ਬੇਮੌਸਮੀ ਬਾਰਿਸ਼ ਕਾਰਨ ਸੂਬੇ ਭਰ 'ਚ ਫਸਲਾਂ ਦਾ ਭਾਰੀ ਨੁਕਸਾਨ
ਚੰਡੀਗੜ੍ਹ: ਬੇਮੌਸਮੀ ਬਾਰਿਸ਼, ਹਨੇਰੀ, ਝੱਖੜ ਅਤੇ ਤੂਫ਼ਾਨ ਕਾਰਨ ਕਿਸਾਨਾਂ ਦੀ ਚਿੰਤਾ ਵਧੀ ਗਹੋ ਹੈ। ਸ਼ੁੱਕਰਵਾਰ ਨੂੰ ਪਏ ਮੀਂਹ ਅਤੇ ਤੇਜ਼ ਹਵਾਵਾਂ ਕਾਰਨ ਪੰਜਾਬ ਭਰ 'ਚ ਖੜੀ ਕਣਕ ਦੀ ਫਸਲ ਨੂੰ ਨੁਕਸਾਨ ਹੋਇਆ ਤੇ ਬਹੁਤੀ ਜਗ੍ਹਾ 'ਤੇ ਫਸਲ ਵਿੱਛ ਗਈ ਹੈ।
ਸ਼ੁੱਕਰਵਾਰ ਨੂੰ ਆਮ ਲੋਕ ਭਾਵੇਂ ਮੌਸਮ ਦਾ ਆਨੰਦ ਮਾਣ ਰਹੇ ਸੀ ਪਰ ਕਿਸਾਨਾਂ ਦੇ ਮੱਥੇ 'ਤੇ ਤ੍ਰੇਲੀਆਂ ਆ ਗਈਆਂ। ਦੱਸ ਦੇਈਏ ਕਿ ਇਸ ਵੇਲੇ ਖੇਤਾਂ ਵਿੱਚ ਕਣਕ ਦੀ ਫ਼ਸਲ ਲਗਭਗ ਤਿਆਰ ਹੈ। ਪਰ ਇਸ ਤੋਂ ਪਹਿਲਾਂ ਹੀ ਮੌਸਮ ਦੇ ਕਹਿਰ ਨੇ ਕਿਸਾਨਾਂ ਨੂੰ ਦੁਖੀ ਕਰ ਦਿੱਤਾ ਹੈ।
ਕਿਸਾਨਾਂ ਦਾ ਕਹਿਣਾ ਹੈ ਕਿ ਜੇਕਰ ਤੇਜ਼ ਬਰਸਾਤ ਹੁੰਦੀ ਰਹੀ ਤਾਂ ਖੇਤ ਵਿੱਚ ਪਾਣੀ ਜਮ੍ਹਾਂ ਹੋ ਜਾਣ ਕਾਰਨ ਕਣਕ ਦੀ ਫ਼ਸਲ ਨੂੰ ਹੋਰ ਨੁਕਸਾਨ ਹੋਵੇਗਾ ਅਤੇ ਸਾਰੀ ਫ਼ਸਲ ਤਬਾਹ ਹੋ ਜਾਵੇਗੀ।
ਸੂਬੇ ਭਰ 'ਚ ਮੀਂਹ ਅਤੇ ਗੜੇਮਾਰੀ ਕਿਸਾਨਾਂ ਵੱਲੋਂ ਮਿਹਨਤ ਨਾਲ ਬੀਜੀਆਂ ਫਸਲਾਂ ਦਾ ਕਾਫੀ ਨੁਕਸਾਨ ਹੋਇਆ ਹੈ। ਕਿਸਾਨਾਂ ਨੇ ਸਰਕਾਰ ਤੋਂ ਖਰਾਬ ਹੋਈ ਫਸਲ ਦਾ ਮੁਆਵਜ਼ਾ ਦੇਣ ਦੀ ਮੰਗ ਕੀਤੀ ਹੈ।
ਪਿਛਲੇ ਇੱਕ ਹਫ਼ਤੇ ਤੋਂ ਮੌਸਮ ਦਾ ਮਿਜਾਜ਼ ਵਿਗੜਿਆ ਹੋਇਆ ਹੈ, ਅਜਿਹੇ ਵਿੱਚ ਜਿਨ੍ਹਾਂ ਲੋਕਾਂ ਨੇ ਗਰਮ ਕੱਪੜਿਆਂ ਦੀ ਵਰਤੋਂ ਬੰਦ ਕਰ ਦਿੱਤੀ ਸੀ, ਉਨ੍ਹਾਂ ਨੂੰ ਠੰਢ ਵਧਣ ਕਾਰਨ ਮੁੜ ਉਨ੍ਹਾਂ ਦਾ ਸਹਾਰਾ ਲੈਣਾ ਪੈ ਰਿਹਾ ਹੈ।
ਇਸ ਦੇ ਨਾਲ ਹੀ ਤਾਪਮਾਨ 'ਚ ਗਿਰਾਵਟ ਕਾਰਨ ਮੌਸਮ 'ਚ ਠੰਡ ਵਧ ਗਈ ਤੇ ਗਰਮ ਕੱਪੜੇ ਇਕ ਵਾਰ ਫਿਰ ਬਾਹਰ ਆ ਗਏ ਹਨ। ਪਿਛਲੇ ਕਈ ਦਿਨਾਂ ਤੋਂ ਘੱਟੋ-ਘੱਟ ਤਾਪਮਾਨ 14 ਤੋਂ 18 ਅਤੇ ਵੱਧ ਤੋਂ ਵੱਧ ਤਾਪਮਾਨ 20 ਤੋਂ 25 ਦੇ ਵਿਚਕਾਰ ਚੱਲ ਰਿਹਾ ਹੈ।
- PTC NEWS