Harpal Singh Waterman : ਜੰਗਲੀ ਜੀਵਾਂ ਲਈ ਮਸੀਹਾ ਬਣਿਆ “ਵਾਟਰਮੈਨ ਪਾਲੀ”, 15 ਸਾਲਾਂ ਤੋਂ ਆਪਣੇ ਖਰਚੇ 'ਤੇ ਕਰ ਰਿਹਾ ਸੇਵਾ, ਪੜ੍ਹੋ ਕਹਾਣੀ
Harpal Singh Waterman : ਕੁਦਰਤ ਅਤੇ ਇਸ ਦੇ ਜੀਵਾਂ ਨੂੰ ਪਿਆਰ ਕਰਨ ਵਾਲੇ ਦੁਨੀਆ ਵਿੱਚ ਵਿਰਲੇ ਹੀ ਹੁੰਦੇ ਹਨ, ਜਿਹੜੇ ਲੋਕਾਂ ਦੀ ਪਰਵਾਹ ਕੀਤੇ ਬਿਨਾਂ ਅੱਗੇ ਵੱਧਦੇ ਰਹਿਦੇ ਹਨ। ਅਜਿਹਾ ਹੀ ਇੱਕ ਵਿਅਕਤੀ 15 ਸਾਲਾਂ ਤੋਂ ਜੰਗਲੀ ਜੀਵਾਂ ਦੀ ਸੇਵਾ ਕਰਦਾ ਆ ਰਿਹਾ ਹੈ। ਗਰਮੀਆਂ ਦੀ ਤਪਦੀ ਰੁੱਤ ਵਿੱਚ, ਜਦ ਸੂਰਜ ਆਪਣੀ ਤੀਖੀ ਧੁੱਪ ਨਾਲ ਧਰਤੀ ਨੂੰ ਸਾੜ ਦਿੰਦਾ ਹੈ, ਰੁੱਖ ਸੁੱਕਣ ਲੱਗ ਪੈਂਦੇ ਹਨ, ਕੰਢੀ ਦੇ ਇਲਾਕੇ ਦੇ ਵਿੱਚ ਪੈਂਦੇ ਜੰਗਲਾਂ ਚ, ਬਰਸਾਤੀ ਪਾਣੀ ਦੇ ਸਰੋਤ ਸੁੱਕ ਜਾਂਦੇ ਹਨ ਤੇ ਬੇਜ਼ੁਬਾਨ ਜੰਗਲੀ ਜੀਵ ਪਿਆਸ ਨਾਲ ਤੜਫ ਰਹੇ ਹੁੰਦੇ ਹਨ। ਇਸ ਤਪਦੀ ਧਰਤੀ ਤੇ ਇੱਕ ਨੌਜਵਾਨ ਹੌਲੀ-ਹੌਲੀ ਉਮੀਦ ਬਣ ਕੇ ਚਮਕਦਾ ਹੈ, ਜਿਸਦਾ ਨਾਂ ਹਰਪਾਲ ਸਿੰਘ ਪਾਲੀ ਹੈ।
ਜਾਣਕਾਰੀ ਅਨੁਸਾਰ ਹਰਪਾਲ ਸਿੰਘ ਪਾਲੀ 15 ਸਾਲਾਂ ਤੋਂ ਆਪਣੇ ਖ਼ਰਚੇ 'ਤੇ ਪਾਣੀ ਦੀ ਇਹ ਨਿਰਸਵਾਰਥ ਸੇਵਾ ਕਰਦਾ ਆ ਰਿਹਾ ਹੈ ਅਤੇ ਹੁਣ ਤੱਕ 25 ਹੋਦੀਆਂ ਬਣਾ ਕੇ ਰੋਜ਼ ਪਾਣੀ ਭਰਦਾ ਹੈ। ਹਰਪਾਲ ਸਿੰਘ ਪਾਲੀ ਵੱਲੋਂ ਇਹ ਸੇਵਾ ਨੂਰਪੁਰ ਬੇਦੀ ਦੇ ਜੰਗਲੀ ਏਰੀਏ ਦੇ ਵਿੱਚ ਬੇਜ਼ੁਬਾਨ ਜਾਨਵਰਾਂ ਦੇ ਲਈ ਲਗਾਤਾਰ ਕੀਤੀ ਜਾ ਰਹੀ ਹੈ, ਜਿਸ ਦੌਰਾਨ ਉਸ ਦੀ ਨਾ ਕਿਸੇ ਨੇ ਕੋਈ ਸਰਕਾਰੀ ਮਦਦ, ਨਾ ਹੀ ਕਿਸੇ ਐਨਜੀਓ ਦੀ ਮਦਦ ਨੇ ਕੀਤੀ ਹੈ।
ਜਾਣਕਾਰੀ ਅਨੁਸਾਰ ਹਰਪਾਲ ਸਿੰਘ ਪਾਲੀ ਨੂੰ ਲੋਕ 'ਵਾਟਰਮੈਨ' ਦੇ (Waterman Pali) ਨਾਂ ਨਾਲ ਜਾਣਦੇ ਹਨ, ਜੋ ਆਪਣੇ ਸਮੇਂ ਦੀ ਪਰਵਾਹ ਨਾ ਕਰਦਿਆਂ ਪਿਆਸੇ ਜੰਗਲੀ ਜੀਵਾਂ ਦੀ ਸੇਵਾ ਕਰ ਰਿਹਾ ਹੈ।
ਗੱਲਬਾਤ ਦੌਰਾਨ ਪਾਲੀ ਨੇ ਦੱਸਿਆ ਕਿ ਉਹ ਰੋਜ਼ਾਨਾ 15 ਸਾਲਾਂ ਤੋਂ ਇਹ ਕੰਮ ਕਰਦਾ ਆ ਰਿਹਾ ਹੈ ਅਤੇ ਆਪਣੇ ਟਰੈਕਟਰ-ਟੈਂਕਰ ਰਾਹੀਂ ਹਰ ਸਵੇਰੇ ਜੰਗਲ ‘ਚ ਨਿਕਲ ਪੈਂਦਾ ਹੈ ਤਾਂ ਜੋ ਕੋਈ ਵੀ ਜੰਗਲੀ ਜੀਵ ਇਸ ਗਰਮੀ ਵਿੱਚ ਪਿਆਸਾ ਨਾ ਰਹੇ। ਉਨ੍ਹਾਂ ਕਿਹਾ ਕਿ ਉਸ ਨੂੰ ਇਸ ਕੰਮ ਲਈ ਨਾ ਕਿਸੇ ਸ਼ਾਬਾਸ਼ੀ ਦੀ ਲੋੜ ਹੈ ਅਤੇ ਨਾ ਹੀ ਕਿਸੇ ਇਨਾਮ ਦੀ ਉਮੀਦ ਹੈ।
ਉਸ ਨੇ ਕਿਹਾ ਕਿ ਉਸ ਲਈ ਇਹ ਕੋਈ ਕੰਮ ਨਹੀਂ, ਸਗੋਂ ਇੱਕ ਜਿੰਮੇਵਾਰੀ ਹੈ। ਉਹ ਕਹਿੰਦਾ ਹੈ, "ਜਦ ਇਨਸਾਨ ਗਰਮੀਆਂ ਤੋਂ ਬਚਣ ਲਈ ਲਈ ਏਸੀ ਦਾ ਸਹਾਰਾ ਲੈਂਦੇ ਨੇ, ਤਾਂ ਜੰਗਲੀ ਜੀਵਾਂ ਲਈ ਪਾਣੀ ਤਾਂ ਬਣਦਾ ਹੀ ਹੈ।"
ਉਸ ਨੇ ਕਿਹਾ ਕਿ 'ਵਾਟਰਮੈਨ ਪਾਲੀ' ਇਹ ਨਾਂ ਹੁਣ ਸਿਰਫ਼ ਇੱਕ ਵਿਅਕਤੀ ਦਾ ਨਹੀਂ, ਸਗੋਂ ਇੱਕ ਅੰਦੋਲਨ ਦੀ ਸ਼ੁਰੂਆਤ ਦਾ ਸੰਕੇਤ ਬਣ ਚੁੱਕਾ ਹੈ। ਅੱਜ ਜਿੱਥੇ ਵੱਡੇ-ਵੱਡੇ ਪ੍ਰੋਜੈਕਟ ਵਾਤਾਵਰਣ ਬਚਾਉਣ ਦੇ ਨਾਮ 'ਤੇ ਲਗਾਏ ਜਾ ਰਹੇ ਹਨ, ਉੱਥੇ ਉਹ ਇਕੱਲਾ ਹੈ, ਜੋ ਜੰਗਲਾਂ ਦੀ ਜ਼ਿੰਦਗੀ ਬਚਾ ਰਿਹਾ ਹੈ। ਕਈ ਵਾਰ ਰਸਤੇ ਔਖੇ ਹੋ ਜਾਂਦੇ ਹਨ, ਟੈਂਕਰ ਨੂੰ ਖਿੱਚਣਾ ਪੈਂਦਾ ਹੈ, ਪਰ ਉਸਦੇ ਹੌਸਲੇ ਕਦੇ ਡਗਮਗਾਉਂਦੇ ਨਹੀਂ।
- PTC NEWS