Ludhiana News : ਲੁਧਿਆਣਾ ’ਚ ਵਾਪਰੀ ਦਿਲ ਦਹਿਲਾਉਣ ਵਾਲੀ ਘਟਨਾ; ਲਟਕੀ ਮਿਲੀ 11 ਸਾਲਾਂ ਬੱਚੇ ਦੀ ਲਾਸ਼, ਜ਼ਮੀਨ ਨਾਲ ਲੱਗੇ ਹੋਏ ਸੀ ਪੈਰ
Ludhiana News : ਲੁਧਿਆਣਾ ਵਿੱਚ ਦੇਰ ਰਾਤ ਉਸ ਸਮੇਂ ਹੰਗਾਮਾ ਹੋ ਗਿਆ ਜਦੋਂ ਜਲੰਧਰ ਬਾਈਪਾਸ ਦੇ ਨੇੜੇ ਦਾਣਾ ਮੰਡੀ ਵਿੱਚ ਇੱਕ ਬੱਚੇ ਦੀ ਲਾਸ਼ ਬਰਾਮਦ ਹੋਈ। ਲਾਸ਼ ਇਕ ਕੈਬਿਨ ਦੇ ਨਾਲ ਲਟਕੀ ਹੋਈ ਸੀ ਅਤੇ ਪੈਰ ਧਰਤੀ ਦੇ ਨਾਲ ਲੱਗੇ ਹੋਏ ਮਿਲੇ ਸਨ। ਇਸ ਮਾਮਲੇ ਦੇ ਸਾਹਮਣੇ ਆਉਣ ਤੋਂ ਬਾਅਦ ਇਲਾਕੇ ’ਚ ਤਣਾਅ ਦਾ ਮਾਹੌਲ ਬਣ ਗਿਆ।
ਮਾਮਲੇ ’ਚ ਪਰਿਵਾਰ ਨੇ ਇਲਜ਼ਾਮ ਲਗਾਇਆ ਹੈ ਕਿ ਇਲਾਕੇ ਦੇ ਹੀ ਇੱਕ ਹੋਰ ਬੱਚੇ ਨੇ 2 ਬੰਦਿਆਂ ਨੂੰ ਉਨ੍ਹਾਂ ਨੂੰ ਕੁੱਟਦੇ ਹੋਏ ਦੇਖਿਆ ਸੀ ਅਤੇ ਉਹ ਬੱਚੇ ਨੂੰ ਆਪਣੇ ਨਾਲ ਲੈ ਕੇ ਵੀ ਚੱਲੇ ਗਏ ਸੀ। ਕੁਝ ਦੇਰ ਬਾਅਦ ਉਸਦੀ ਲਾਸ਼ ਬਰਾਮਦ ਹੋਈ ਹੈ। ਇਸ ਮਾਮਲੇ ਤੋਂ ਬਾਅਦ ਘਟਨਾ ਵਾਲੀ ਥਾਂ ’ਤੇ ਲੋਕਾਂ ਦੀ ਕਾਫੀ ਭੀੜ ਨਜ਼ਰ ਆਈ ਜਿਸ ਨੂੰ ਮੌਕੇ ’ਤੇ ਪਹੁੰਚੀ ਪੁਲਿਸ ਨੇ ਬੜੀ ਹੀ ਮੁਸ਼ੱਕਤ ਤੋਂ ਬਾਅਦ ਲੋਕਾਂ ਨੂੰ ਉੱਥੋਂ ਹਟਾਇਆ।
ਮ੍ਰਿਤਕ ਦੀ ਮਾਂ ਨੇ ਦੱਸਿਆ ਕਿ ਉਸਦਾ ਬੱਚਾ ਵਾਲ ਕਟਵਾ ਕੇ ਜਿਵੇਂ ਹੀ ਘਰ ਆਉਂਦਾ ਹੈ ਤਾਂ ਉਸ ਨੂੰ ਕੋਈ ਬਾਹਰ ਤੋਂ ਆਵਾਜ਼ ਮਾਰਦਾ ਹੈ। ਇਸ ਤੋਂ ਬਾਅਦ ਉਸਦਾ ਬੱਚਾ ਘਰੋਂ ਚੱਲੇ ਜਾਂਦਾ ਹੈ ਬਾਅਦ ’ਚ ਉਸ ਨੂੰ ਇੱਕ ਬੱਚੇ ਨੇ ਦੱਸਿਆ ਕਿ ਉਸ ਦੇ ਬੱਚੇ ਨੂੰ ਕੋਈ ਕੁੱਟ ਰਿਹਾ ਹੈ ਜਦੋ ਉਹ ਆਕੇ ਦੇਖਦੇ ਹਨ ਤਾਂ ਉਨ੍ਹਾਂ ਦੇ ਬੱਚੇ ਦੀ ਲਾਸ਼ ਲਟਕ ਰਹੀ ਹੁੰਦੀ ਹੈ। ਰੋਂਦੀ ਹੋਈ ਮਾਂ ਨੇ ਇਨਸਾਫ ਦੀ ਮੰਗ ਕਰਦੇ ਹੋਏ ਮੁਲਜ਼ਮ ਨੂੰ ਸਖਤ ਤੋਂ ਸਖਤ ਸਜ਼ਾ ਦੇਣ ਦੀ ਮੰਗ ਕੀਤੀ ਹੈ।
ਚਸ਼ਮਦੀਦ ਬੱਚੇ ਨੇ ਦੱਸਿਆ ਕਿ ਉਹ ਅਤੇ ਅਭਿਸ਼ੇਕ ਦੋਵੇਂ ਦੁਕਾਨ ’ਤੇ ਗਏ ਹੋਏ ਸੀ ਅਤੇ ਦੋ ਬੰਦੇ ਆਏ ਉਸਨੂੰ ਅਤੇ ਅਭਿਸ਼ੇਕ ਨੂੰ ਆਪਣੇ ਨਾਲ ਲੈ ਕੇ ਜਾਣ ਲੱਗੇ ਪਰ ਉਹ ਭੱਜ ਗਿਆ ਅਤੇ ਅਭਿਸ਼ੇਕ ਨੂੰ ਆਪਣੇ ਨਾਲ ਲੈ ਗਏ। ਇਸ ਤੋਂ ਬਾਅਦ ਉਸ ਨੇ ਇਹ ਜਾਣਕਾਰੀ ਅਭਿਸ਼ੇਕ ਦੇ ਘਰ ਆ ਕੇ ਦੱਸੀ।
ਮਾਮਲੇ ਸਬੰਧੀ ਜਦੋਂ ਸਾਡੇ ਪੱਤਰਕਾਰ ਵੱਲੋਂ ਪੁਲਿਸ ਦੇ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਹ ਕੈਮਰੇ ਸਾਹਮਣੇ ਕੁਝ ਵੀ ਬੋਲਣ ਨੂੰ ਤਿਆਰ ਨਹੀਂ ਸੀ। ਉਨ੍ਹਾਂ ਨੇ ਸਿਰਫ ਇਹੀ ਕਿਹਾ ਕਿ ਪੋਸਟਮਾਰਟਮ ਤੋਂ ਬਾਅਦ ਸੱਚਾਈ ਸਾਹਮਣੇ ਆਵੇਗੀ।
ਫਿਲਹਾਲ ਪੁਲਿਸ ਵੱਲੋਂ ਇਸਨੂੰ ਖੁਦਕੁਸ਼ੀ ਦਾ ਮਾਮਲਾ ਦੱਸਿਆ ਜਾ ਰਿਹਾ ਹੈ ਪਰ ਮੌਕੇ ਦੀ ਤਸਵੀਰ ਜਿਸ ਵਿੱਚ ਜ਼ਮੀਨ ਨਾਲ ਜੁੜੇ ਬੱਚੇ ਦੇ ਪੈਰ ਨਜ਼ਰ ਆ ਰਹੇ ਹਨ ਉਹ ਕਈ ਸਵਾਲ ਖੜੇ ਕਰ ਰਹੇ ਹਨ।
ਇਹ ਵੀ ਪੜ੍ਹੋ : Child Abduction Case : ਸਰਕਾਰੀ ਸਕੂਲ ’ਚੋਂ ਬੱਚਾ ਅਗ਼ਵਾ, ਬੱਚੇ ਦੀ ਦਾਦੀ ਦਾ ਪ੍ਰੇਮੀ ਨਿਕਲਿਆ ਮੁਲਜ਼ਮ !
- PTC NEWS