Jagraon News : ਸਹੁਰਿਆਂ ਵੱਲੋਂ ਮੰਦਾ ਬੋਲਣ 'ਤੇ ਨੌਜਵਾਨ ਨੇ ਸਲਫਾਸ ਖਾ ਕੇ ਕੀਤੀ ਜੀਵਨਲੀਲ੍ਹਾ ਸਮਾਪਤ, ਮਰਨ ਤੋਂ ਪਹਿਲਾਂ ਬਣਾਈ ਵੀਡੀਓ
Jagraon News : ਜਗਰਾਓਂ ਨੇੜੇ ਪਿੰਡ ਪੋਨੇ ਦੇ ਕੋਠੇ ਦੇ ਰਹਿਣ ਵਾਲੇ ਤੇ ਇੰਗਲੈਂਡ ਤੋਂ ਆਏ 24 ਸਾਲ ਦੇ ਅਮਨਿੰਦਰ ਸਿੰਘ ਨੇ ਬੀਤੇ ਕਲ ਆਪਣੇ ਸਹੁਰਿਆਂ ਦੇ ਘਰ ਜਾ ਕੇ ਖੁਦਕੁਸ਼ੀ ਕਰਨ ਲਈ ਸਲਫਾਸ ਖਾ ਲਈ ਤੇ ਆਪਣੀ ਮੌਤ ਲਈ ਆਪਣੀ ਸੱਸ-ਸਹੁਰੇ ਨੂੰ ਜਿੰਮੇਵਾਰ ਦੱਸਦਿਆਂ ਇਕ ਵੀਡਿਓ ਵੀ ਵਾਇਰਲ ਕਰ ਦਿੱਤੀ। ਸਹੁਰਿਆਂ ਨੇ ਫੌਰਨ ਅਮਨਿੰਦਰ ਸਿੰਘ ਨੂੰ ਇਲਾਜ ਲਈ ਜਗਰਾਓਂ ਦੇ ਹਸਪਤਾਲ ਦਾਖਲ ਕਰਵਾਇਆ, ਪਰ ਉਸਦੀ ਮੌਤ ਹੋ ਗਈ। ਫਿਲਹਾਲ ਪੁਲਿਸ ਨੇ ਮ੍ਰਿਤਕ ਦੀ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਲਾਸ਼ ਵਾਰਿਸਾਂ ਦੇ ਹਵਾਲੇ ਕਰ ਦਿੱਤੀ ਹੈ ਤੇ ਮ੍ਰਿਤਕ ਦੇ ਸੱਸ ਸਹੁਰੇ ਖਿਲਾਫ ਮਾਮਲਾ ਵੀ ਦਰਜ ਕਰ ਲਿਆ ਹੈ।
ਅਮਨਿੰਦਰ ਸਿੰਘ ਤੇ ਅਮਨਦੀਪ ਕੌਰ ਦਾ ਹੋਇਆ ਸੀ ਪ੍ਰੇਮ ਵਿਆਹ
ਜਗਰਾਉਂ ਨੇੜੇ ਪਿੰਡ ਕੋਠੇ ਪੋਨਾ ਦੇ 24 ਸਾਲਾ ਨੌਜਵਾਨ ਅਮਨਿੰਦਰ ਸਿੰਘ ਨੇ ਸਹੁਰਿਆਂ ਤੋਂ ਤੰਗ ਆ ਕੇ ਜੀਵਨਲੀਲ੍ਹਾ ਸਮਾਪਤ ਕਰ ਲਈ। ਮ੍ਰਿਤਕ ਅਮਨਿੰਦਰ ਸਿੰਘ ਦੇ ਪਿਤਾ ਪਰਮਿੰਦਰ ਸਿੰਘ ਨੇ ਪੁਲਿਸ ਨੂੰ ਦਿੱਤੇ ਬਿਆਨਾਂ 'ਚ ਕਿਹਾ ਕਿ ਉਸਦਾ ਇਕਲੌਤਾ 23 ਸਾਲਾ ਮੁੰਡਾ ਅਮਨਿੰਦਰ ਸਿੰਘ ਅਗਸਤ 2023 'ਚ 2 ਕਰਕੇ ਸਟੱਡੀ ਬੇਸ 'ਤੇ ਇੰਗਲੈਂਡ ਚਲਾ ਗਿਆ ਸੀ ਤੇ ਇਸੇ ਦੌਰਾਨ ਹੀ ਉਸਦੇ ਮੁੰਡੇ ਦੇ ਭਾਰਤ ਰਹਿੰਦੀ ਅਮਨਦੀਪ ਕੌਰ ਪੁੱਤਰੀ ਜਗਤਾਰ ਸਿੰਘ ਵਾਸੀ ਰਸੂਲਪੁਰ ਨਾਲ ਪ੍ਰੇਮ ਸੰਬੰਧ ਬਣ ਗਏ ਸਨ। ਇਨ੍ਹਾਂ ਪ੍ਰੇਮ ਸਬੰਧਾਂ ਨੂੰ ਵਿਆਹ ਬੰਧਨ 'ਚ ਬਦਲਦਿਆਂ ਅਮਨਿੰਦਰ ਸਿੰਘ ਨੇ ਯੂ.ਕੇ. ਤੋਂ ਆ ਕੇ ਜੁਲਾਈ 2024 'ਚ ਅਮਨਦੀਪ ਕੌਰ ਨਾਲ ਪ੍ਰੇਮ ਵਿਆਹ ਕਰਵਾ ਲਿਆ ਸੀ ਤੇ ਉਸਦਾ ਮੁੰਡਾ ਵਿਆਹ ਤੋਂ ਕਰੀਬ 15 ਦਿਨ ਬਾਅਦ ਹੀ ਯੂ.ਕੇ. ਵਾਪਿਸ ਚਲਾ ਗਿਆ।
ਪਤਨੀ ਨੂੰ ਸਹੁਰੇ ਘਰੋਂ ਲੈਣ ਗਿਆ ਸੀ ਅਮਨਿੰਦਰ ਸਿੰਘ
ਮ੍ਰਿਤਕ ਦੇ ਪਿਤਾ ਪਰਮਿੰਦਰ ਸਿੰਘ ਅਨੁਸਾਰ ਹੁਣ ਉਨ੍ਹਾਂ ਦਾ ਮੁੰਡਾ ਆਪਣੇ ਪਰਿਵਾਰ ਨੂੰ ਮਿਲਣ ਭਾਰਤ ਹੋਇਆ ਸੀ। ਲੰਘੀ 27 ਮਈ ਨੂੰ ਜਦੋਂ ਅਮਨਿੰਦਰ ਆਪਣੀ ਪਤਨੀ, ਜੋ ਇੱਕ ਦਿਨ ਪਹਿਲਾਂ ਸਹੁਰੇ ਘਰ ਗਈ ਸੀ, ਨੂੰ ਸਹੁਰੇ ਘਰ ਤੋਂ ਲੈਣ ਗਿਆ ਤਾਂ ਉਸਦੇ ਸਹੁਰੇ ਜਗਤਾਰ ਸਿੰਘ, ਸੱਸ ਲਖਵੀਰ ਕੌਰ ਨੇ ਉਸਦੇ ਪੁੱਤਰ ਨੂੰ ਬੁਰਾ ਭਲਾ ਬੋਲਿਆ, ਜਿਸ ਕਾਰਨ ਅਮਨਿੰਦਰ ਸਹੁਰੇ ਪਰਿਵਾਰ ਵਲੋਂ ਕੀਤੀ ਬੇਇੱਜਤੀ ਬਰਦਾਸ਼ਤ ਨਾ ਕਰ ਸਕਿਆ ਤੇ ਉਸਨੇ ਸਲਫਾਸ ਖਾਹ ਕੇ ਜ਼ਿੰਦਗੀ ਖਤਮ ਕਰ ਲਈ।
ਪ੍ਰੇਮ ਵਿਆਹ ਤੋਂ ਨਾਖੁਸ਼ ਸੀ ਸਹੁਰਾ ਪਰਿਵਾਰ ?
ਪੀੜ੍ਹਤ ਪਰਿਵਾਰ ਅਨੁਸਾਰ ਅਮਨਿੰਦਰ ਸਿੰਘ ਦੇ ਸੱਸ ਸਹੁਰੇ ਇਸ ਪ੍ਰੇਮ ਵਿਆਹ ਤੋਂ ਨਾਖੁਸ਼ ਸਨ ਤੇ ਉਨ੍ਹਾਂ ਦੇ ਪੁੱਤਰ ਨੂੰ ਬਹੁਤ ਹੀ ਪ੍ਰੇਸ਼ਾਨ ਕਰਦੇ ਸਨ। ਮ੍ਰਿਤਕ ਨੇ ਖੁਦਕੁਸ਼ੀ ਤੋਂ ਪਹਿਲਾਂ ਵੀਡੀਓ ਰਾਹੀਂ ਆਪਣੀ ਭੂਆ ਨੂੰ ਮੌਤ ਬਾਰੇ ਅਗਾਂਹ ਸੁਚਿਤ ਵੀ ਕਰ ਦਿਤਾ ਗਿਆ ਸੀ, ਜਿਉ ਹੀ ਅਮਨਿੰਦਰ ਦੀ ਮੌਤ ਦੀ ਖ਼ਬਰ ਆਈ ਘਰ ਵਿਚ ਸੋਗ ਪਸਰ ਗਿਆ। ਮ੍ਰਿਤਕ ਦੀ ਮਾਂ ਤੇ ਰਿਸ਼ਤੇਦਾਰਾਂ ਦਾ ਵਿਰਲਾਪ ਦੇਖਿਆ ਨਹੀ ਸੀ ਜਾਂਦਾ। ਪਿੰਡ ਕੋਠੇ ਪੋਨਾ ਦੇ ਸਰਪੰਚ ਗੁਰਤੇਜ ਸਿੰਘ ਦਾ ਕਹਿਣਾ ਹੈ ਕਿ ਸਹੁਰੇ ਪਰਿਵਾਰ ਦੀ ਗਲਤੀ ਨੇ ਹਸਦਾ ਵਸਦਾ ਪਰਿਵਾਰ ਉਜਾੜ ਕੇ ਰੱਖ ਦਿੱਤਾ ਹੈ।
ਸੱਸ-ਸਹੁਰੇ ਖਿਲਾਫ ਕੇਸ ਦਰਜ
ਮੌਕੇ 'ਤੇ ਮੌਜੂਦ ਥਾਣਾ ਸਦਰ ਦੇ ਇੰਚਾਰਜ ਸੁਰਜੀਤ ਸਿੰਘ ਨੇ ਦੱਸਿਆ ਕਿ ਦੇਰ ਰਾਤ ਉਨ੍ਹਾਂ ਦੇ ਧਿਆਨ 'ਚ ਇਹ ਮਾਮਲਾ ਆਇਆ ਤਾਂ ਉਨ੍ਹਾਂ ਫੌਰੀ ਐਕਸ਼ਨ ਲੈਂਦਿਆਂ ਲਾਸ਼ ਨੂੰ ਕਬਜੇ 'ਚ ਲੈ ਕੇ ਕਾਰਵਾਈ ਅਰੰਭ ਦਿੱਤੀ ਸੀ। ਉਨ੍ਹਾਂ ਦੱਸਿਆ ਕਿ ਮ੍ਰਿਤਕ ਦੇ ਪਿਤਾ ਦੇ ਬਿਆਨਾਂ ਦੇ ਅਧਾਰਿਤ ਕਾਰਵਾਈ ਕਰਕੇ ਅਮਨਿੰਦਰ ਸਿੰਘ ਦੇ ਸੱਸ-ਸਹੁਰਾ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ ਤੇ ਕਥਿਤ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਪੁੱਛਗਿੱਛ ਜ਼ਾਰੀ ਹੈ।
- PTC NEWS