਦਾ ਘਰ ਢਾਹੁਣਾ ਚੰਗਾ ਵਿਕਲਪ ਨਹੀਂ ਹੈ। ਮੈਨੂੰ ਨਹੀਂ ਪਤਾ ਕਿ ਕਿਸੇ ਵਿਅਕਤੀ ਨੇ ਘਰ ਕਿਵੇਂ ਬਣਾਇਆ ਹੋਵੇਗਾ?
ਭੱਜੀ ਨੇ ਹੁਣ ਲਿਆ ਯੂ-ਟਰਨ - ਕਹੀ ਇਹ ਗੱਲ
ਹਰਭਜਨ ਸਿੰਘ ਨੇ ਆਮ ਆਦਮੀ ਪਾਰਟੀ ਵੱਲੋਂ ਫਟਕਾਰ ਤੋਂ ਬਾਅਦ ਯੂ-ਟਰਨ ਲਿਆ ਹੈ ਅਤੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਟਵਿੱਟਰ ਐਕਸ 'ਤੇ ਪੋਸਟ ਵਿੱਚ ਕਿਹਾ ਹੈ, ''ਮੈਂ ਇਹ ਸਪੱਸ਼ਟ ਕਰਨਾ ਚਾਹੁੰਦਾ ਹਾਂ ਕਿ, ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਦੀ ਪਹਿਲੀ ਸਰਕਾਰ ਹੈ, ਜੋ ਨਸ਼ਿਆਂ ਦੇ ਤਸਕਰਾਂ ਵਿਰੁੱਧ ਇੰਨੀ ਸਖ਼ਤ ਕਾਰਵਾਈ ਕਰ ਰਹੀ ਹੈ। ਮੈਂ ਪੰਜਾਬ ਪੁਲਿਸ ਅਤੇ ਸਰਕਾਰ ਦੇ ਪੂਰੇ ਸਮਰਥਨ ਵਿੱਚ ਖੜ੍ਹਾ ਹਾਂ। ਅੰਤ ਵਿੱਚ ਸਾਡੇ ਕੋਲ ਇੱਕ ਅਜਿਹੀ ਸਰਕਾਰ ਹੈ ਜੋ ਨਸ਼ਿਆਂ ਦੇ ਖਾਤਮੇ ਲਈ ਗੰਭੀਰ ਹੈ ਅਤੇ ਸੁਨੇਹਾ ਸਪੱਸ਼ਟ ਹੈ। ਇਕੱਠੇ ਮਿਲ ਕੇ ਅਸੀਂ ਨਸ਼ਿਆਂ ਵਿਰੁੱਧ ਇਹ ਜੰਗ ਜਿੱਤਾਂਗੇ। ਆਓ ਆਪਣੇ ਮਹਾਨ ਸੂਬੇ ਨੂੰ ਕਿਸੇ ਵੀ ਤਰ੍ਹਾਂ ਦੇ ਨਸ਼ੇ ਤੋਂ ਮੁਕਤ ਬਣਾਈਏ।
ਬੁਲਡੋਜ਼ਰ ਕਾਰਵਾਈ ਖਿਲਾਫ਼ ਬਿਆਨ ਪਿੱਛੋਂ 'ਆਪ' ਦੇ ਨਿਸ਼ਾਨੇ 'ਤੇ ਸਨ ਭੱਜੀ
ਹਰਭਜਨ ਸਿੰਘ ਨਸ਼ਾ ਤਸਕਰਾਂ ਦੇ ਘਰ ਢਾਹੁਣ ਦੀ ਕਾਰਵਾਈ ਖਿਲਾਫ਼ ਜਿਵੇਂ ਹੀ ਬਿਆਨ ਆਇਆ ਤਾਂ ਆਮ ਆਦਮੀ ਪਾਰਟੀ ਵੀ ਚੌਕਸ ਹੋ ਗਈ ਅਤੇ ਪਾਰਟੀ ਦੇ ਸੀਨੀਅਰ ਆਗੂ ਸੋਮਨਾਥ ਭਾਰਤੀ ਨੇ ਭੱਜੀ ਨੂੰ ਨਿਸ਼ਾਨਾ ਬਣਾਉਂਦਿਆਂ ਦੇਰ ਨਹੀਂ ਲਾਈ, ਉਨ੍ਹਾਂ ਕਿਹਾ, ਹਰਭਜਨ ਦੇਸ਼ ਦੇ ਹੀਰੋ ਹਨ। ਨੌਜਵਾਨ ਤੁਹਾਨੂੰ ਇੱਕ ਪ੍ਰਤੀਕ ਵਾਂਗ ਦੇਖਦੇ ਹਨ। ਨੌਜਵਾਨਾਂ ਨੂੰ ਨਸ਼ਿਆਂ ਤੋਂ ਮੁਕਤ ਕਰਨ ਲਈ ਤੁਹਾਨੂੰ ਕਦਮ ਚੁੱਕਣੇ ਚਾਹੀਦੇ ਹਨ। ਹਰਭਜਨ ਨੂੰ ਅਜਿਹਾ ਬਿਆਨ ਦੇਣ ਤੋਂ ਪਹਿਲਾਂ ਚਾਰ ਵਾਰ ਸੋਚਣਾ ਚਾਹੀਦਾ ਸੀ। ਉਨ੍ਹਾਂ ਨੂੰ ਪਾਰਟੀ ਪਲੇਟਫਾਰਮ 'ਤੇ ਆਪਣੇ ਵਿਚਾਰ ਪ੍ਰਗਟ ਕਰਨੇ ਚਾਹੀਦੇ ਸਨ। ਸਾਡੀ ਪਾਰਟੀ ਦੀ ਉੱਚ ਲੀਡਰਸ਼ਿਪ ਸੁਣਦੀ ਹੈ। ਅਰਵਿੰਦ ਕੇਜਰੀਵਾਲ ਕਿਸੇ ਦਾ ਵੀ ਫੋਨ ਚੁੱਕ ਸਕਦੇ ਹਨ। ਭਗਵੰਤ ਮਾਨ ਨੂੰ ਕਾਲ ਕਰ ਲੈਂਦੇ। ਵਧੀਆ ਹੁੰਦਾ ਇੱਕ ਫੋਨ ਕਰ ਲੈਂਦੇ।
- PTC NEWS