ਗੈਰ ਕਾਨੂੰਨੀ ਗ੍ਰਿਫਤਾਰੀਆਂ ਬਾਰੇ ਹਾਈ ਕੋਰਟ ਦੇ ਅੰਤਰਿਮ ਹੁਕਮਾਂ ਮਗਰੋਂ ਦੋਸ਼ੀ ਪੁਲਿਸ ਅਫਸਰਾਂ, ਰਾਜ ਸਰਕਾਰ ਤੇ ਆਪ ਦੇ ਖਿਲਾਫ਼ ਕਾਰਵਾਈ ਹੋਵੇ : ਡਾ. ਚੀਮਾ
Shiromani Akali Dal News : ਸ਼੍ਰੋਮਣੀ ਅਕਾਲੀ ਦਲ ਨੇ ਭਾਰਤੀ ਚੋਣ ਕਮਿਸ਼ਨ ਨੂੰ ਅਪੀਲ ਕੀਤੀ ਹੈ ਕਿ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਅਕਾਲੀ ਦਲ ਦੇ ਆਈ ਟੀ ਵਿੰਗ ਦੇ ਮੁਖੀ ਨਛੱਤਰ ਸਿੰਘ ਗਿੱਲ ਦੀ ਗੈਰ ਕਾਨੂੰਨੀ ਗ੍ਰਿਫਤਾਰੀ ’ਤੇ ਅੱਜ ਸੁਣਵਾਏ ਹੁਕਮਾਂ ਮਗਰੋਂ ਕਮਿਸ਼ਨ ਨੂੰ ਹੁਣ ਤਰਨ ਤਾਰਨ ਜ਼ਿਮਨੀ ਚੋਣ ਵਿਚ ਪੁਲਿਸ ਫੋਰਸ ਦੀ ਦੁਰਵਰਤੋਂ ਲਈ ਦੋਸ਼ੀ ਪੁਲਿਸ ਅਫਸਰਾਂ, ਰਾਜ ਸਰਕਾਰ ਤੇ ਸੱਤਾਧਾਰੀ ਆਮ ਆਦਮੀ ਪਾਰਟੀ (ਆਪ) ਦੇ ਖਿਲਾਫ ਕਾਰਵਾਈ ਕਰਨੀ ਚਾਹੀਦੀ ਹੈ।
ਚੋਣ ਕਮਿਸ਼ਨ ਨੂੰ ਅੱਜ ਲਿਖੇ ਨਵੇਂ ਪੱਤਰ ਵਿਚ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਸਾਬਕਾ ਸਿੱਖਿਆ ਮੰਤਰੀ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਹਾਈ ਕੋਰਟ ਨੇ ਅੱਜ ਕੇਸ ਨੰਬਰ ਸੀ ਆਰ ਡਬਲਿਊ ਪੀ 12396-2025 ਮਿਤੀ 21.11.25 ਵਿਚ ਸੁਣਾਏ ਅੰਤਰਿਮ ਹੁਕਮਾਂ ਵਿਚ ਕਿਹਾ ਹੈ ਕਿ ਆਈ ਟੀ ਵਿੰਗ ਦੇ ਪ੍ਰਧਾਨ ਨਛੱਤਰ ਸਿੰਘ ਗਿੱਲ ਪੁੱਤਰ ਸੁਖਵਿੰਦਰ ਸਿੰਘ ਦੀ ਐਫ ਆਈ ਆਰ ਨੰਬਰ 261 ਮਿਤੀ 15.11.25 ਵਿਚ ਗ੍ਰਿਫਤਾਰੀ ਗੈਰ ਕਾਨੂੰਨੀ ਹੈ ਤੇ ਉਹਨਾਂ ਨੂੰ ਤੁਰੰਤ ਰਿਹਾਅ ਕਰਨ ਦੇ ਹੁਕਮ ਦਿੱਤੇ ਗਏ।
ਡਾ. ਚੀਮਾ ਨੇ ਕਿਹਾ ਕਿ ਇਸ ਹੁਕਮ ਨੇ ਸਾਡੇ ਸਟੈਂਡ ਨੂੰ ਸਹੀ ਠਹਿਰਾਇਆ ਹੈ ਕਿ ਤਰਨ ਤਾਰਨ ਜ਼ਿਮਨੀ ਚੋਣ ਵਿਚ ਆਪ ਸਰਕਾਰ ਦੇ ਹੁਕਮਾਂ ’ਤੇ ਅਕਾਲੀ ਦਲ ਦੇ ਆਗੂਆਂ ਤੇ ਵਰਕਰਾਂ ਦੀ ਗ੍ਰਿਫਤਾਰੀ ਗੈਰ ਕਾਨੂੰਨੀ ਸੀ ਅਤੇ ਸਿਰਫ ਸਿਆਸੀ ਬਦਲਾਖੋਰੀ ਦੀ ਭਾਵਨਾ ਨਾਲ ਕੀਤੀ ਗਈ। ਉਹਨਾਂ ਨੇ ਚੋਣ ਕਮਿਸ਼ਨ ਨੂੰ ਅਪੀਲ ਕੀਤੀ ਕਿ ਸੱਤਾ ਦੀ ਘੋਰ ਦੁਰਵਰਤੋਂ ਵਾਸਤੇ ਜ਼ਿੰਮੇਵਾਰ ਸਾਰੇ ਪੁਲਿਸ ਅਫਸਰਾਂ, ਰਾਜ ਸਰਕਾਰ ਤੇ ਆਮ ਆਦਮੀ ਪਾਰਟੀ (ਆਪ) ਦੇ ਖਿਲਾਫ ਕਾਰਵਾਈ ਕੀਤੀ ਜਾਵੇ।

- PTC NEWS