ਦਿੱਲੀ: ਦਿੱਲੀ ਸਰਕਾਰ ਨੇ ਵੀਰਵਾਰ ਨੂੰ ਇਹ ਐਲਾਨ ਕੀਤਾ ਕਿ ਰਾਸ਼ਟਰੀ ਰਾਜਧਾਨੀ 'ਚ ਵਧਦੇ ਪ੍ਰਦੂਸ਼ਣ ਦੇ ਪੱਧਰ ਦੇ ਮੱਦੇਨਜ਼ਰ ਨਿੱਜੀ ਅਤੇ ਸਰਕਾਰੀ ਸਕੂਲ ਅਗਲੇ ਦੋ ਦਿਨਾਂ ਲਈ ਬੰਦ ਰਹਿਣਗੇ। ਇਸ ਤਰ੍ਹਾਂ ਸ਼ੁੱਕਰਵਾਰ (3 ਨਵੰਬਰ) ਅਤੇ ਸ਼ਨੀਵਾਰ (4 ਨਵੰਬਰ) ਨੂੰ ਸਕੂਲ ਬੰਦ ਰਹਿਣਗੇ।
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਇਸ ਫੈਸਲੇ ਦਾ ਐਲਾਨ ਕਰਨ ਲਈ ਸੋਸ਼ਲ ਮੀਡੀਆ ਪਲੇਟਫਾਰਮ X 'ਤੇ ਜਾ ਕੇ ਜਾਣਕਾਰੀ ਦਿੱਤੀ। ਉਨ੍ਹਾਂ ਲਿਖਿਆ, "ਵੱਧਦੇ ਪ੍ਰਦੂਸ਼ਣ ਦੇ ਪੱਧਰ ਦੇ ਮੱਦੇਨਜ਼ਰ, ਦਿੱਲੀ ਦੇ ਸਾਰੇ ਸਰਕਾਰੀ ਅਤੇ ਪ੍ਰਾਈਵੇਟ ਪ੍ਰਾਇਮਰੀ ਸਕੂਲ ਅਗਲੇ 2 ਦਿਨਾਂ ਲਈ ਬੰਦ ਰਹਿਣਗੇ।"
ਵਧਦੇ ਪ੍ਰਦੂਸ਼ਨ ਤੋਂ ਬੇਚੈਨ ਦਿੱਲੀ:
- ਦਿੱਲੀ ਦੇ ਆਸ-ਪਾਸ ਦੇ ਰਾਜਾਂ ਵਿੱਚ ਕੂੜਾ ਸਾੜਨਾ ਵੀ ਪ੍ਰਦੂਸ਼ਣ ਵਧਣ ਦਾ ਇੱਕ ਮੁੱਖ ਕਾਰਨ ਮੰਨਿਆ ਜਾ ਰਿਹਾ ਹੈ। ਦੇਸ਼ ਦੇ ਉੱਤਰੀ ਹਿੱਸਿਆਂ ਵਿੱਚ ਅਜੇ ਵੀ ਪਰਾਲੀ ਸਾੜਨ ਦਾ ਸਿਲਸਿਲਾ ਜਾਰੀ ਹੈ। ਇਸ ਕਾਰਨ ਦਿੱਲੀ, ਨੋਇਡਾ, ਗੁਰੂਗ੍ਰਾਮ ਅਤੇ ਆਸਪਾਸ ਦੇ ਇਲਾਕਿਆਂ 'ਚ ਹਵਾ 'ਚ ਧੂੰਆਂ ਵੱਧ ਰਿਹਾ ਹੈ।
- 2 ਨਵੰਬਰ 2023 ਨੂੰ ਆਨੰਦ ਵਿਹਾਰ ਖੇਤਰ ਨੇ ਸਵੇਰੇ 07:00 ਵਜੇ ਦੇ ਆਸ-ਪਾਸ 404 ਦਾ AQI ਦਰਜ ਕੀਤਾ। ਜਦੋਂ ਕਿ ਬੁਰਾੜੀ ਖੇਤਰ ਵਿੱਚ 340 ਦਾ AQI ਦਰਜ ਕੀਤਾ ਗਿਆ। IGI ਹਵਾਈ ਅੱਡੇ ਨੇ 332 ਦਾ AQI ਦਰਜ ਕੀਤਾ।
- SAFAR ਦੁਆਰਾ ਦਿੱਤੀ ਗਈ ਜਾਣਕਾਰੀ ਦੇ ਅਨੁਸਾਰ, ਦਿੱਲੀ ਦੀ ਹਵਾ ਦੀ ਗੁਣਵੱਤਾ ਇੱਕ ਵਾਰ ਫਿਰ "ਖਤਰਨਾਕ" ਸ਼੍ਰੇਣੀ ਵਿੱਚ ਹੈ। ਜੇਕਰ ਨੋਇਡਾ ਦੀ ਗੱਲ ਕਰੀਏ ਤਾਂ ਸੈਕਟਰ 62 ਖੇਤਰ ਵਿੱਚ AQI 342 ਅਤੇ ਗਾਜ਼ੀਆਬਾਦ ਦੇ ਇੰਦਰਾਪੁਰਮ ਖੇਤਰ ਵਿੱਚ 216 AQI ਦਰਜ ਕੀਤਾ ਗਿਆ।
- ਕੇਂਦਰੀ ਪ੍ਰਦੂਸ਼ਣ ਕੰਟਰੋਲ ਪੈਨਲ ਨੇ ਵਧਦੇ ਪ੍ਰਦੂਸ਼ਣ ਦੇ ਮੱਦੇਨਜ਼ਰ ਗਰੇਡਡ ਐਕਸ਼ਨ ਰਿਸਪਾਂਸ ਪਲਾਨ (GARP-3) ਲਾਗੂ ਕੀਤਾ ਹੈ। ਇਸ ਦੇ ਤਹਿਤ ਰਾਸ਼ਟਰੀ ਰਾਜਧਾਨੀ ਖੇਤਰ 'ਚ ਗੈਰ-ਜ਼ਰੂਰੀ ਨਿਰਮਾਣ ਗਤੀਵਿਧੀਆਂ 'ਤੇ ਪਾਬੰਦੀ ਹੋਵੇਗੀ। ਇਸ ਵਿੱਚ ਗੌਤਮ ਬੁੱਧ ਨਗਰ, ਗਾਜ਼ੀਆਬਾਦ, ਫਰੀਦਾਬਾਦ ਅਤੇ ਗੁਰੂਗ੍ਰਾਮ ਸ਼ਾਮਲ ਹਨ। ਸ਼ਹਿਰ ਵਿੱਚ ਡੀਜ਼ਲ ਦੇ ਟਰੱਕਾਂ ਦੇ ਦਾਖ਼ਲੇ 'ਤੇ ਵੀ ਪਾਬੰਦੀ ਲਗਾ ਦਿੱਤੀ ਗਈ ਹੈ।
- PTC NEWS