Punjab Weather : ਪੰਜਾਬ 'ਚ ਗਰਮੀ ਨੇ ਕੱਢੇ ਵੱਟ, 19 ਜ਼ਿਲ੍ਹਿਆਂ 'ਚ 40 ਤੋਂ ਪਾਰ ਹੋਇਆ ਪਾਰਾ, 6 ਜ਼ਿਲ੍ਹਿਆਂ 'ਚ ਅਲਰਟ, ਜਾਣੋ ਅਗਲੇ ਦਿਨਾਂ ਦਾ ਹਾਲ
Punjab Weather Alert : ਉਤਰ ਭਾਰਤ ਵਿੱਚ ਮੌਸਮ ਲਗਾਤਾਰ ਕਰਵਟ ਬਦਲ ਰਿਹਾ ਹੈ। ਕੁੱਝ ਦਿਨ ਮੀਂਹ ਪੈਣ ਨਾਲ ਗਰਮੀ ਤੋਂ ਰਾਹਤ ਮਿਲਣ ਪਿੱਛੋਂ ਹੁਣ ਫਿਰ ਗਰਮੀ ਨੇ ਆਪਣਾ ਰੰਗ ਵਿਖਾਉਣਾ ਸ਼ੁਰੂ ਕਰ ਦਿੱਤਾ ਹੈ। ਪੰਜਾਬ 'ਚ ਗਰਮੀ ਨੇ ਲੋਕਾਂ ਦੇ ਵੱਟ ਕੱਢਣੇ ਸ਼ੁਰੂ ਕਰ ਦਿੱਤੇ ਹਨ ਅਤੇ ਲਗਭਗ 19 ਜ਼ਿਲ੍ਹਿਆਂ 'ਚ ਪਾਰਾ 40 ਡਿਗਰੀ ਤੋਂ ਪਾਰ ਪਹੁੰਚ ਗਿਆ ਹੈ।
ਮੌਸਮ ਵਿਭਾਗ ਨੇ ਜਾਰੀ ਕੀਤਾ ਅਲਰਟ
ਮੌਸਮ ਵਿਭਾਗ ਵੱਲੋਂ ਪੰਜਾਬ ਦੇ ਜ਼ਿਲ੍ਹਿਆਂ ਲਈ ਹੀਟ ਵੇਵ ਦਾ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ, ਜਿਨ੍ਹਾਂ ਵਿੱਚ ਮਾਨਸਾ, ਸੰਗਰੂਰ, ਲੁਧਿਆਣਾ, ਜਲੰਧਰ, ਕਪੂਰਥਲਾ ਅਤੇ ਬਰਨਾਲਾ ਸ਼ਾਮਲ ਹਨ। ਇਸ ਦੇ ਨਾਲ ਹੀ ਅੰਮ੍ਰਿਤਸਰ, ਤਰਨਤਾਰਨ, ਫਿਰੋਜ਼ਪੁਰ, ਮੋਗਾ, ਫ਼ਰੀਕੋਟ, ਫਾਜ਼ਿਲਕਾ, ਬਠਿੰਡਾ ਅਤੇ ਮੁਕਤਸਰ ਵਿੱਚ ਔਰੇਂਜ ਅਲਰਟ ਜਾਰੀ ਕੀਤਾ ਗਿਆ ਹੈ।
ਬਠਿੰਡਾ ਸਭ ਤੋਂ ਵੱਧ ਗਰਮ
ਜੇਕਰ ਪੰਜਾਬ ਦੇ ਸ਼ਹਿਰਾਂ ਦੀ ਗੱਲ ਕੀਤੀ ਜਾਵੇ ਤਾਂ ਬਠਿੰਡਾ ਵਿੱਚ ਸਭ ਤੋਂ ਵੱਧ 44.08 ਤਾਪਮਾਨ ਦਰਜ ਕੀਤਾ ਗਿਆ ਹੈ, ਜਦਕਿ ਅੰਮ੍ਰਿਤਸਰ 'ਚ 44, ਲੁਧਿਆਣਾ 'ਚ 44, ਚੰਡੀਗੜ੍ਹ 'ਚ 42 ਡਿਗਰੀ ਤਾਪਮਾਨ ਰਿਹਾ।
ਮੌਸਮ ਵਿਭਾਗ ਅਨੁਸਾਰ ਪਿਛਲੇ 24 ਘੰਟਿਆਂ ਅੰਦਰ ਤਾਪਮਾਨ ਵਿੱਚ 2.05 ਡਿਗਰੀ ਤਾਪਮਾਨ ਵਾਧਾ ਦਰਜ ਕੀਤਾ ਗਿਆ ਹੈ। ਮੌਸਮ ਵਿਭਾਗ ਅਨੁਸਾਰ 11 ਜੂਨ ਤੱਕ ਹੀਟ ਵੇਵ ਦਾ ਅਸਰ ਰਹਿ ਸਕਦਾ ਹੈ।
ਗਰਮੀ ਤੋਂ ਬਚਾਅ ਲਈ ਨੁਕਤਾ
ਗਰਮੀ ਦੇ ਮੱਦੇਨਜ਼ਰ ਗਰਭਵਤੀ ਔਰਤਾਂ ਅਤੇ ਬਜ਼ੁਰਗਾਂ ਨੂੰ ਵਿਭਾਗ ਵੱਲੋਂ ਆਪਣਾ ਖ਼ਾਸ ਖ਼ਿਆਲ ਰੱਖਣ ਅਤੇ ਵਾਰ-ਵਾਰ ਪਾਣੀ ਪੀਣ ਦੀ ਸਲਾਹ ਦਿੱਤੀ ਗਈ ਹੈ ਤਾਂ ਜੋ ਗਰਮੀ ਤੋਂ ਬਚਿਆ ਜਾ ਸਕੇ।
ਜ਼ਿਕਰਯੋਗ ਹੈ ਕਿ ਆਮ ਤੌਰ 'ਤੇ ਮਾਨਸੂਨ 30 ਜੂਨ ਤੋਂ 5 ਜੁਲਾਈ ਦੇ ਵਿਚਕਾਰ ਪੰਜਾਬ ਨੂੰ ਕਵਰ ਕਰ ਲੈਂਦਾ ਹੈ ਪਰ ਇਸ ਵਾਰ ਮੌਸਮ ਵਿਭਾਗ ਦਾ ਮੰਨਣਾ ਹੈ ਕਿ ਪੰਜਾਬ 'ਚ ਮਾਨਸੂਨ ਜਲਦੀ ਆ ਜਾਵੇਗਾ, ਜਿਸ ਨਾਲ ਲੋਕਾਂ ਨੂੰ ਗਰਮੀ ਤੋਂ ਥੋੜ੍ਹੀ ਰਾਹਤ ਮਿਲ ਸਕਦੀ ਹੈ।
- PTC NEWS