Punjab Weather News : ਪੰਜਾਬ 'ਚ ਮੌਸਮ ਨੇ ਬਦਲਿਆ ਮਿਜ਼ਾਜ, ਜਲੰਧਰ ਤੇ ਅੰਮ੍ਰਿਤਸਰ 'ਚ ਗੜ੍ਹੇਮਾਰੀ, ਕਈ ਥਾਂਵਾਂ 'ਤੇ ਭਾਰੀ ਮੀਂਹ
Hailstorm in Punjab : ਪੰਜਾਬ 'ਚ ਬਦਲਦੇ ਮੌਸਮ ਨੂੰ ਲੈ ਕੇ ਮੌਸਮ ਵਿਭਾਗ ਦੀ ਭਵਿੱਖਬਾਣੀ ਤਹਿਤ ਵੀਰਵਾਰ ਕਈ ਥਾਂਵਾਂ 'ਤੇ ਮੀਂਹ ਦੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਹਨ। ਸੂਬੇ ਭਰ ਵਿੱਚ ਠੰਡੀਆਂ ਤੇ ਤੇਜ਼ ਹਵਾਵਾਂ ਜਾਰੀ ਹਨ। ਭਾਰੀ ਮੀਂਹ ਦੇ ਨਾਲ ਕਈ ਜ਼ਿਲ੍ਹਿਆਂ 'ਚ ਗੜ੍ਹੇਮਾਰੀ ਵੀ ਵੇਖਣ ਨੂੰ ਆਈ ਹੈ।
ਦੱਸ ਦਈਏ ਕਿ ਬੀਤੇ ਦਿਨੀ ਮੌਸਮ ਵਿਭਾਗ ਵੱਲੋਂ ਪੰਜਾਬ ਵਿੱਚ ਦੋ ਦਿਨ ਮੀਂਹ ਨੂੰ ਲੈ ਕੇ ਯੈਲੋ ਅਲਰਟ ਜਾਰੀ ਕੀਤਾ ਗਿਆ ਸੀ, ਜਿਸ ਦਾ ਅਸਰ ਸੂਬੇ ਭਰ ਵਿੱਚ ਬੀਤੇ ਦਿਨ ਤੋਂ ਚਲਦੀਆਂ ਠੰਡੀਆਂ ਹਵਾਂਵਾਂ ਤੋਂ ਵਿਖਾਈ ਦੇਣਾ ਸ਼ੁਰੂ ਹੋ ਗਿਆ ਸੀ। ਇਸਤੋਂ ਇਲਾਵਾ ਮੋਗਾ ਸਮੇਤ ਕੁੱਝ ਥਾਂਵਾਂ 'ਤੇ ਹਲਕਾ ਮੀਂਹ ਵੀ ਪਿਆ ਸੀ। ਪਰ ਲੰਘੀ ਸ਼ਾਮ ਤੋਂ ਪੰਜਾਬ 'ਚ ਤੇਜ਼ੀ ਨਾਲ ਮੌਸਮ ਬਦਲਿਆ।
ਮੋਹਾਲੀ ਸਮੇਤ ਅੰਮ੍ਰਿਤਸਰ ਅਤੇ ਜਲੰਧਰ ਤੋਂ ਇਲਾਵਾ ਕਈ ਜ਼ਿਲ੍ਹਿਆਂ ਵਿੱਚ ਮੀਂਹ ਨਾਲ ਤੇਜ਼ ਹਵਾਵਾਂ ਚੱਲ ਰਹੀਆਂ ਹਨ। ਅੰਮ੍ਰਿਤਸਰ ਅਤੇ ਜਲੰਧਰ ਵਿੱਚ ਮੀਂਹ ਨਾਲ ਗੜ੍ਹੇਮਾਰੀ ਵੀ ਹੋਈ।
ਸੰਗਰੂਰ ਦੇ ਭਵਾਨੀਗੜ੍ਹ ਅਤੇ ਮਾਨਸਾ 'ਚ ਵੀ ਇੱਕਾ-ਦੁੱਕਾ ਥਾਂਵਾਂ 'ਤੇ ਗੜ੍ਹੇਮਾਰੀ ਹੋਈ ਹੈ।
ਮੌਸਮ ਵਿਭਾਗ ਦੀ ਜਾਣਕਾਰੀ ਅਨੁਸਾਰ ਲੰਘੀ ਰਾਤ ਰਾਜਧਾਨੀ ਚੰਡੀਗੜ੍ਹ ਵਿੱਚ 2.5 ਮਿਲੀਮੀਟਰ, ਅੰਮ੍ਰਿਤਸਰ ਤੇ ਲੁਧਿਆਣਾ ਵਿੱਚ 6 ਐਮ.ਐਮ., ਪਟਿਆਲਾ 9, ਪਠਾਨਕੋਟ ਅਤੇ ਬਠਿੰਡਾ ਵਿੱਚ 4.2, ਫਰੀਦਕੋਟ ਵਿੱਚ 11, ਗੁਰਦਾਸਪੁਰ ਵਿੱਚ 5, ਨਵਾਂ ਸ਼ਹਿਰ 5.3, ਫਤਿਹਗੜ੍ਹ ਸਾਹਿਬ ਵਿੱਚ ਚਾਰ, ਹੁਸ਼ਿਆਰਪੁਰ 11.5, ਮੋਗਾ 7.5, ਫਾਜ਼ਿਲਕਾ ਇੱਕ ਐਮ.ਐਮ. ਅਤੇ ਰੋਪੜ ਵਿੱਚ 2.5 ਐਮ.ਐਮ. ਮੀਂਹ ਪਿਆ ਹੈ।
- PTC NEWS