Women Day 2026 : ਗੁਰਦੀਪ ਕੌਰ ਬਣੀ ਮਹਿਲਾ ਸਸ਼ਕਤੀਕਰਨ ਦੀ ਮਿਸਾਲ, 'ਡਰੋਨ ਦੀਦੀ' ਬਣ ਕੇ ਕਿਸਾਨਾਂ ਨੂੰ ਦੇ ਰਹੀ ਆਧੁਨਿਕ ਖੇਤੀ ਦੀ ਸੇਵਾ
PM Drone Didi Yojna : ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਮੌਕੇ ‘ਤੇ ਔਰਤਾਂ ਦੇ ਸਸ਼ਕਤੀਕਰਨ ਦੀ ਇੱਕ ਪ੍ਰੇਰਣਾਦਾਇਕ ਮਿਸਾਲ ਸ੍ਰੀ ਅਨੰਦਪੁਰ ਸਾਹਿਬ ਦੇ ਨਾਲ ਲੱਗਦੇ ਪਿੰਡ ਗੰਭੀਰਪੁਰ ਵਿੱਚ ਵੇਖਣ ਨੂੰ ਮਿਲ ਰਹੀ ਹੈ। ਇੱਥੇ ਦੀ ਰਹਿਣ ਵਾਲੀ ਗੁਰਦੀਪ ਕੌਰ ਕੇਂਦਰ ਸਰਕਾਰ ਦੀ 'ਪ੍ਰਧਾਨ ਮੰਤਰੀ ਡਰੋਨ ਦੀਦੀ ਯੋਜਨਾ 2024' ਦੇ ਤਹਿਤ ਡਰੋਨ ਪਾਇਲਟ ਬਣ ਕੇ ਨਾ ਸਿਰਫ ਆਪਣੇ ਪਰਿਵਾਰ ਲਈ ਰੋਜ਼ਗਾਰ ਦਾ ਸਰੋਤ ਬਣੀ ਹੈ, ਸਗੋਂ ਖੇਤੀ ਵਿੱਚ ਆਧੁਨਿਕ ਤਕਨੀਕ ਲਿਆਉਣ ਵਿੱਚ ਵੀ ਮਹੱਤਵਪੂਰਨ ਭੂਮਿਕਾ ਨਿਭਾ ਰਹੀ ਹੈ।
ਗੁਰਦੀਪ ਕੌਰ ਨੂੰ ਇਫਕੋ ਕੰਪਨੀ ਵੱਲੋਂ ਡਰੋਨ ਚਲਾਉਣ ਦੀ ਵਿਸ਼ੇਸ਼ ਟ੍ਰੇਨਿੰਗ ਦਿੱਤੀ ਗਈ ਹੈ। ਇਸ ਟ੍ਰੇਨਿੰਗ ਦੇ ਬਾਅਦ ਉਸਨੂੰ ਡਰੋਨ ਉਡਾਉਣ ਦਾ ਸਰਟੀਫਿਕੇਟ ਵੀ ਦਿੱਤਾ ਗਿਆ ਹੈ। ਕੰਪਨੀ ਵੱਲੋਂ ਉਸਨੂੰ ਲਗਭਗ 10 ਲੱਖ ਰੁਪਏ ਦਾ ਡਰੋਨ ਅਤੇ ਲਗਭਗ 5 ਲੱਖ ਰੁਪਏ ਦੀ ਇੱਕ ਥਰੀ-ਵੀਲਰ ਗੱਡੀ ਵੀ ਮੁਹੱਈਆ ਕਰਵਾਈ ਗਈ ਹੈ, ਜਿਸ ਨਾਲ ਉਹ ਡਰੋਨ ਅਤੇ ਇਸ ਦੀਆਂ ਸਹੂਲਤਾਂ ਨੂੰ ਇੱਕ ਪਿੰਡ ਤੋਂ ਦੂਜੇ ਪਿੰਡ ਤੱਕ ਆਸਾਨੀ ਨਾਲ ਲੈ ਜਾ ਸਕਦੀ ਹੈ।
ਗੁਰਦੀਪ ਕੌਰ ਹੁਣ ਵੱਖ-ਵੱਖ ਪਿੰਡਾਂ ਵਿੱਚ ਜਾ ਕੇ ਕਿਸਾਨਾਂ ਦੇ ਖੇਤਾਂ ਵਿੱਚ ਡਰੋਨ ਰਾਹੀਂ ਕੀਟਨਾਸ਼ਕ ਦਵਾਈਆਂ ਅਤੇ ਖਾਦਾਂ ਦਾ ਛਿੜਕਾਅ ਕਰ ਰਹੀ ਹੈ। ਡਰੋਨ ਦੀ ਮਦਦ ਨਾਲ ਘੱਟ ਸਮੇਂ ਵਿੱਚ ਅਤੇ ਘੱਟ ਖਰਚੇ ਵਿੱਚ ਖੇਤਾਂ ਦੀ ਸੰਭਾਲ ਕਰਨਾ ਸੰਭਵ ਹੋ ਜਾਂਦਾ ਹੈ। ਇਸ ਨਾਲ ਕਿਸਾਨਾਂ ਨੂੰ ਮਜ਼ਦੂਰੀ ਦੀ ਕਮੀ ਅਤੇ ਵਧਦੇ ਖਰਚੇ ਤੋਂ ਵੀ ਰਾਹਤ ਮਿਲ ਰਹੀ ਹੈ।
ਗੁਰਦੀਪ ਕੌਰ ਦਾ ਕਹਿਣਾ ਹੈ ਕਿ ਡਰੋਨ ਪਾਇਲਟ ਬਣਨਾ ਉਸ ਲਈ ਮਾਣ ਵਾਲੀ ਗੱਲ ਹੈ। ਇਸ ਟ੍ਰੇਨਿੰਗ ਨਾਲ ਉਸਨੂੰ ਨਵੀਂ ਤਕਨੀਕ ਸਿੱਖਣ ਦਾ ਮੌਕਾ ਮਿਲਿਆ ਹੈ ਅਤੇ ਉਹ ਹੁਣ ਆਪਣੇ ਪਿੰਡ ਅਤੇ ਇਲਾਕੇ ਦੇ ਕਿਸਾਨਾਂ ਦੀ ਮਦਦ ਕਰ ਰਹੀ ਹੈ। ਉਸਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਆਧੁਨਿਕ ਖੇਤੀ ਤਕਨੀਕਾਂ ਨੂੰ ਅਪਣਾਉਣ ਅਤੇ ਡਰੋਨ ਦੀ ਮਦਦ ਨਾਲ ਆਪਣੀ ਫਸਲ ਦੀ ਪੈਦਾਵਾਰ ਵਧਾਉਣ।
ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਮੌਕੇ ‘ਤੇ ਗੁਰਦੀਪ ਕੌਰ ਵਰਗੀਆਂ ਔਰਤਾਂ ਇਹ ਸਾਬਤ ਕਰ ਰਹੀਆਂ ਹਨ ਕਿ ਜੇ ਮੌਕੇ ਮਿਲਣ ਤਾਂ ਪਿੰਡਾਂ ਦੀਆਂ ਔਰਤਾਂ ਵੀ ਨਵੀਂ ਤਕਨੀਕ ਨੂੰ ਅਪਣਾ ਕੇ ਨਾ ਸਿਰਫ ਆਪਣੇ ਪੈਰਾਂ ‘ਤੇ ਖੜੀਆਂ ਹੋ ਸਕਦੀਆਂ ਹਨ, ਸਗੋਂ ਸਮਾਜ ਅਤੇ ਖੇਤੀਬਾੜੀ ਦੇ ਵਿਕਾਸ ਵਿੱਚ ਵੀ ਮਹੱਤਵਪੂਰਨ ਯੋਗਦਾਨ ਪਾ ਸਕਦੀਆਂ ਹਨ।
- PTC NEWS