Toronto 'ਚ ਇੱਕ ਸ਼ਾਪਿੰਗ ਸੈਂਟਰ ਦੀ ਪਾਰਕਿੰਗ 'ਚ ਦਿਨ-ਦਿਹਾੜੇ ਭਾਰਤੀ-ਕੈਨੇਡੀਅਨ ਵਿਅਕਤੀ ਦੀ ਗੋਲੀ ਮਾਰ ਕੇ ਹੱਤਿਆ
Canada Indian shooting : ਕੈਨੇਡਾ ਦੇ ਟੋਰਾਂਟੋ ਵਿੱਚ ਇੱਕ ਸ਼ਾਪਿੰਗ ਸੈਂਟਰ ਦੀ ਪਾਰਕਿੰਗ ਵਿੱਚ ਦਿਨ-ਦਿਹਾੜੇ ਅਣਪਛਾਤੇ ਹਮਲਾਵਰਾਂ ਨੇ 37 ਸਾਲਾ ਭਾਰਤੀ-ਕੈਨੇਡੀਅਨ ਵਿਅਕਤੀ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਹੈ। ਪੁਲਿਸ ਨੇ ਇਹ ਜਾਣਕਾਰੀ ਦਿੱਤੀ ਹੈ। ਐਤਵਾਰ ਨੂੰ ਜਾਰੀ ਇੱਕ ਬਿਆਨ ਵਿੱਚ ਟੋਰਾਂਟੋ ਪੁਲਿਸ ਨੇ ਮ੍ਰਿਤਕ ਦੀ ਪਛਾਣ ਚੰਦਨ ਕੁਮਾਰ ਰਾਜਾ ਨੰਦਕੁਮਾਰ ਵਜੋਂ ਕੀਤੀ, ਜੋ ਕਿ ਬ੍ਰੈਂਪਟਨ ਦਾ ਰਹਿਣ ਵਾਲਾ ਸੀ।
ਪੁਲਿਸ ਬਿਆਨ ਦੇ ਅਨੁਸਾਰ ਸ਼ਨੀਵਾਰ ਦੁਪਹਿਰ ਲਗਭਗ 3:31 ਵਜੇ ਪੁਲਿਸ ਨੂੰ ਰੈਕਸਡੇਲ ਬੁਲੇਵਾਰਡ ਅਤੇ ਹਾਈਵੇਅ 27 'ਤੇ ਸਥਿਤ ਵੁੱਡਬਾਈਨ ਸ਼ਾਪਿੰਗ ਸੈਂਟਰ ਦੀ ਪਾਰਕਿੰਗ ਵਿੱਚ ਗੋਲੀਬਾਰੀ ਦੀ ਸੂਚਨਾ ਮਿਲੀ। ਅਧਿਕਾਰੀ ਮੌਕੇ 'ਤੇ ਪਹੁੰਚੇ ਅਤੇ ਉਨ੍ਹਾਂ ਨੂੰ ਗੋਲੀਬਾਰੀ ਨਾਲ ਇੱਕ ਵਿਅਕਤੀ ਗੰਭੀਰ ਜ਼ਖਮੀ ਮਿਲਿਆ। ਉਸਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ। ਹਾਲਾਂਕਿ, ਇਲਾਜ ਦੌਰਾਨ ਉਸਦੀ ਮੌਤ ਹੋ ਗਈ।
ਪੁਲਿਸ ਦੇ ਅਨੁਸਾਰ ਨੰਦਕੁਮਾਰ ਮੂਲ ਰੂਪ ਵਿੱਚ ਕਰਨਾਟਕ ਦਾ ਰਹਿਣ ਵਾਲਾ ਸੀ ਅਤੇ ਇੱਕ ਆਈਟੀ ਮਾਹਰ ਸੀ। ਪੁਲਿਸ ਨੇ ਕਿਹਾ ਕਿ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਹਮਲਾਵਰ ਇੱਕ ਵਾਹਨ ਵਿੱਚ ਫ਼ਰਾਰ ਹੋ ਗਏ। ਇਸ ਸਾਲ ਟੋਰਾਂਟੋ ਵਿੱਚ ਇਹ ਤੀਜਾ ਕਤਲ ਹੈ। ਖ਼ਬਰਾਂ ਅਨੁਸਾਰ ਘਟਨਾ ਸਥਾਨ ਤੋਂ ਪ੍ਰਾਪਤ ਤਸਵੀਰਾਂ ਵਿੱਚ ਇੱਕ ਚਿੱਟੇ ਰੰਗ ਦੀ ਐਸਯੂਵੀ ਦੇ ਅਗਲੇ ਵਿੰਡਸ਼ੀਲਡ ਵਿੱਚ ਗੋਲੀਆਂ ਦੇ ਛੇਕ ਦਿਖਾਈ ਦੇ ਰਹੇ ਹਨ। ਇਸ ਦੇ ਨਾਲ ਹੀ ਡਰਾਈਵਰ ਸਾਈਡ ਦੀ ਖਿੜਕੀ ਦਾ ਵੀ ਸ਼ੀਸ਼ਾ ਟੁੱਟਿਆ ਦਿਖਾਈ ਦੇ ਰਿਹਾ ਹੈ।
ਅਧਿਕਾਰੀਆਂ ਨੇ ਕਿਹਾ ਕਿ ਗੋਲੀਬਾਰੀ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ ਪਰ ਪੁਲਿਸ ਦਾ ਮੰਨਣਾ ਹੈ ਕਿ ਇਹ ਇੱਕ ਟਾਰਗੇਟ ਹਮਲਾ ਸੀ। ਪੁਲਿਸ ਇੰਸਪੈਕਟਰ ਐਰੋਲ ਵਾਟਸਨ ਨੇ ਕਿਹਾ ਕਿ ਇਹ ਕੋਈ ਬੇਤਰਤੀਬ ਘਟਨਾ ਨਹੀਂ ਜਾਪਦੀ। ਉਨ੍ਹਾਂ ਕਿਹਾ ਕਿ ਪੁਲਿਸ ਇਸ ਗੱਲ ਦੀ ਜਾਂਚ ਕਰ ਰਹੀ ਹੈ ਕਿ ਹਮਲੇ ਵਿੱਚ ਕਿੰਨੇ ਸ਼ੱਕੀ ਸ਼ਾਮਲ ਸਨ ਅਤੇ ਕਿੰਨੀਆਂ ਗੋਲੀਆਂ ਚਲਾਈਆਂ ਗਈਆਂ ਸਨ।
- PTC NEWS