MP ਹਰਸਿਮਰਤ ਕੌਰ ਬਾਦਲ ਵੱਲੋਂ ਬਠਿੰਡਾ AIIMS ਵਿਖੇ ਨੈਸ਼ਨਲ ਕੈਂਸਰ ਇੰਸਚੀਚਿਊਟ ਅਤੇ ਨਸ਼ਾ ਛੁਡਾਊ ਕੇਂਦਰ ਬਣਾਉਣ ਬਾਰੇ ਕੇਂਦਰੀ ਸਿਹਤ ਮੰਤਰੀ ਨੂੰ ਅਪੀਲ
Harsimrat Kaur Badal : ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਵੱਲੋਂ ਏਮਜ਼ ਬਠਿੰਡਾ ਵਿਖੇ ਇੱਕ ਰਾਸ਼ਟਰੀ ਕੈਂਸਰ ਇੰਸਟੀਚਿਊਟ ਅਤੇ ਨਸ਼ਾ ਛੁਡਾਊ ਕੇਂਦਰ ਬਣਾਉਣ ਬਾਰੇ ਕੇਂਦਰੀ ਸਿਹਤ ਮੰਤਰੀ ਜੇਪੀ ਨੱਢਾ ਨੂੰ ਅਪੀਲ ਕੀਤੀ ਗਈ ਹੈ। ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਆਪਣੇ ਪੱਤਰ 'ਚ ਲਿਖਿਆ ਹੈ ਕਿ ਪੰਜਾਬ ਵਿੱਚ ਕੈਂਸਰ ਦੇ ਮਾਮਲਿਆਂ ਵਿੱਚ ਚਿੰਤਾਜਨਕ ਵਾਧਾ ਹੋ ਰਿਹਾ ਹੈ, ਪਿਛਲੇ ਪੰਜ ਸਾਲਾਂ ਦੌਰਾਨ ਇਹਨਾਂ ਮਾਮਲਿਆਂ ਵਿੱਚ 7 ਫੀਸਦੀ ਵਾਧਾ ਹੋਇਆ ਅਤੇ 2026 ਤੱਕ ਮਰੀਜ਼ਾਂ ਦੀ ਗਿਣਤੀ ਅੰਦਾਜ਼ਨ 50,000 ਤੋਂ ਵੱਧ ਜਾਣ ਦੀ ਸੰਭਾਵਨਾ ਹੈ।
ਏਮਜ਼ ਬਠਿੰਡਾ ਵਿੱਚ ਰਾਸ਼ਟਰੀ ਕੈਂਸਰ ਇੰਸਟੀਚਿਊਟ ਦੀ ਸਥਾਪਨਾ ਨਾਲ ਨਾ ਸਿਰਫ ਪੰਜਾਬ, ਸਗੋਂ ਗੁਆਂਢੀ ਸੂਬਿਆਂ ਦੇ ਮਰੀਜ਼ਾਂ ਨੂੰ ਵੀ ਤਕਨੀਕੀ ਅਤੇ ਉੱਚ ਪੱਧਰੀ ਇਲਾਜ ਉਪਲਬਧ ਹੋਵੇਗਾ। ਨਾਲ ਹੀ ਜੇਪੀ ਨੱਢਾ ਨੂੰ ਇਸ ਪੱਤਰ ਰਾਹੀਂ ਇਹ ਵੀ ਜਾਣੂ ਕਰਵਾਇਆ ਕਿ ਪੰਜਾਬ ਵਿੱਚ ਨਸ਼ਿਆਂ ਦੀ ਸਮੱਸਿਆ ਵਧ ਰਹੀ ਹੈ ਅਤੇ ਇਸ ਦੀ ਰੋਕਥਾਮ ਲਈ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਕੀਤੇ ਯਤਨ ਅਤੇ ਪ੍ਰਬੰਧ ਬਹੁਤ ਹੀ ਮਾੜੇ ਹਨ। ਏਮਜ਼ ਬਠਿੰਡਾ ਵਿੱਚ ਇੱਕ ਨਸ਼ਾ ਛੁਡਾਊ ਕੇਂਦਰ ਦੀ ਸਥਾਪਨਾ ਇਸ ਸਮੱਸਿਆ ਨਾਲ ਨਜਿੱਠਣ ਲਈ ਇੱਕ ਮੀਲ ਪੱਥਰ ਸਾਬਤ ਹੋਵੇਗੀ।
- PTC NEWS