Fri, Mar 21, 2025
Whatsapp

ਸਿੱਖ ਇਤਿਹਾਸ ਦਾ ਅਹਿਮ ਘਟਨਾਕ੍ਰਮ, ਸਾਕਾ ਨਨਕਾਣਾ ਸਾਹਿਬ

ਜਗਤ ਗੁਰੂ ਧੰਨ ਗੁਰੂ ਨਾਨਕ ਸਾਹਿਬ ਜੀ ਦੁਆਰਾ ਸਾਜਿਆ ਨਿਰਮਲ ਪੰਥ, ਜਿਸ ਨੇ ਸਮੁੱਚੀ ਮਾਨਵਤਾ ਨੂੰ ਇਕ ਪਰਮਾਤਾਮਾ ਦੀ ਇਬਾਦਤ ਕਰਨ ਦਾ ਸਿਧਾਂਤ ਦ੍ਰਿੜ ਕਰਵਾਇਆ, ਆਪਸੀ ਭਾਈਚਾਰਾ ਅਤੇ ਮਿਲਵਰਤਨ ਦੀ ਸਾਂਝ ਨੂੰ ਪੈਦਾ ਕੀਤਾ।

Reported by:  PTC News Desk  Edited by:  Amritpal Singh -- February 21st 2025 06:00 AM
ਸਿੱਖ ਇਤਿਹਾਸ ਦਾ ਅਹਿਮ ਘਟਨਾਕ੍ਰਮ, ਸਾਕਾ ਨਨਕਾਣਾ ਸਾਹਿਬ

ਸਿੱਖ ਇਤਿਹਾਸ ਦਾ ਅਹਿਮ ਘਟਨਾਕ੍ਰਮ, ਸਾਕਾ ਨਨਕਾਣਾ ਸਾਹਿਬ

                                     ਸਾਕਾ ਨਨਕਾਣਾ ਸਾਹਿਬ
ਜਗਤ ਗੁਰੂ ਧੰਨ ਗੁਰੂ ਨਾਨਕ ਸਾਹਿਬ ਜੀ ਦੁਆਰਾ ਸਾਜਿਆ ਨਿਰਮਲ ਪੰਥ, ਜਿਸ ਨੇ ਸਮੁੱਚੀ ਮਾਨਵਤਾ ਨੂੰ ਇਕ ਪਰਮਾਤਾਮਾ ਦੀ ਇਬਾਦਤ ਕਰਨ ਦਾ ਸਿਧਾਂਤ ਦ੍ਰਿੜ ਕਰਵਾਇਆ, ਆਪਸੀ ਭਾਈਚਾਰਾ ਅਤੇ ਮਿਲਵਰਤਨ ਦੀ ਸਾਂਝ ਨੂੰ ਪੈਦਾ ਕੀਤਾ। ਸਤਿਗੁਰਾਂ ਨੇ ਸੰਗਤਾਂ ਕਾਇਮ ਕੀਤੀਆਂ, ਧਰਮਸ਼ਾਲਾਵਾਂ ਦਾ ਨਿਰਮਾਣ ਕਰਵਾਇਆ।ਇਨ੍ਹਾਂ ਹੀ ਨਹੀਂ ਸਤਿਗੁਰਾਂ ਦੇ ਬਖਸ਼ੇ ਹੋਏ ਪਾਵਨ ਸਿਧਾਂਤਾਂ ਤੇ ਕਇਮ ਰਹਿੰਦਿਆਂ ਸਿੱਖਾਂ ਨੇ ਆਪਣਾ ਆਪ ਵੀ ਕੁਰਬਾਨ ਕਰ ਦਿੱਤਾ। ਜਿਸ ਦੇ ਸਦਕਾ ੳਨ੍ਹਾਂ ਨੂੰ ਕੌਮ ਦੇ ਵਿਚ ਸ਼ਹੀਦ ਕਹਿ ਕੇ ਪੁਕਾਰਿਆ ਜਾਂਦਾ ਹੈ। ਪਰ ਕਿਸੇ ਕੌਮ ਦੇ ਸ਼ਹੀਦਾਂ ਦੀ ਸ਼ਹਾਦਤ ਉਨ੍ਹਾਂ ਚਿੱਰ ਤੱਕ  ਸਫਲ ਪ੍ਰਵਾਨ ਨਹੀਂ ਕੀਤੀ ਜਾ ਸਕਦੀ, ਜਿਨ੍ਹਾਂ ਚਿੱਰ ਤੱਕ ਕੌਮ ਦੇ ਵਿਚ ਸ਼ਹੀਦੀਆਂ ਦਾ ਚਾਉ ਨਾਂ ਪੈਦਾ ਹੋ ਜਾਵੇ। ਸਿੱਖ ਧਰਮ ਗੁਰੂ ਸਾਹਿਬਾਨਾਂ ਦੇ ਰਾਹੇ ਅਮਲ ਤੇ ਚਲਦਿਆਂ ਸੱਚੇ-ਸੁੱਚੇ ਕਾਰਜ ਲਈ ਸ਼ਹਾਦਤ ਵੱਲ ਵੱਧਣਾ ਜ਼ਿੰਦਗੀ ਦਾ ਉਚੇਰਾ ਮਨੋਰਥ ਅਤੇ ਸ਼ੁੱਭ ਕਰਮ ਪ੍ਰਵਾਨ ਕੀਤਾ ਗਿਆ ਹੈ। ਸਿੱਖ ਧਰਮ ਦਾ ਸਮੁੱਚਾ ਇਤਿਹਾਸ ਸ਼ਹਾਦਤਾਂ ਦੇ ਨਾਲ ਭਰਿਆ ਹੈ। ਸ਼ਹਾਦਤ ਦੇ ਸ਼ਬਦ ਨੂੰ ਅਸਲ ਵਿਚ ਅਮਲ’ਚ ਉਤਾਰਨ ਦਾ ਕਾਰਜ ਗੁਰੂ ਅਰਜਨ ਸਾਹਿਬ ਜੀ ਨੇ ਕੀਤਾ ਅਤੇ ਇਨ੍ਹਾਂ ਰਾਹਾਂ ਤੇ ਚਲਦਿਆਂ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਅਦੁੱਤੀ ਇਤਿਹਾਸ ਸਿਰਜ ਦਿੱਤਾ।ਜਿਸ ਤੇ ਪਹਿਰਾ ਦਿੰਦਿਆਂ ਅਨੇਕਾਂ ਸਿੱਖਾਂ ਨੇ ਆਪਣਾ ਲਹੂ ਡੋਲ ਕੇ ਇਕ ਅਜਿਹਾ ਮਹਿਲ ਉਸਾਰਿਆ ਜਿਸ ਦੀ ਗਵਾਹੀ ਸਿੱਖ ਇਤਿਹਾਸ ਦਾ ਇਕ-ਇਕ ਪੰਨਾਂ ਦੇ ਰਿਹਾ ਹੈ। 

ਸਿੱਖ ਧਰਮ ਦੇ ਵਿਚ ਸ਼ਹੀਦਾਂ ਦਾ ਬਹੁਤ ਉਚਾ ਅਸਥਾਨ ਹੈ। ਗੁਰੂ ਸਾਹਿਬਾਨਾਂ ਤੋਂ ਬਾਅਦ ਸ਼ਹੀਦਾਂ ਦਾ ਸਤਿਕਾਰ ਕੀਤਾ ਜਾਂਦਾ ਹੈ। ਰੋਜ਼ਾਨਾਂ ਅਰਦਾਸ ਵਿਚ ਸ਼ਹੀਦ ਸਿੰਘ ਸਿੰਘਣੀਆਂ ਦੀ ਕੁਰਬਾਨੀ ਸਦਕਾ ਉਨਹਾਂ ਨੂੰ ਯਾਦ ਕੀਤਾ ਜਾਂਦਾ ਹੈ। ਜਿਨ੍ਹਾਂ ਨੇ ਨਿਜੀ ਹਿਤਾਂ ਤੋਂ ਉਪਰ ਉੱਠ ਕੇ ਸਰਬੱਤ ਦੇ ਭਲੇ ਲਈ, ਧਰਮ ਸਿਧਾਤਾਂ ਤੇ ਪਹਿਰਾ ਦਿੰਦਿਆਂ ਹੱਕ ਸੱਚ ਲਈ ਆਪਣਾ ਆਪ ਕੁਰਬਾਨ ਕਰ ਦਿੱਤਾ। ਪਰ ਸਿਦਕ ਨਹੀਂ ਹਾਰਿਆ।ਕਿਸੇ ਸ਼ਾਇਰ ਦੇ ਬੜੇ ਪਿਆਰੇ ਬੋਲ ਨੇ :

                                                                                              ਸ਼ਹੀਦੋਂ ਕੀ ਕਤਲਗਾਹ ਸੇ, ਕਿਆ ਬੇਹਤਰ ਹੈ ਕਾਅਬਾ
                                                                                                ਸਹੀਦੋਂ ਕੀ ਖਾਕ ਪੇ ਤੋਂ ਖੁਦਾ ਭੀ ਕੁਰਬਾਨ ਹੋਤਾ ਹੈ।

 ਜੇਕਰ ਅੱਜ ਦੇ ਦਿਹਾੜੇ ਦੀ ਗੱਲ ਕੀਤੀ ਜਾਵੇ ਤਾਂ ਅਸਲ ਵਿਚ ਵਚਿੱਤਰ, ਅਨੌਖੀ, ਅਦੁੱਤੀ ਅਤੇ ਅਜੀਬ ਘਟਨਾ ਨੂੰ ‘ਸਾਕਾ” ਕਿਹਾ ਜਾਂਦਾ ਹੈ। ਦਸਮ ਪਾਤਸ਼ਾਹ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਨੇ ਗੁਰੂ ਪਿਤਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਨੂੰ “ਧਰਮ ਹੇਤ ਸਾਕਾ” ਕਿਹਾ ਹੈ।ਜਿਸ ਤੋਂ ਬਾਅਦ ‘ਸਾਕਾ’ ਸ਼ਬਦ ਸਿੱਖ ਸ਼ਬਦਾਵਲੀ ਦਾ ਅਤੁੱਟ ਹਿਸਾ ਬਣ ਗਿਆ। ਸਾਕੇ ਸ਼ਬਦ ਦੇ ਅਰਥ ਕੋਈ ਐਸਾ ਕਰਮ ਜੋ ਇਤਿਹਾਸ ਦੇ ਵਿਚ ਜੁਗਾਂ ਜੁਗਾਂ ਤੱਕ ਪ੍ਰਸਿੱਧ ਰਹੇ। ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਤੋਂ ਬਾਅਦ ਸਿੱਖਾਂ ਨੂੰ ਅਨੇਕਾਂ ਸਾਕਿਆਂ ਦੇ ਨਾਲ ਸਨਮੁੱਖ ਹੋਣਾ ਪਿਆ। ਸਾਕਾ ਚਮਕੌਰ, ਸਾਕਾ ਸਰਹੰਦ, ਪੰਜਾ ਸਾਹਿਬ ਦਾ ਸਾਕਾ, ਜਲਿਆਂ ਵਾਲੇ ਬਾਗ ਦਾ ਸਾਕਾ, ਗੁਰੂ ਕੇ ਬਾਗ ਦਾ ਸਾਕਾ ਆਦਿ।

 ਅੰਗ੍ਰੇਜ਼ ਸਰਕਾਰ ਦੀ ਸ਼ਹਿ ਤੇ ਮਹੰਤਾਂ ਵਲੋਂ ਤਾਂਡਵ ਨਾਚ ਦੀ ਦਰਦਨਾਕ ਘਟਨਾ ਨੂੰ ਸਾਕਾ ਨਨਕਾਣਾ ਸਾਹਿਬ ਰੂਪਮਾਨ ਕਰਦਾ ਹੈ। ਇਤਿਹਾਸਿਕ ਸ੍ਰੋਤਾਂ ਦੇ ਅਨੁਸਾਰ ਨਨਕਾਣਾ ਸਾਹਿਬ ਨਾਨਕਿਆਣ ਤੋਂ ਬਣਿਆ ਹੈ।ਜਿਸ ਦਾ ਅਰਥ ਹੈ ਨਾਨਕ ਆਯਾਨ, ਭਾਵ ਧੰਨ ਗੁਰੂ ਨਾਨਕ ਸਾਹਿਬ ਜੀ ਦਾ ਘਰ। ਇਸ ਧਰਿਤ ਸੁਹਾਵੀ ਦਾ ਪਹਿਲਾ ਨਾਮ ਰਾਇਪੁਰ, ਫਿਰ ਤਲਵੰਡੀ ਰਾਇ ਭੋਇ ਤੇ ਫਿਰ ਨਨਕਾਣਾ ਸਾਹਿਬ ਪ੍ਰਚਲਿਤ ਹੋਇਆ।  ਨਨਕਾਣਾ ਸਾਹਿਬ ਦੀ ਉਹ ਪਾਵਨ ਪਵਿੱਤਰ ਧਰਤੀ ਜਿਥੇ ਜਗਤ ਗੁਰੂ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਇਕ ਨਹੀਂ ਅਨੇਕਾਂ ਹੀ ਰਹਿਮਤਾਂ ਵਰਸਾਈਆਂ, ਅੱਜ ਗੁਰਦੁਆਰਾ ਜਨਮ ਅਸਥਾਨ ਨਨਕਾਣਾ ਸਾਹਿਬ ਦੇ ਨਾਮ ਨਾਲ ਵਿਸ਼ਵ ਪ੍ਰਸਿੱਧ ਹੈ।

ਉਦਾਸੀ ਸੰਪ੍ਰਦਾ ਦੇ ਮੁੱਖੀ ਬਾਬਾ ਅਲਮਸਤ ਜੀ ਨੂੰ ਗੁਰਦੁਆਰਾ ਜਨਮ ਅਸਥਾਨ ਨਨਕਾਣਾ ਸਾਹਿਬ ਜੀ ਅਸਥਾਨ ਦੀ ਸੇਵਾ ਸੰਭਾਲ ਛੇਵੇਂ ਪਾਤਸ਼ਾਹ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਸੋਂਪੀ ਸੀ। ਇਸ ਤਰ੍ਹਾਂ ਆਰੰਭ ਤੋਂ ਹੀ ਇਨ੍ਹਾਂ ਪਾਵਨ ਪਵਿੱਤਰ ਅਸਥਾਨਾਂ ਦਾ ਪ੍ਰਬੰਧ ਉਦਾਸੀ ਸੰਪ੍ਰਦਾ, ਨਿਰਮਲੇ ਸੰਪ੍ਰਦਾ ਦੇ ਮਹੰਤ ਪੁਜਾਰੀ ਹੀ ਕਰਦੇ ਰਹੇ। ਗੁਰਦੁਆਰੇ ਹੀ ਸਿੱਖੀ ਦੇ ਪ੍ਰਚਾਰ ਅਤੇ ਪ੍ਰਸਾਰ ਦੇ ਸਭ ਤੋਂ ਵੱਡੇ ਕੇਂਦਰ ਹਨ।ਇਥੋਂ ਹੀ ਸਿੱਖਾਂ ਨੂੰ ਆਤਮਿਕ ਜੀਵਨ ਪ੍ਰਾਪਤ ਹੁੰਦਾ ਹੈ। 

ਸਿੱਖ ਰਾਜ ਦਾ ਸਮਾਂ ਆਇਆ । ਮਹਾਰਾਜਾ ਰਣਜੀਤ ਸਿੰਘ ਦਾ ਦੇ ਰਾਜ ਦਾ ਸਮਾਂ ਆਇਆ ਉਸ ਨੇ ਆਪਣੇ ਰਾਜ ਦੌਰਾਨ ਇਤਿਹਾਸਿਕ ਗੁਰਦੁਆਰਿਆਂ ਦੇ ਨਾਮ ਕਾਫੀ ਜਾਇਦਾਦਾਂ ਲਾਈਆਂ। ਉਨ੍ਹਾਂ ਵਿਚੋਂ ਇਕ ਨਨਕਾਣਾ ਸਾਹਿਬ ਵੀ ਹੈ। ਜਿਸ ਦੇ ਨਾਮ ਤੇ ਵੀ ਕਈ ਏਕੜ ਜ਼ਮੀਨ ਲਗਾਈ ਗਈ। ਸਿੱਖ ਰਾਜ ਦੇ ਸਮੇਂ ਗੁਰਦੁਆਰਿਆਂ ਦੇ ਨਾਮ ਲੱਗੀਆਂ ਬੇਸ਼ੁਮਾਰ ਜ਼ਗੀਰਾਂ, ਜਾਇਦਾਦਾਂ ਨੇ ਮਹੰਤਾਂ ਨੂੰ ਆਲਸੀ, ਆਯਾਸ਼ ਅਤੇ ਭ੍ਰਿਸ਼ਟ-ਕੁਕਰਮੀ ਕਰ ਦਿੱਤਾ। ਸਿੱਖ ਰਾਜ ਦਾ ਸੂਰਜ ਅਸਤ ਹੋਣ ਦੀ ਦੇਰ ਸੀ ਮਹੰਤਾਂ ਪੁਜਾਰੀਆਂ ਨੇ ਅੰਗ੍ਰੇਜ਼ ਸਰਕਾਰ ਦੇ ਪਿੱਠੂ ਬਣ ਕੇ ਐਸ਼ ਪ੍ਰਸਤੀ ਕਰਨੀ ਸ਼ੁਰੂ ਕਰ ਦਿੱਤੀ। ਮਹੰਤ ਪੁਜਾਰੀ ਗੁਰੂ ਘਰਾਂ ਦੀ ਜ਼ਮੀਨ ਜਾਇਦਾਦਾਂ ਨੁੂੰ ਆਪਣੀ ਨਿਜੀ ਪਿਤਾ ਪੁਰਖੀ ਮਾਲਕੀ ਮਹਿਸੂਸ ਕਰਨ ਲੱਗੇ। ਮਹੰਤਾਂ ਨੇ ਗੁਰੂ ਘਰਾਂ ਨੂੰ ਆਪਣੀ ਐਸ਼ ਪ੍ਰਸਤੀ ਦੇ ਡੇਰੇ ਭਾਵ ਅੱਡੇ ਬਣਾ ਲਏ। 
     
ਜਦੋਂ ਸਿੱਖਾਂ ਦੇ ਘਰ ਘੋੜਿਆਂ ਦੀਆਂ ਕਾਠੀਆਂ ਤੇ ਸਨ ਤਦ ਵੀ ਗੁਰਦੁਆਰਾ ਪ੍ਰਬੰਧ ਆਮ ਕਰਕੇ ਪਿਤਾ ਪੁਰਖੀ ਮਹੰਤ ਅਤੇ ਉਦਾਸੀਆਂ ਪਾਸ ਹੀ ਸੀ। ਗੁਰੂ ਘਰ ਦਾ ਪ੍ਰਬੰਧ ਉਸ ਸਮੇਂ ਤੱਕ ਠੀਕ ਠਾਕ ਚਲਦਾ ਰਿਹਾ ਜਦੋਂ ਤੱਕ ਸਿੱਖ ਕਦਰਾਂ-ਕੀਮਤਾਂ ਅਨੁਸਾਰ ਜੀਵਨ ਬਸਰ ਕਰਦੇ ਰਹੇ। ਪਰ ਜਦੋਂ ਵੀ ਮਹੰਤਾਂ, ਪੁਜਾਰੀਆਂ ਅਤੇ ਧਰਮੀ ਅਖਵਾਉਣ ਵਾਲਿਆਂ ਦਾ ਜੀਵਨ “ਕਰਤੂਤਿ ਪਸੂ ਕੀ ਮਾਨਸ ਜਾਤਿ” ਵਾਲਾ ਹੋ ਜਾਵੇਗਾ ਤਾਂ ਗਿਰਾਵਟ ਆਉਣੀ ਨਿਸ਼ਚਿਤ ਹੈ।ਨਨਕਾਣਾ ਸਾਹਿਬ ਦਾ ਮਹੰਤ ਨਰੈਣ ਦਾਸ ਆਪਣੇ ਇਖਲਾਕ ਤੋਂ ਪੂਰੀ ਤਰ੍ਹਾਂ ਗਿਰ ਚੁੱਕਾ ਸੀ। ਸ਼ਰਾਬ ਪੀ ਕੇ ਸੰਗਤ ਦੀ ਬੇਇਜ਼ਤੀ ਕਰਨੀ, ਬੀਬੀਆਂ ਦੀ ਅਜ਼ਮਤ ਨੂੰ ਹੱਥ ਪਾਉਣਾ ਨਿਤ ਦਾ ਕਰਮ ਬਣ ਗਿਆ ਸੀ। 

ਹਰ ਸਿੱਖ ਵਾਸਤੇ ਨਨਕਾਣਾ ਸਾਹਿਬ ਦੀ ਧਰਤੀ ਪਵਿੱਤਰ ਧਰਤੀ ਹੈ। ਉਹ ਕਿਵੇਂ ਬਰਦਾਸ਼ਤ ਕਰ ਸਕਦੇ ਸੀ ਇਸ ਪਾਵਨ ਪਵਿੱਤਰ ਧਰਤੀ ਤੇ ਇਹੋ ਜਿਹੇ ਕੁਕਰਮ।ਇਸੇ ਸਮੇਂ ਸਿੱਖ ਸਮਾਜ ਵਿਚ ਸਿੰਘ ਸਭਾ ਲਹਿਰ ਚੱਲ ਰਹੀ ਸੀ। ਚੇਤੰਨ ਗੁਰਸਿੱਖਾਂ ਨੇ ਗੁਰਦੁਆਰਾ ਪ੍ਰਬੰਧ ਨੂੰ ਪੰਥਕ ਪ੍ਰਬੰਧ ਵਿਚ ਲਿਆਉਣ ਲਈ ਕਮਰਕਸੇ ਕਰ ਲਏ। ਗੁਰਦੁਆਰਾ ਜਨਮ ਅਸਥਾਨ ਨਨਕਾਣਾ ਸਾਹਿਬ  ਨੂੰ ਮਹੰਤਾਂ ਦੇ ਪ੍ਰਬੰਧਾਂ ਤੋਂ ਆਜ਼ਾਦ ਕਰਾਉਣ ਦੇ ਲਈ ਗੁਰਸਿੱਖ ਮਰਜੀਵੜਿਆਂ ਦਾ ਸ਼ਾਂਤਮਈ ਜੱਥਾ ਫਰਵਰੀ 1920 ਈ. ਨੂੰ ਇਸ ਪਾਵਨ ਪਵਿੱਤਰ ਅਸਥਾਨ ਦੇ ਅੰਦਰ ਪਰਵੇਸ਼ ਹੋਇਆ। ਪਰ ਮਹੰਤ ਨਰੈਣ ਦਾਸ ਅਤੇ ਉਸਦੇ ਗੂੰਡਿਆਂ, ਬਦਮਾਸ਼ਾਂ ਨੇ ਜ਼ਬਰ ਜ਼ੁਲਮ ਦੀ ਇੰਤਹਾਂ ਕਰ ਦਿੱਤੀ। ਜਦੋਂ ਨਾਨਕ ਨਾਮ ਲੇਵਾ ਸਿੱਖਾਂ ਦਾ ਜੱਥਾਂ ਪਾਵਨ ਪਵਿੱਤਰ ਅਸਥਾਨ ਤੇ ਦਰਸ਼ਨੀ ਡਿਊੜੀ ਰਸਤੇ ਅੰਦਰ ਦਾਖਲ ਹੋਇਆ ਜਿਥੇ ਇਨ੍ਹਾਂ ਦਾ ਸੁਆਗਤ ਮਹੰਤ ਅਤੇ ਇਸਦੇ ਬਦਮਾਸ਼ ਗੂੰਡਿਆਂ ਨੇ ਡਾਗਾਂ, ਗੋਲੀਆਂ, ਬਰਛੀਆਂ, ਤਲਵਾਰਾਂ ਅਤੇ ਮਾਰੂ ਹਥਿਆਰਾਂ ਨਾਲ ਕੀਤਾ। ਕਿਤਨਾ ਸਬਰ, ਸਹਿਜ, ਸ਼ੀਤਲਤਾ ਦੇ ਧਾਰਨੀ ਹੋਣਗੇ ਗੁਰੂ ਘਰ ਦੇ ਪਰਵਾਨੇ ਗੁਰਸਿੱਖ ਜਿਨ੍ਹਾਂ ਨੂੰ ਜਿਉਂਦਾ ਹੀ ਜੰਡ ਨਾਲ ਬੰਨ੍ਹ, ਭੱਠ ਵਿਚ ਸੁੱਟ ਸਾੜਿਆ ਗਿਆ ਪਰ ਕਿਸੇ ਨੇ ਸੀ ਵੀ ਨਹੀਂ ਕੀਤੀ । ਗੁਰਦੁਆਰਾ ਜਨਮ ਅਸਥਾਨ ਦੇ ਨਜ਼ਦੀਕ ਸਥਿਤ ਸ਼ਹੀਦੀ ਖੂਹ ਤੇ ਜੰਡ ਦਾ ਦਰੱਖਤ ਸ਼ਹੀਦਾਂ ਦੀ ਸ਼ਹੀਦੀ ਦੀ ਦਾਸਤਾਂ ਬਿਆਨ ਕਰਦਾ ਹੈ। ਇਥੇ ਹੀ ਬਸ ਨਹੀਂ ਤਾਬਿਆ ਤੇ ਬੈਠੇ ਗੁਰਸਿੱਖ ਨੂੰ ਗੋਲੀਆਂ ਅਤੇ ਪਾਵਨ ਸਰੂਪ ਤੇ ਵੀ ਗੋਲੀਆਂ। ਪਾਵਨ ਅਸਥਾਨ ਤੇ ਆਏ ਗੁਰਸਿੱਖਾਂ ਤੇ ਕਿਵੇਂ ਮਹੰਤ ਅਤੇ ਉਸਦੇ ਗੁੰਡਿਆਂ ਨੇ ਜੁਲਮ ਕੀਤਾ ਹੋਵੇਗਾ ਬਿਆਨ ਕਰਨਾ ਬਹੁਤ ਮੁਸ਼ਕਿਲ ਹੈ।

ਇਨ੍ਹਾਂ ਸ਼ਹੀਦਾਂ ਦੇ ਪਵਿੱਤਰ ਖੂਨ ਸਦਕਾ ਹੀ ਅੰਗ੍ਰੇਜ ਸਰਕਾਰ ਦੌਰਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਂਦ ਵਿਚ ਆਈ। ਜਿਸ ਨੂੰ ਸਿੱਖ ਪਾਰਲੀਮੈਂਟ ਦਾ ਮਾਣ ਹਾਸਿਲ ਹੈ। ਗੁਰਦੁਆਰਾ ਜਨਮ ਅਸਥਾਨ ਨਨਕਾਣਾ ਸਾਹਿਬ ਦੀ ਇਤਿਹਾਸਿਕ ਇਮਾਰਤ, ਵਿਸ਼ਾਲ ਦਰਸ਼ਨੀ ਡਿਉੜੀ ਤੇ ਖੁਲ੍ਹਾਂ ਵਿਹੜਾ ਸਮੇਂ ਤੇ ਸਥਾਨ ਤੋਂ ਆਜ਼ਾਦ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੀ ਵਿਚਾਰਧਾਰਾ ਨੂੰ ਅੱਜ ਵੀ ਰੂਪਮਾਨ ਕਰਦਾ ਹੈ। ਇਨ੍ਹਾਂ ਗੁਰਸਿੱਖ ਯੋਧਿਆਂ ਨੇ ਆਪਣੀ ਸ਼ਹਾਦਤ ਦੇ ਕੇ ਆਪਣਾ ਖੁੂਨ ਡੋਲ ਕੇ ਕੁਕੱਰਮੀ ਮਹੰਤਾਂ ਤੋਂ ਗੁਰੂ ਘਰਾਂ ਨੂੰ ਆਜ਼ਾਦ ਕਰਵਾਇਆ। ਇਹ ਸਾਕਾ ਸਿੱਖੀ ਸਿਦਕ, ਸਬਰ, ਸਾਹਸ ਤੇ ਸ਼ਹਾਦਤ ਨੂੰ ਪ੍ਰਤੱਖ ਤੌਰ ਤੇ ਪ੍ਰਗਟ ਕਰਦਾ ਹੈ। ਲੋੜ ਹੈ ਇਨ੍ਹਾਂ ਤੋਂ ਪ੍ਰੇਰਨਾ ਲੈ ਕੇ ਸਿੱਖ ਜੀਵਨ ਜਾਂਚ’ਚ ਸਤਿ, ਸੰਤੋਖ ਤੇ ਸਬਰ ਦਾ ਧਾਰਨੀ ਹੋਣ ਦੀ।

ਨਨਕਾਣਾ ਸਾਹਿਬ ਦੇ ਸਮੂਹ ਸ਼ਹੀਦ ਸਿੰਘਾਂ ਦੀ ਯਾਦ ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸ਼ਹੀਦ ਸਿੱਖ ਮਿਸ਼ਨਰੀ ਕਾਲਜ, ਸ੍ਰੀ ਅੰਮ੍ਰਿਤਸਰ ਸਥਾਪਿਤ ਕੀਤਾ ਗਿਆ।ਸੋ ਪੀ.ਟੀ. ਸੀ ਦੇ ਸਮੂਹ ਪਰਿਵਾਰ ਵਲੋਂ ਨਨਕਾਣਾ ਸਾਹਿਬ ਦੇ ਸਮੂਹ ਸ਼ਹੀਦ ਸਿੰਘਾਂ ਨੂੰ ਕੋਟਿ ਕੋਟਿ ਪ੍ਰਣਾਮ। 
 


- PTC NEWS

Top News view more...

Latest News view more...

PTC NETWORK