ਤੋਸ਼ਾਖ਼ਾਨਾ ਮਾਮਲਾ: ਇਸਲਾਮਾਬਾਦ ਹਾਈਕੋਰਟ ਨੇ ਸਾਬਕਾ ਪਾਕਿਸਤਾਨੀ ਪੀ.ਐੱਮ ਇਮਰਾਨ ਖ਼ਾਨ ਦੀ ਸਜ਼ਾ 'ਤੇ ਲਗਾਈ ਰੋਕ
ਇਸਲਾਮਾਬਾਦ: ਪਾਕਿਸਤਾਨ ਦੀ ਰਾਜਧਾਨੀ ਇਸਲਾਮਾਬਾਦ ਦੀ ਹਾਈ ਕੋਰਟ ਨੇ ਤੋਸ਼ਾਖਾਨਾ ਮਾਮਲੇ 'ਚ ਇਮਰਾਨ ਖ਼ਾਨ ਨੂੰ ਵੱਡੀ ਰਾਹਤ ਦਿੱਤੀ ਹੈ। ਹਾਈ ਕੋਰਟ ਨੇ ਇਮਰਾਨ ਖ਼ਾਨ ਦੀ ਸਜ਼ਾ 'ਤੇ ਰੋਕ ਲਗਾ ਦਿੱਤੀ ਹੈ। ਹਾਈਕੋਰਟ ਦੇ 2 ਮੈਂਬਰੀ ਬੈਂਚ ਨੇ ਇਮਰਾਨ ਖ਼ਾਨ ਨੂੰ ਤੁਰੰਤ ਰਿਹਾਅ ਕਰਨ ਦਾ ਹੁਕਮ ਦਿੱਤਾ ਹੈ। ਇਮਰਾਨ ਖ਼ਾਨ ਨੂੰ 5 ਅਗਸਤ ਨੂੰ ਗ੍ਰਿਫ਼ਤਾਰ ਕਰਕੇ ਅਟਕ ਜੇਲ 'ਚ ਰੱਖਿਆ ਗਿਆ ਸੀ। ਇਮਰਾਨ ਖ਼ਾਨ ਨੂੰ ਇਸ ਤੋਂ ਪਹਿਲਾਂ ਤੋਸ਼ਾਖਾਨਾ ਮਾਮਲੇ 'ਚ 3 ਸਾਲ ਦੀ ਸਜ਼ਾ ਸੁਣਾਈ ਗਈ ਸੀ।
ਇਸਲਾਮਾਬਾਦ ਹਾਈਕੋਰਟ ਨੇ ਕਿਹਾ ਕਿ ਉਹ ਇਮਰਾਨ ਖ਼ਾਨ ਮਾਮਲੇ 'ਚ ਬਾਅਦ ਵਿੱਚ ਵਿਸਥਾਰਿਤ ਫ਼ੈਂਸਲਾ ਜਾਰੀ ਕਰੇਗੀ। ਇਸਲਾਮਾਬਾਦ ਹਾਈਕੋਰਟ ਦਾ ਫੈਸਲਾ ਇਮਰਾਨ ਖ਼ਾਨ ਲਈ ਵੱਡੀ ਕਾਨੂੰਨੀ ਜਿੱਤ ਹੈ। ਤੋਸ਼ਾਖਾਨਾ ਮਾਮਲੇ ਵਿੱਚ ਦੋਸ਼ੀ ਪਾਏ ਜਾਣ ਤੋਂ ਬਾਅਦ ਇਮਰਾਨ ਖ਼ਾਨ ਨੂੰ ਚੋਣ ਲੜਨ ਤੋਂ ਵੀ ਰੋਕ ਦਿੱਤਾ ਗਿਆ ਸੀ। ਪਾਕਿਸਤਾਨ ਵਿੱਚ ਇਸ ਸਾਲ ਦੇ ਅੰਤ ਜਾਂ ਅਗਲੇ ਸਾਲ ਦੇ ਸ਼ੁਰੂ ਵਿੱਚ ਆਮ ਚੋਣਾਂ ਹੋਣ ਜਾ ਰਹੀਆਂ ਹਨ। ਫੌਜ ਇਮਰਾਨ ਖ਼ਾਨ ਨੂੰ ਇਸ ਚੋਣ ਪ੍ਰਕਿਰਿਆ ਤੋਂ ਕਿਸੇ ਤਰ੍ਹਾਂ ਬਾਹਰ ਰੱਖਣ ਦੀ ਕੋਸ਼ਿਸ਼ ਕਰ ਰਹੀ ਹੈ ਪਰ ਇਮਰਾਨ ਖ਼ਾਨ ਇੱਕ ਵਾਰ ਫ਼ਿਰ ਮਜ਼ਬੂਤ ਸਾਬਤ ਹੋਏ ਹਨ। ਇਸ ਤੋਂ ਪਹਿਲਾਂ ਅਮਰੀਕਾ ਨੇ ਵੀ ਇਮਰਾਨ ਖ਼ਾਨ ਦੇ ਹੱਕ ਵਿੱਚ ਆਵਾਜ਼ ਉਠਾਈ ਸੀ।
ਕੀ ਹੈ ਤੋਸ਼ਾਖ਼ਾਨਾ ਮਾਮਲਾ:
ਕ੍ਰਿਕਟਰ ਤੋਂ ਸਿਆਸਤਦਾਨ ਬਣੇ ਇਮਰਾਨ ਖ਼ਾਨ 2018 ਵਿੱਚ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਬਣੇ ਸਨ। ਅਰਬ ਦੇਸ਼ਾਂ ਦੇ ਦੌਰਿਆਂ ਦੌਰਾਨ ਉਨ੍ਹਾਂ ਨੂੰ ਉੱਥੋਂ ਦੇ ਸ਼ਾਸਕਾਂ ਤੋਂ ਮਹਿੰਗੇ ਤੋਹਫ਼ੇ ਮਿਲੇ। ਜਿਸ ਨੂੰ ਇਮਰਾਨ ਖ਼ਾਨ ਨੇ ਤੋਸ਼ਾਖਾਨੇ 'ਚ ਜਮ੍ਹਾ ਕਰਵਾਇਆ ਸੀ। ਪਰ ਬਾਅਦ ਵਿੱਚ ਇਮਰਾਨ ਖ਼ਾਨ ਨੇ ਇਨ੍ਹਾਂ ਨੂੰ ਤੋਸ਼ਾਖਾਨੇ ਤੋਂ ਸਸਤੇ ਭਾਅ 'ਤੇ ਖਰੀਦਿਆ ਅਤੇ ਭਾਰੀ ਮੁਨਾਫੇ 'ਤੇ ਵੇਚ ਦਿੱਤਾ। ਤੋਹਫ਼ਿਆਂ ਨੂੰ ਗ਼ੈਰ-ਕਾਨੂੰਨੀ ਤੌਰ 'ਤੇ ਵੇਚਣ ਦਾ ਦੋਸ਼ੀ ਮੰਨਣ ਤੋਂ ਬਾਅਦ ਉਨ੍ਹਾਂ ਨੂੰ ਸਜ਼ਾ ਸੁਣਾਈ ਗਈ।
ਇਹ ਵੀ ਪੜ੍ਹੋ: ਪਾਕਿਸਤਾਨ 'ਚ ਪ੍ਰਧਾਨ ਮੰਤਰੀਆਂ ਦਾ ਹੁੰਦਾ ਦੁਖੱਦ ਅੰਤ! ਇੱਕ ਨੂੰ ਫਾਂਸੀ ਤੇ ਇੱਕ ਦਾ ਹੋ ਚੁੱਕਿਆ ਕਤਲ
- PTC NEWS