India Pakistan War : ਫਿਰੋਜ਼ਪੁਰ ਦੇ ਪਿੰਡ ਖਾਈ ਖੇਮੇ ਵਿੱਚ ਬੀਤੀ ਰਾਤ ਪਾਕਿਸਤਾਨੀ ਡਰੋਨ ਡਿੱਗਣ ਕਾਰਨ ਇੱਕ ਘਰ ਨੂੰ ਲੱਗੀ ਅੱਗ ,3 ਜ਼ਖਮੀ
India Pakistan War : ਪੰਜਾਬ ਵਿੱਚ ਸ਼ੁੱਕਰਵਾਰ ਰਾਤ ਨੂੰ ਹਨੇਰਾ ਹੁੰਦੇ ਹੀ ਪਾਕਿਸਤਾਨ ਨੇ ਫਿਰੋਜ਼ਪੁਰ, ਫਾਜ਼ਿਲਕਾ, ਅੰਮ੍ਰਿਤਸਰ, ਤਰਨਤਾਰਨ, ਹੁਸ਼ਿਆਰਪੁਰ, ਗੁਰਦਾਸਪੁਰ ਅਤੇ ਪਠਾਨਕੋਟ 'ਤੇ ਹਮਲਾ ਕਰ ਦਿੱਤਾ। ਜਦੋਂ ਪਾਕਿਸਤਾਨੀ ਡਰੋਨ ਅੰਦਰ ਦਾਖਲ ਹੋਏ ਤਾਂ ਫੌਜ ਦੇ ਏਅਰ ਡਿਫੈਂਸ ਸਿਸਟਮ ਨੇ ਉਨ੍ਹਾਂ ਨੂੰ ਅਸਮਾਨ ਵਿੱਚ ਹੀ ਢੇਰ ਕਰਨਾ ਸ਼ੁਰੂ ਕਰ ਦਿੱਤਾ। ਇਸ ਦੇ ਬਾਵਜੂਦ ਪਾਕਿਸਤਾਨ ਤੋਂ ਡਰੋਨ ਆਉਂਦੇ ਰਹੇ।
ਫਿਰੋਜ਼ਪੁਰ ਦੇ ਪਿੰਡ ਖਾਈ ਖੇਮੇ ਵਿੱਚ ਡਰੋਨ ਡਿੱਗਣ ਤੋਂ ਬਾਅਦ ਇੱਕ ਘਰ ਨੂੰ ਅੱਗ ਲੱਗ ਗਈ। ਇੱਕ ਪਰਿਵਾਰ ਦੇ ਤਿੰਨ ਲੋਕ ਗੰਭੀਰ ਜ਼ਖਮੀ ਹੋ ਗਏ। ਤਿੰਨਾਂ ਨੂੰ ਇਲਾਜ ਲਈ ਫਿਰੋਜ਼ਪੁਰ ਦੇ ਇੱਕ ਨਿੱਜੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਜਦੋਂ ਡਰੋਨ ਡਿੱਗਿਆ ਤਾਂ ਘਰ ਦੀਆਂ ਲਾਈਟਾਂ ਜਗ ਰਹੀਆਂ ਸਨ। ਕਰਤਾਰਪੁਰ ਕੋਰੀਡੋਰ ਨੇੜੇ ਵੀ ਜ਼ੋਰਦਾਰ ਧਮਾਕੇ ਸੁਣਾਈ ਦਿੱਤੇ।
ਦੱਸ ਦੇਈਏ ਕਿ ਪਾਕਿਸਤਾਨ ਨੇ ਲਗਾਤਾਰ ਚੌਥੇ ਦਿਨ ਅੱਜ ਸਵੇਰੇ ਪੰਜਾਬ 'ਤੇ ਹਮਲਾ ਕੀਤਾ। ਜਲੰਧਰ ਵਿੱਚ ਫਿਰ ਧਮਾਕੇ ਸੁਣਾਈ ਦਿੱਤੇ। ਇਸ ਦੌਰਾਨ ਬਠਿੰਡਾ, ਅੰਮ੍ਰਿਤਸਰ ਅਤੇ ਫਿਰੋਜ਼ਪੁਰ ਵਿੱਚ ਸਾਇਰਨ ਵੱਜ ਰਹੇ ਹਨ। ਸਵੇਰੇ 5 ਵਜੇ ਪਠਾਨਕੋਟ ਏਅਰਬੇਸ ਨੇੜੇ ਜ਼ੋਰਦਾਰ ਧਮਾਕੇ ਸੁਣੇ ਗਏ। ਅੱਜ ਸਵੇਰੇ 2 ਵਜੇ ਜਲੰਧਰ ਵਿੱਚ ਆਰਮੀ ਕੈਂਪ ਦੇ ਨੇੜੇ ਦੋ ਥਾਵਾਂ 'ਤੇ ਡਰੋਨ ਦੀ ਗਤੀ ਦੇਖੀ ਗਈ। ਇਸ ਤੋਂ ਬਾਅਦ ਪੂਰੇ ਸ਼ਹਿਰ ਵਿੱਚ ਬਲੈਕਆਊਟ ਕੀਤਾ ਗਿਆ।
ਜਾਣਕਾਰੀ ਅਨੁਸਾਰ ਗੁਰਦਾਸਪੁਰ ਦੇ ਟਿਬਰੀ ਛਾਉਣੀ ਏਰੀਏ ਵਿਚ ਪਾਕਿਸਤਾਨ ਵੱਲੋਂ ਡਰੋਨ ਹਮਲੇ ਸ਼ੁਰੂ ਕਰ ਦਿੱਤੇ ਹਨ। ਇਕ ਤੋਂ ਬਾਅਦ ਇੱਕ ਤਿੰਨ ਧਮਾਕੇ ਹੋਏ। ਅੰਮ੍ਰਿਤਸਰ ਦੇ ਗੁਮਟਾਲਾ ਇਲਾਕੇ ਵਿੱਚ ਆਰਮੀ ਕੈਟ ਨੇੜੇ ਗੋਲੀਆਂ ਚੱਲਣ ਦੀ ਆਵਾਜ਼ ਸੁਣਾਈ ਦਿੱਤੀ। ਫਾਜਿਲਕਾ ਵਿੱਚ ਵੀ ਧਮਾਕਿਆਂ ਦੀ ਆਵਾਜ਼ ਸੁਣਾਈ ਦਿੱਤੀ। ਪੰਜਾਬ ਦਾ ਸਰਹੱਦੀ ਇਲਾਕਾ ਸਾਇਰਨਾਂ ਨਾਲ ਗੂੰਜ ਰਿਹਾ ਹੈ।
- PTC NEWS