Haryana News : ਇਨੈਲੋ ਦੇ ਰਾਸ਼ਟਰੀ ਪ੍ਰਧਾਨ ਅਭੈ ਚੌਟਾਲਾ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ ,ਬੇਟੇ ਦੇ ਫੋਨ 'ਤੇ ਭੇਜਿਆ ਵੌਇਸ ਮੈਸੇਜ
ਇੰਡੀਅਨ ਨੈਸ਼ਨਲ ਲੋਕ ਦਲ (INL) ਦੇ ਰਾਸ਼ਟਰੀ ਪ੍ਰਧਾਨ ਅਭੈ ਸਿੰਘ ਚੌਟਾਲਾ ਨੂੰ ਜਾਨੋਂ ਮਾਰਨ ਦੀ ਧਮਕੀ ਮਿਲਣ ਦਾ ਮਾਮਲਾ ਸਾਹਮਣੇ ਆਇਆ ਹੈ। ਆਰੋਪੀ ਨੇ ਚੌਟਾਲਾ ਨੂੰ ਇਹ ਧਮਕੀ ਉਸਦੇ ਛੋਟੇ ਪੁੱਤਰ ਕਰਨ ਸਿੰਘ ਚੌਟਾਲਾ ਦੇ ਫੋਨ 'ਤੇ ਵੌਇਸ ਮੈਸੇਜ ਭੇਜ ਕੇ ਦਿੱਤੀ ਹੈ।ਆਰੋਪੀ ਨੇ ਲਿਖਿਆ- ਉਹ ਮੇਰੇ ਰਸਤੇ ਵਿੱਚ ਨਾ ਆਉਣ ਨਹੀਂ ਤਾਂ ਉਨ੍ਹਾਂ ਨੂੰ ਵੀ ਪ੍ਰਧਾਨ ਕੋਲ ਭੇਜ ਦਿਆਂਗਾ। ਇਹ ਨੰਬਰ ਯੂਕੇ ਤੋਂ ਦੱਸਿਆ ਜਾ ਰਿਹਾ ਹੈ।
ਜਿਸ ਮਗਰੋਂ ਪੁੱਤਰ ਨੇ ਚੰਡੀਗੜ੍ਹ ਪੁਲਿਸ ਨੂੰ ਸ਼ਿਕਾਇਤ ਦਿੱਤੀ ਹੈ। ਪੁਲਿਸ ਨੇ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। 2 ਸਾਲ ਪਹਿਲਾਂ ਵੀ ਅਭੈ ਚੌਟਾਲਾ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲੀਆਂ ਸਨ। ਇਸ ਤੋਂ ਬਾਅਦ ਹਾਈ ਕੋਰਟ ਦੇ ਨਿਰਦੇਸ਼ਾਂ 'ਤੇ ਉਸਨੂੰ Y ਸੁਰੱਖਿਆ ਦਿੱਤੀ ਗਈ ਸੀ। ਕਰਨ ਸਿੰਘ ਚੌਟਾਲਾ ਸਿਰਸਾ ਵਿੱਚ ਜ਼ਿਲ੍ਹਾ ਪ੍ਰੀਸ਼ਦ ਦੇ ਚੇਅਰਮੈਨ ਹਨ।
ਪੁਲਿਸ ਇਸ ਸਮੇਂ ਇਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ। ਜਿਸ ਫੋਨ ਨੰਬਰ ਤੋਂ ਇਹ ਧਮਕੀ ਦਿੱਤੀ ਗਈ ਹੈ, ਉਸ ਦੀ ਵੀ ਜਾਂਚ ਕੀਤੀ ਜਾ ਰਹੀ ਹੈ ਕਿ ਕਿਸ ਦੇ ਨਾਮ 'ਤੇ ਹੈ। ਮਾਮਲੇ ਦੀ ਸ਼ੁਰੂਆਤੀ ਜਾਂਚ ਵਿੱਚ ਹੁਣ ਤੱਕ ਸਾਹਮਣੇ ਆਇਆ ਹੈ ਕਿ ਇਹ ਧਮਕੀ ਭਰਿਆ ਵੌਇਸ ਮੈਸੇਜ ਕਰਨ ਚੌਟਾਲਾ ਦੇ ਫੋਨ 'ਤੇ ਭੇਜਿਆ ਗਿਆ ਸੀ। ਇਸ ਨੋਟ ਵਿੱਚ ਕਿਹਾ ਗਿਆ ਹੈ ਕਿ ਆਪਣੇ ਪਿਤਾ ਨੂੰ ਸਮਝਾਓ ਨਹੀਂ ਤਾਂ ਤੁਹਾਨੂੰ ਨਤੀਜੇ ਭੁਗਤਣੇ ਪੈਣਗੇ।
ਪੁਲਿਸ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਅਭੈ ਚੌਟਾਲਾ ਦੇ ਦੂਜੇ ਨੰਬਰ 'ਤੇ ਵੀ ਕਾਲ ਕੀਤੀ ਗਈ ਸੀ ਪਰ ਜਦੋਂ ਅਭੈ ਚੌਟਾਲਾ ਦੇ ਨਿੱਜੀ ਸਕੱਤਰ ਨੇ ਫੋਨ ਨਹੀਂ ਚੁੱਕਿਆ ਤਾਂ ਅਭੈ ਚੌਟਾਲਾ ਦੇ ਨਾਮ 'ਤੇ ਕਰਨ ਸਿੰਘ ਚੌਟਾਲਾ ਦੇ ਮੋਬਾਈਲ 'ਤੇ ਵੌਇਸ ਮੈਸੇਜ ਭੇਜਿਆ ਗਿਆ ਅਤੇ ਧਮਕੀ ਦਿੱਤੀ ਗਈ। ਵੌਇਸ ਮੈਸੇਜ ਰਾਹੀਂ ਮਿਲੀ ਧਮਕੀ ਵਿੱਚ ਕਿਹਾ ਗਿਆ ਹੈ ਕਿ ਸਾਡੇ ਕੰਮ ਵਿੱਚ ਰੁਕਾਵਟ ਨਾ ਪਾਓ ਨਹੀਂ ਤਾਂ ਪ੍ਰਧਾਨ ਕੋਲ ਭੇਜ ਦੇਵਾਂਗੇ। ਇਸ ਧਮਕੀ ਤੋਂ ਬਾਅਦ ਕਰਨ ਚੌਟਾਲਾ ਵੱਲੋਂ ਚੰਡੀਗੜ੍ਹ ਸੈਕਟਰ 3 ਪੁਲਿਸ ਸਟੇਸ਼ਨ ਵਿੱਚ ਸ਼ਿਕਾਇਤ ਦਰਜ ਕਰਵਾਈ ਗਈ ਸੀ। ਪੁਲਿਸ ਫਿਲਹਾਲ ਮਾਮਲੇ ਦੀ ਜਾਂਚ ਕਰ ਰਹੀ ਹੈ।
ਅਭੈ ਚੌਟਾਲਾ ਚੰਡੀਗੜ੍ਹ ਤੋਂ ਰੋਹਤਕ ਵਿੱਚ ਇੱਕ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਲਈ ਪਹੁੰਚ ਰਹੇ ਹਨ। ਇਸ ਤੋਂ ਬਾਅਦ ਉਹ ਸਿਰਸਾ ਲਈ ਰਵਾਨਾ ਹੋਣਗੇ।
- PTC NEWS